
ਨਜ਼ਮ
ਮੇਰਿਆਂ ਹੱਥਾਂ ‘ਚ ਤੇਸਾ
ਮੇਰੀਆਂ ਬਾਹਾਂ ‘ਚ ਬਿਜਲੀ
ਮੇਰੀਆਂ ਅੱਖਾਂ ‘ਚ ਸੁਪਨੇ
ਮੇਰਿਆਂ ਕਦਮਾਂ ‘ਚ ਤੇਜ਼ੀ
ਜਨਮ ਤੋਂ ਹੀ ਮੈਂ ਰਿਹਾ ਫ਼ਰਹਾਦ ਹਾਂ।
................
ਸਾਹਮਣੇ ਮੇਰੇ ਹੈ ਪਰਬਤ
ਚਿੱਟੇ ਝਾਟੇ ਵਾਲ਼ੀਆਂ ਕਿੰਨੀਆਂ ਹੀ ਸਦੀਆਂ
ਸਾਥ ਜਿਸਦਾ ਛੱਡ ਮੋਈਆਂ
ਅੱਜ ਵੀ ਡਟਿਆ ਹੈ ਓਵੇਂ।
................
ਕਿੰਨੇ ਹੀ ਵੱਡੇ ਵਡੇਰੇ
ਅੱਜ ਮੈਂ ਜਿਹਨਾਂ ਦਾ ਵਾਰਿਸ
ਏਹੋ ਤੇਸਾ ਹੱਥ ਲੈ ਕੇ
ਕੱਟਦੇ ਪਰਬਤ ਰਹੇ ਹਨ
ਪਰ ਇਹ ਪਰਬਤ
ਜਿਸਦਾ ਹਰ ਇੱਕ ਅੰਗ ਚੱਟਾਨ ਦਾ ਬਣਿਆ
ਅੱਜ ਵੀ ਓਵੇਂ ਹੈ ਤਣਿਆ।
......................
ਤੇਸਾ ਟਕਰਾਉਂਦਾ ਰਿਹਾ ਹੈ
ਲਾ ਲਾ ਕੇ ਜ਼ਰਬਾਂ ਕਾਰੀਆਂ
ਟੁੱਟੀਆਂ ਚੱਟਾਨਾਂ
ਫੁੱਟੀਆਂ ਕਿੰਨੀਆਂ ਚਿੰਗਾਰੀਆਂ।
ਕਿੰਨੇ ਸੂਰਜ ਅਸਤ ਹੋਏ
ਕਿੰਨੇ ਉੱਗੇ ਪਹੁ-ਫੁਟਾਲੇ
ਨ੍ਹੇਰ-ਨਾਗਾਂ ਨੇ ਬੁਝਾਏ
ਮਿਹਨਤਾਂ ਦੇ ਦੀਪ ਬਾਲ਼ੇ।
.................
ਸਾਹਮਣੇ ਮੇਰੇ ਹੈ ਪਰਬਤ
ਜਿਸਦਾ ਹਰ ਇਕ ਅੰਗ ਚੱਟਾਨਾਂ ਦਾ ਬਣਿਆ
ਮੇਰੇ ਵੀ ਲੰਬੇ ਨੇ ਜੇਰੇ
ਫ਼ਖ਼ਰ ਹੈ ਮੈਨੂੰ ਮੈਂ ਫ਼ਰਹਾਦ ਦਾ ਵਾਰਿਸ
ਅੱਜ ਦਾ ਫ਼ਰਹਾਦ ਹਾਂ।
......................
ਪਿਆਰ ਜਿਸ ਸ਼ੀਰੀ ਦਾ ਰਚਿਆ
ਅੱਜ ਹੈ ਲੂੰ ਲੂੰ ‘ਚ ਮੇਰੇ
ਮੁਸਕਣੀ ਉਸਦੀ ਦੇ ਸਾਹਵੇਂ
ਉੱਡਣੇ ਸਦੀਆਂ ਦੇ ਨ੍ਹੇਰੇ।
...............
ਮੈਂ ਕਦੇ ਥੱਕਿਆ ਨਹੀਂ ਹਾਂ
ਮੈਂ ਕਦੇ ਥੱਕਣਾ ਨਹੀਂ ਹੈ
ਮੇਲ ਬਿਨ ਸ਼ੀਰੀਂ ਦੇ ਕਿਧਰੇ-
ਵੀ ਪੜਾ ਅਪਣਾ ਨਹੀਂ ਹੈ।
................
ਧੁਖ਼ ਰਹੀ ਹੈ ਲਗਨ ਦਿਲ ਵਿਚ
ਕੱਟਦਾ ਜਾਵਾਂ ਚੱਟਾਨਾਂ
ਦੂਧੀਆ ਨਹਿਰਾਂ ਵਗਾਵਾਂ
ਜਿਸਮ ਮੇਰੇ ਤੇ ਲੰਗਾਰਾਂ
ਮੇਰਿਆਂ ਹੱਥਾਂ ‘ਚ ਅੱਟਣ
ਮੇਰਿਆਂ ਪੈਰਾਂ ‘ਚ ਛਾਲੇ
ਫੇਰ ਵੀ ਪਰ-
ਮੇਰਿਆਂ ਹੱਥਾਂ ‘ਚ ਤੇਸਾ
ਮੇਰੀਆਂ ਬਾਹਾਂ ‘ਚ ਬਿਜਲੀ
ਮੇਰੀਆਂ ਅੱਖਾਂ ‘ਚ ਸੁਪਨੇ
ਮੇਰਿਆਂ ਕਦਮਾਂ ‘ਚ ਤੇਜ਼ੀ
ਜਨਮ ਤੋਂ ਹੀ ਮੈਂ ਰਿਹਾ ਫ਼ਰਹਾਦ ਹਾਂ!
1 comment:
Awesome Nazam by Ajaib Sa'ab...... Oh waaqayi farhaad ban ke jive hann...
Post a Comment