
ਮੈਂ ਰਾਤੀਂ ਨ੍ਹੇਰ ‘ਚੋਂ ਜੁਗਨੂੰ, ਸਿਤਾਰੇ, ਚੰਨ ਫੜਦਾ ਹਾਂ।
ਅਧੂਰੇ ਖ਼ਾਬ ਹਰ ਇਕ ਦਾ ਦਿਨੇ ਪਿੱਛਾ ਮੈਂ ਕਰਦਾ ਹਾਂ।
----
ਨਹੀਂ ਮੈਨੂੰ ਪਤਾ ਇਸ ਦਾ ਕਦੋਂ ਇਸ ਨੂੰ ਮੈਂ ਪਾਵਾਂਗਾ,
ਮਗਰ ਮੈਂ ਮੌਤ ਦੇ ਪਿੱਛੇ ਸਮੇਂ ਦੇ ਵਾਂਗ ਚਲਦਾ ਹਾਂ।
----
ਮੈਂ ਸੂਹੇ ਫੁੱਲ ਸਾੜੇ ਹੋਣਗੇ ਲਗਦੈ ਜਵਾਨੀ ਵਿਚ,
ਇਹੀ ਕਾਰਣ ਹੈ ਮਹਿਕਾਂ ਤੋਂ ਹਮੇਸ਼ਾਂ ਹੀ ਮੈਂ ਡਰਦਾ ਹਾਂ।
----
ਕਦੇ ਧੁੱਪਾਂ, ਕਦੇ ਛਾਵਾਂ, ਕਦੇ ਬਰਸਾਤ ਜਾਂ ਔੜਾਂ,
ਮੈਂ ਆਪਣੀ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਨਾਮ ਰੱਖਦਾ ਹਾਂ।
----
ਬਹਾਰਾਂ ਨੂੰ ਕਿਵੇਂ ਮਾਣਾਂ ਕਿਵੇਂ ਫੁੱਲ ਕੋਟ ‘ਤੇ ਟੰਗਾਂ,
ਨਿਭਾਉਂਦਾ ਯਾਰੀਆਂ ਜਦ ਮੈਂ ਖ਼ਿਜ਼ਾਵਾਂ ਨਾਲ਼ ਰਹਿੰਦਾ ਹਾਂ।
----
ਪਰਿੰਦੇ ਤਿਤਲੀਆਂ ਜੁਗਨੂੰ ਬਹਾਰਾਂ ਹਰ ਸਮੇਂ ਮਾਨਣ,
ਦੁਆਵਾਂ ਮੈਂ ਸਵੇਰੇ ਸ਼ਾਮ ਬਸ ਏਹੋ ਹੀ ਕਰਦਾ ਹਾਂ।
----
ਇਹ ਮੇਰਾ ਲਕਸ਼ ਹੈ ਕੋਈ ਨਵਾਂ ਕੌਤਕ ਨਹੀਂ ‘ਢਿੱਲੋਂ’,
ਕਦੇ ਮੈਂ ਪੌਣ ਨੂੰ ਫੜਦਾ ਹਾਂ ਕਦੇ ਖ਼ੁਸ਼ਬੂ ਨੂੰ ਫੜਦਾ ਹਾਂ।
No comments:
Post a Comment