ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, January 9, 2010

ਗੁਰਮੇਲ ਬਦੇਸ਼ਾ - ਗੀਤ

ਗੀਤ

ਅੱਧੀ ਰਾਤੀਂ ਪਤਾ ਨਹੀਂ ਕਿੱਥੋਂ ਚੱਲ ਕੇ ਆਇਆ ਇੱਕ ਵਿਚਾਰਾ ਹੰਝੂ

ਮੈਂ ਜ਼ਾਲਿਮ ਨੇ ਚੋਰੀ ਚੋਰੀ ਦੁਨੀਆ ਤੋਂ ਝੱਟ ਪਲਕਾਂ ਵਿੱਚ ਮਧੋਲ਼ ਦਿੱਤਾ।

ਜਾਗ ਜਾਗ ਕੇ ਲੰਘਾਈਆਂ ਵਸਲ ਦੀਆਂ ਰਾਤਾਂ ਦੀ ਅੱਜ ਗੱਲ ਕਰਕੇ

ਏਸ ਉਨੀਂਦੇ ਹੰਝੂ ਨੇ ਮੈਨੂੰ ਸੁੱਤੇ ਪਏ ਨੂੰ ਸੀ ਹਿਜਰਾਂ ਵਿੱਚ ਝੰਜੋੜ ਦਿੱਤਾ।

-----

ਸੀਨੇ ਵਿੱਚ ਛੁਪਾਏ ਦਰਦ ਦਾ ਰਾਜ਼ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ

ਹਉਕਿਆਂ ਦੀ ਭਾਫ਼ ਦਾ ਜਾਇਆ ਨੈਣਾਂ ਵਿੱਚ ਆ ਕੇ ਹੱਸਣਾ ਚਾਹੁੰਦਾ ਸੀ।

ਮੈਂ ਪੀੜਾਂ ਦੀ ਔਲਾਦ ਵਿਆਹ ਕੇ ਅੱਜ ਆਪਣੇ ਹੱਥੀਂ ਕ਼ਤਲ ਕਰਵਾ ਕੇ

ਅਪਣੇ ਦਰਦਾਂ ਦਾ ਖ਼ੂਨ ਬੇਦਰਦ ਨੇ ਆਪਣੀ ਰੱਤ ਵਿੱਚ ਹੀ ਘੋਲ਼ ਦਿੱਤਾ।

ਏਸ ਉਨੀਂਦੇ ਹੰਝੂ ਨੇ ਮੈਨੂੰ ਸੁੱਤੇ ਪਏ ਨੂੰ....

-----

ਮੈਂ ਕਈ ਵਾਰ ਕਿਹਾ ਸੀ ਇਹਨੂੰ , ਨਾ ਕਿਸੇ ਦੀ ਮੈਨੂੰ ਹੁਣ ਗੱਲ ਸੁਣਾਵੇ

ਪਰ ਹਰ ਵਾਰੀ ਪਤਾ ਨਹੀਂ ਕਿਧਰੋਂ ਇਹ ਯਾਦਾਂ ਦੇ ਭਰ ਪਰਾਗੇ ਲੈ ਆਵੇ।

ਮੈਂ ਬੁੱਲ੍ਹੀਂ ਹਾਸਿਆਂ ਨਾਲ਼ ਵੈਰ ਕਮਾ ਲੈਂਦਾ, ਜੇ ਹੰਝੂ ਇੱਕ ਬਚਾਅ ਲੈਂਦਾ

ਪਰ ਫਿਰ ਵੀ ਮੋਏ ਹੰਝੂ ਨੇ ਹਰ ਹਾਦਸਾ ਜ਼ਿੰਦਗੀ ਦਾ ਕਿੰਝ ਫਰੋਲ਼ ਦਿੱਤਾ।

ਏਸ ਉਨੀਂਦੇ ਹੰਝੂ ਨੇ ਮੈਨੂੰ ਸੁੱਤੇ ਪਏ ਨੂੰ....

-----

ਇਹ ਮੇਰੀਆਂ ਪਲਕਾਂ ਜਾਪਣ ਵਿਛੜ ਗਿਆਂ ਦੇ ਨਾਵੇਂ ਪੈਗਾਮੀ ਮਸ਼ਕਾਂ

ਮੈਂ ਬਹਿ 'ਕੱਲਾ ਰੋਵਾਂ ਜਦ ਕਦੇ ਵੀ ਪੈਣ ਨੈਣਾਂ ਦੇ ਵਿੱਚ ਹਿਜਰੀ ਚਸਕਾਂ।

ਹਉਕਿਆਂ ਦੇ ਨਾਲ਼ ਗੱਲ ਕਰਕੇ , ਆਪਣਾ ਆਪੇ ਮਸਲਾ ਹੱਲ ਕਰਕੇ

ਮੈਂ ਚਸਕਾਂ ਮੈਂ ਮਸ਼ਕਾਂ ਨੂੰ ਅੱਜ ਆਪੇ ਆਪਣੇ ਸੀਨੇ ਵਿੱਚ ਹੀ ਡੋਲ੍ਹ ਦਿੱਤਾ।

ਏਸ ਉਨੀਂਦੇ ਹੰਝੂ ਨੇ ਮੈਨੂੰ ਸੁੱਤੇ ਪਏ ਨੂੰ....

-----

ਰਾਜ਼ ਮੇਰੇ ਜੋ ਲੋਕਾਂ ਨੂੰ ਦੱਸੇ ਉਸਨੂੰ ਆਪਣਾ ਹੁਣ ਮੈਂ ਕਿੰਝ ਮੀਤ ਬਣਾਵਾਂ

ਜਿਸਦੇ ਪੱਲੇ ਸਿੜੀ ਸਿਆਪੇ ਦੱਸੋ ਜ਼ਿੰਦਗੀ ਦਾ ਕੀ ਉਸਨੂੰ ਗੀਤ ਸੁਣਾਵਾਂ

ਮੇਰੇ ਸਬਰ ਦਾ ਠੂਠਾ ਠੁਕਰਾਅ ਕੇ , ਅੱਜ ਅਚਨਚੇਤ ਨੈਣਾਂ ਵਿੱਚ ਆ ਕੇ

ਗੁਰਮੇਲ ਦੀ ਜ਼ਿੰਦਗੀ ਦਾ 'ਕੱਲਾ 'ਕੱਲਾ ਅੱਲਾ ਜ਼ਖ਼ਮ ਫਰੋਲ਼ ਦਿੱਤਾ...

ਏਸ ਉਨੀਂਦੇ ਹੰਝੂ ਨੇ ਮੈਨੂੰ ਸੁੱਤੇ ਪਏ ਨੂੰ....

1 comment:

Davinder Punia said...

kinna bhavuk geet hai, dard bhijje lafz bahut asar kar gae... Gurmel vir ji tuhada vyang vi tikkha hunda hai ate dard vi..... ih kamaal vi kise virle de hi hisse aonda hai.