
ਸਾਹ ਬੀਤੇ ਸੱਜਣ ਗਏ, ਪਰਛਾਵੇਂ ਭਰਮੌਣ,
ਮੇਰੇ ਮਨ ਦੀਆਂ ਉਲ਼ਝਣਾਂ ਸੁਪਨੇ ਬਣ ਬਣ ਔਣ।
----
ਜੀਵਨ ਦੇ ਰੰਗਮੰਚ ਤੇ ਲੋਕ ਨਿਰੰਤਰ ਗੌਣ,
ਜਦੋਂ ਤੀਕ ਸਾਹ ਜਾਗਦੇ, ਦੇਹ ਨਾ ਸੁਪਨਾ ਸੌਣ।
----
ਬੜਾ ਤਨਾਅ ਹੈ ਇਸ ਘਰੇ, ਡਰ ਗ਼ੁੱਸਾ ਤਕਰਾਰ।
ਹਉਮੈਂ ਗ਼ਰਕ ਗੁਆ ਰਹੇ, ਜੀਵਨ ਦੇ ਦਿਨ ਚਾਰ।
----
ਮਨ ਤਣਿਆ, ਤਨ ਤੁਰ ਰਿਹਾ, ਖ਼ੁਸ਼ੀਓਂ ਖ਼ਾਲੀ ਜਾਮ,
ਰੋਜ਼ ਪਿਆਲੇ ਛਲਕਦੇ ਡੁੱਬ ਜਾਂਦੀ ਹੈ ਸ਼ਾਮ।
----
ਡਰਦਾ ਡਰਦਾ ਜੀ ਰਿਹਾ, ਇਹ ਘਰ ਟੁੱਟ ਨਾ ਜਾਏ,
ਜੀਵਨ ਦੇ ਪਲ ਕੀਮਤੀ ਦੁਬਿਧਾ ਵਿਚ ਗੁਆਏ।
----
ਨਾਂਹ ਕੀਤੀ ਮਹਿਬੂਬ ਨੂੰ, ਕੀਤਾ ਮਹਾਂ-ਫ਼ਰੇਬ,
ਨਰਕ ਹੰਢਾਇਆ ਉਮਰ ਭਰ, ਖ਼ੁਸ਼ੀਓਂ ਖ਼ਾਲੀ ਜੇਬ।
----
ਜਿਹੜੀ ਟਹਿਣੀ ਕਟ ਗਈ ਉਸਦਾ ਗ਼ਮ ਨਾ ਪਾਲ਼,
ਰਿਸਦਾ ਮੋਹ ਦਾ ਬੂਟੜਾ, ਉਸਦੀ ਕਰ ਸੰਭਾਲ਼।
----
ਵਸਲ ਆਨੰਦ ਬਹਿਸ਼ਤ ਲਈ ਸਦਾ ਸਮੇਂ ਦੀ ਥੋੜ੍ਹ,
ਗਲਵੱਕੜੀ ਦੀ ਕ਼ੈਦ ‘ਚੋਂ ਮੁਕਤੀ ਦੀ ਕੀ ਲੋੜ।
----
ਜੇ ਤੂੰ ਮਿੱਤਰ ਲੋਚਦੈਂ, ਮੈਂ ਤੋਂ ਗੱਲ ਨਾ ਤੋਰ,
ਨਹੀਂ ਤਾਂ ਮਿਲ਼ਣੀ ਮਰੇਗੀ ‘ਤੂੰ ਤੂੰ ਮੈਂ ਮੈਂ’ ਸ਼ੋਰ।
----
ਰਚਦਾ ਪ੍ਰੇਮ ਕਹਾਣੀਆਂ, ਅਮਲ ਓਸਦੇ ਹੋਰ,
ਰਾਂਝੇ ਨਾਲ਼ ਉਹ ਆਪਣੀ ਧੀ ਨਾ ਸਕਿਆ ਤੋਰ।
No comments:
Post a Comment