ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, August 31, 2009

ਜਸਵਿੰਦਰ ਮਹਿਰਮ - ਗ਼ਜ਼ਲ

ਗ਼ਜ਼ਲ

ਰਹਿਬਰਾਂ ਦਾ ਵਣਜ ਹੈ ਹੁਣ ਹਰ ਤਰ੍ਹਾਂ ਦੇ ਜ਼ਹਿਰ ਦਾ

ਤੜਫਦਾ ਮਿਲਦੈ ਤਦੇ ਹਰਖ਼ਸ ਮੇਰੇ ਸ਼ਹਿਰ ਦਾ

-----

ਚੋਰ - ਡਾਕੂ ਜਿਸ ਤਰਾਂ ਸਰਗਰਮ ਨੇ ਹੁਣ ਰਾਤ - ਦਿਨ ,

ਖ਼ੌਫ਼ ਨੇ ਲੋਕਾਂ ਦਾ ਲੁੱਟਿਆ ਚੈਨ ਅੱਠੇ ਪਹਿਰ ਦਾ

-----

ਆੜ ਲੈ ਕੇ ਧਰਮ ਦੀ ਨਾ ਖੇਡ ਖ਼ੂਨੀ ਹੋਲੀਆਂ ,

ਹਰ ਕਿਸੇ ਨੂੰ ਸੇਕ ਲੱਗਦੈ, ਬੇਵਜ੍ਹਾ ਇਸ ਕਹਿਰ ਦਾ

-----

ਤੂੰ ਸਮੁੰਦਰ ਦਾ ਨਜ਼ਾਰਾ ਦੇਖਣਾ ਤਾਂ ਦੇਖ , ਪਰ ,

ਨਾ ਕਿਨਾਰੇ ਕੋਲ ਜਾਵੀਂ, ਕੀ ਭਰੋਸਾ ਲਹਿਰ ਦਾ

-----

ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ ਆਪਣੀ ਔਕਾਤ ਦੀ ,

ਰੌਸ਼ਨੀ ਅੱਗੇ ਹਨੇਰਾ ਤਾਂ ਕਦੇ ਨਈਂ ਠਹਿਰਦਾ

-----

ਦੇਖ ਸੁੱਕੀ ਨਹਿਰ ਕਰਦੇ ਨੇ ਵਿਚਾਰਾਂ ਬਿਰਖ ਵੀ ,

ਇਸ ਤਰਾਂ ਪਹਿਲਾਂ ਕਦੇ ਰੁੱਸਿਆ ਨਈਂ ਪਾਣੀ ਨਹਿਰ ਦਾ

-----

ਕੀ ਗ਼ਜ਼ਲ ਦੇ ਐਬ ਦੇਖੂ, ਕੀ ਉਹ ਜਾਣੂ ਖ਼ੂਬੀਆਂ ?

ਜੋ ਨਿਯਮ ਹੀ ਜਾਣਦਾ ਨਈਂ ਰੁਕਨ ਦਾ ਜਾਂ ਬਹਿਰ ਦਾ

-----

ਜਾਣਦਾ ਹਾਂ ਤੂੰ ਬੜਾ ਮਸਰੂਫ਼ ਰਹਿਨੈਂ 'ਮਹਿਰਮਾ',

ਪਰ ਕਦੇ ਤਾਂ ਵਕਤ ਕੱਢ ਲੈ, ਕੁਝ ਦਿਨਾਂ ਦੀ ਠਹਿਰ ਦਾ

-----

ਬਹਿ ਨਾ 'ਮਹਿਰਮ' ਬੇਧਿਆਨਾ, ਸਾਂਭ ਗਠੜੀ ਆਪਣੀ ,

ਰਿਹੈ ਤੂਫ਼ਾਨ ਚੜ੍ਹ ਕੇ , ਹੈ ਇਸ਼ਾਰਾ ਗਹਿਰ ਦਾ

1 comment:

Dr. Sudha Om Dhingra said...

ਮਹਿਰਮ ਜੀ ਕਮਾਲ ਕਰ ਦਿਤਾ--
ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ ਆਪਣੀ ਔਕਾਤ ਦੀ ,
ਰੌਸ਼ਨੀ ਅੱਗੇ ਹਨੇਰਾ ਤਾਂ ਕਦੇ ਨਈਂ ਠਹਿਰਦਾ।