
ਗ਼ਜ਼ਲ
ਏਨੀ ਕੁ ਨਜ਼ਰ ਮਿਹਰ ਦੀ ਸਾਡੇ ਤੇ ਕਰੇ ਪੱਲਾ।
ਬਸ ਸੂਤ ਕੁ ਹਟ ਜਾਵੇ ਮੁਖੜੇ ਤੋਂ ਪਰੇ ਪੱਲਾ।
----
ਅੰਦਰ ਜੋ ਸੜੇ, ਤੱਤੀ ਹਵਾ ਨਾਲ਼ ਭਰੇ ਪੱਲਾ।
ਹਉਕਾ ਜੇ ਲਏ ਬਰਫ਼ ਤੋਂ ਠੰਡਾ ਤਾਂ ਠਰੇ ਪੱਲਾ।
----
ਉਹ ਜਿੰਦ ‘ਚ ਰਹਿ ਕੇ ਵੀ ਅਖੀਆਂ ਤੋਂ ਕਰੇ ਪੱਲਾ।
ਇਉਂ ਕੌਣ ਭਲਾ ਰੱਖਦਾ ਏ ਅਪਣੇ ਤੋਂ ਘਰੇ ਪੱਲਾ।
----
ਹੜ੍ਹ ਵਾਂਗ ਉਮਡਦੀ ਏ ਜਦ ਤੇਜ਼ ਨਜ਼ਰ ਮੇਰੀ,
ਮੂੰਹ ਤੀਕ ਭਰੇ ਖਾਲ਼ ਦੀ ਵਟ ਵਾਂਗ ਖਰੇ ਪੱਲਾ।
----
ਉਹ ਸੋਚ ਦੀ ਬੀਹੀ ‘ਚ ਨਿਕਲ਼ ਆਈ ਹੈ ਮੂੰਹ ਨੰਗੇ,
ਨਕ ਡੋਬ ਕੇ ਚਪਣੀ ‘ਚ ਕਿਤੇ ਡੁੱਬ ਮਰੇ ਪੱਲਾ।
----
ਇਹ ਹਾਲ ਵੀ ਹੋਣਾ ਸੀ ਇਸ ਤੇਰੇ ਸੁਹੱਪਣ ਦਾ,
ਮੈਥੋਂ ਨ ਸਰੇ ਤਕਣੀ, ਤੈਥੋਂ ਨ ਸਰੇ ਪੱਲਾ।
----
ਸ਼ਾਲਾ ਮੈਂ ਸਦਾ ਤੇਰੀਓ ਇਕ ਝਾਤ ਲਈ ਤਾਂਘਾਂ,
ਰੱਖੇ ਸਦਾ ਇਸ ਤਾਂਘ ਦੇ ਫ਼ੱਟਾਂ ਨੂੰ ਹਰੇ ਪੱਲਾ।
----
ਸੁਹਜਾਂ ਦਾ ਜਨਮਦਾਤਾ ਹਰ ਰੂਪ ਰਚਣ ਮਗਰੋਂ,
ਹਰ ਸੁਹਜ ਤੇ ਖ਼ਵਰੇ ਕਿਉਂ ਪੱਲੇ ਤੇ ਧਰੇ ਪੱਲਾ।
----
ਬੁਲ੍ਹੀਆਂ ‘ਚੋਂ ਜੇ ਫੁਟ ਨਿਕਲ਼ੇ ਗੋਰੀ ਦੀ ਰੁਕੀ ਹਾਸੀ,
ਲੂੰ ਲੂੰ ‘ਚੋਂ ਉਜਾਲੇ ਦੇ ਮੀਂਹ ਵਾਂਗ ਵਰ੍ਹੇ ਪੱਲਾ।
1 comment:
Bahut khoob!
Post a Comment