ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, January 9, 2010

ਸੰਤੋਖ ਧਾਲੀਵਾਲ - ਨਜ਼ਮ

ਦੋਸਤੋ! ਯੂ.ਕੇ ਵਸਦੇ ਲੇਖਕ ਸਤਿਕਾਰਤ ਸੰਤੋਖ ਧਾਲੀਵਾਲ ਸਾਹਿਬ ਦੀਆਂ ਨਜ਼ਮਾਂ ਜਦੋਂ ਵੀ ਮੈਂ ਆਰਸੀ ਚ ਸ਼ਾਮਲ ਕੀਤੀਆਂ ਨੇ, ਪਹਿਲਾਂ ਉਹਨਾਂ ਨੂੰ ਖ਼ੁਦ ਅਨੇਕਾਂ ਵਾਰ ਪੜ੍ਹਿਆ ਤੇ ਮਾਣਿਆ ਹੈ । ਦਿਨੇ ਇਹ ਨਜ਼ਮਾਂ ਈਮੇਲ ਚ ਖੁੱਲ੍ਹਦੇ ਸਾਰ, ਮੇਰੇ ਆਸ-ਪਾਸ ਪਿਆ ਸਭ ਕੁਝ ਪਿਘਲ਼ਣ ਲੱਗ ਪੈਂਦਾ ਹੈ, ਤੇ ਸ਼ਾਮ ਢਲ਼ਦਿਆਂ ਹੀ ਹਲਕੀ ਧੁੰਦ ਦੀ ਚਾਦਰ ਮੇਰੇ ਮੋਢਿਆਂ ਤੇ ਧਰ ਜਾਂਦੀਆਂ ਨੇ, ਜਿਸ ਨੂੰ ਛੂਹਦਿਆਂ ਹੀ ਮੇਰਾ ਆਲ਼ਾ-ਦੁਆਲ਼ਾ ਚਾਨਣ ਦਾ ਸ਼ਰੀਕ ਬਣ ਕੇ ਬਹਿ ਜਾਂਦਾ ਹੈ। ਇਹ ਨਜ਼ਮਾਂ ਜ਼ਿੰਦਗੀ ਦਾ ਅਥਾਹ ਸਮੁੰਦਰ ਨੇ, ਇਹਨਾਂ ਚ ਗਲ਼ ਨੂੰ ਲਾਉਣ ਲਈ ਕਾਹਲ਼ੀਆਂ ਲਹਿਰਾਂ ਵੀ ਨੇ, ਕਿਨਾਰਿਆਂ ਤੇ ਕੱਕੀ ਰੇਤ ਵੀ ਹੈ, ਹਰੇ-ਕਚੂਰ ਦਰੱਖਤ ਵੀ ਨੇ, ਕਲੋਲਾਂ ਕਰਦੇ ਪੰਛੀ ਵੀ ਨੇ, ਬਾਤਾਂ ਦੀ ਹਾਮੀ ਭਰਦਾ ਸ਼ੱਫ਼ਾਫ਼ ਨੀਲਾ ਅਸਮਾਨ ਵੀ ਹੈ, ਬਸ! ਤੁਹਾਨੂੰ ਤੈਰਨਾ ਆਉਣਾ ਚਾਹੀਦੈ, ਮੋਤੀ ਤਾਂ ਤੁਹਾਡੇ ਪੈਰਾਂ ਚ ਵਿਛਣ ਨੂੰ ਕਾਹਲ਼ੇ ਨੇ।

------

ਮੈਂ ਧਾਲੀਵਾਲ ਸਾਹਿਬ ਨੂੰ ਅਕਸਰ ਹੱਸਦੀ ਹੁੰਦੀ ਆਂ ਕਿ ਰੱਬ ਦਾ ਸ਼ੁਕਰ ਮਨਾਓ ਮੈਂ ਯੂ.ਕੇ. ਨਹੀਂ, ਕੈਨੇਡਾ ਬੈਠੀ ਆਂ, ਨਹੀਂ ਤਾਂ ਤੁਹਾਡੀਆਂ ਨਜ਼ਮਾਂ ਵਾਲ਼ੀ ਡਾਇਰੀ ਮੈਂ ਚੋਰੀ ਕਰ ਲੈਣੀ ਸੀ। ਇਕ ਵਾਰ ਪੰਜਾਬੀ ਸੱਥ ਵਾਲ਼ੇ ਸ: ਮੋਤਾ ਸਿੰਘ ਸਰਾਏ ਨੇ ਧਾਲੀਵਾਲ ਸਾਹਿਬ ਨੂੰ ਕਿਹਾ ਕਿ ਤੁਸੀਂ ਆਰਸੀ ਨੂੰ ਬੜੀਆਂ ਚੁਣ-ਚੁਣ ਕੇ ਨਜ਼ਮਾਂ ਘੱਲਦੇ ਓ, ਕਿੱਥੋਂ ਲਿਆਉਂਦੇ ਓ ਇਹ ਖ਼ਜ਼ਾਨਾ? ਧਾਲੀਵਾਲ ਸਾਹਿਬ ਬੋਲੇ, ਸਰਾਏ ਸਾਹਿਬ! ਮੈਂ ਕੀ ਕਰਾਂ? ਤਨਦੀਪ ਦਾ ਮੋਹ ਮੈਨੂੰ 20-30 ਸਾਲ ਪੁਰਾਣੀਆਂ ਡਾਇਰੀਆਂ ਫਰੋਲ਼ਣ ਤੇ ਮਜਬੂਰ ਕਰ ਦਿੰਦੈ । ਤੁਸੀਂ ਹੀ ਦੱਸੋ ਕਿ ਏਨਾ ਸੁਣ ਕੇ ਕਿਵੇਂ ਨਾ ਸ਼ਾਮ ਗੇਰੂਏ ਰੰਗੀ ਹੋਵੇ ਅਤੇ ਵੀਣਾ ਦੀ ਤਾਨ ਨਾਲ਼ ਆਪਣੀ ਚੁੱਪ ਤੋੜੇ??

-----

ਅੱਜ ਜਿਹੜੀ ਨਜ਼ਮ ਧਾਲੀਵਾਲ ਸਾਹਿਬ ਨੇ ਆਰਸੀ ਲਈ ਘੱਲੀ ਹੈ, ਉਹਨੇ 10-15 ਸਾਲ ਪਹਿਲਾਂ ਲਿਖੀ ਸੀ, ਪਰ ਇੰਝ ਲੱਗਦੈ ਕਿ ਇਹ ਨਜ਼ਮ ਪਲ-ਪਲ ਵਾਪਰ ਰਹੀ ਹੈ। ਧਾਲੀਵਾਲ ਸਾਹਿਬ! ਤੁਹਾਡੀ ਪ੍ਰਕਾਸ਼ਨ ਅਧੀਨ ਨਵੀਂ ਕਹਾਣੀਆਂ ਦੀ ਕਿਤਾਬ ਅਤੇ ਕਵਿਤਾ-ਸੰਗ੍ਰਹਿ ਦਾ ਆਰਸੀ ਪਰਿਵਾਰ ਨੂੰ ਇੰਤਜ਼ਾਰ ਰਹੇਗਾ। ਸਮੂਹ ਆਰਸੀ ਪਰਿਵਾਰ ਵੱਲੋਂ ਤੁਹਾਨੂੰ ਇਹ ਬੇਹੱਦ ਖ਼ੂਬਸੂਰਤ ਨਜ਼ਮ ਲਿਖਣ ਤੇ ਬਹੁਤ-ਬਹੁਤ ਮੁਬਾਰਕਬਾਦ! ਇਹ ਨਜ਼ਮ ਵੀ ਮੇਰੀਆਂ ਮਨ-ਪਸੰਦੀਦਾ ਨਜ਼ਮਾਂ ਚ ਸ਼ਾਮਲ ਹੋ ਗਈ ਹੈ।

ਅਦਬ ਸਹਿਤ

ਤਨਦੀਪ ਤਮੰਨਾ

*********

ਚਾਨਣ ਚ ਖਿਲਰੀਆਂ ਪਰਛਾਈਆਂ

ਨਜ਼ਮ

ਠਰੇ ਸਵੇਰਿਆਂ

ਕੋਸੀ ਧੁੱਪ ਵਰਗੇ ਮਿੱਤਰਾ!

ਜੇ ਤੂੰ ਇਹ ਪੈਰ ਨਾ ਪੁੱਟਦਾ

ਤੈਨੂੰ ਭਰਮ ਰਹਿਣਾ ਸੀ

ਕਿ ਤੇਰੇ ਪੈਰਾਂ ਚੋਂ ਤੋਰ ਮੁੱਕ ਗਈ ਹੈ

ਤੇਰੇ ਰਾਹਾਂ ਚ ਉੱਗੇ ਟਿੱਬੇ ਨਿਗਲ਼ ਗਏ ਹਨ ਉਸਨੂੰ

ਤੇ ਤੇਰੇ ਪੈਂਡੇ ਦੀਆਂ ਨਜ਼ਰਾਂ ਚੋਂ

ਮੰਜ਼ਿਲ ਤਿਲਕ ਗਈ ਹੈ

................

ਕੱਚੀ ਲਗਰ ਵਰਗੇ ਮਿੱਤਰਾ!

ਜੇ ਤੂੰ

ਆਪਣੇ ਵਿਹੜੇ ਚ ਪੱਤਝੜਾਂ ਵਿਛਾਈ ਰੱਖਦਾ

ਤੈਨੂੰ ਵਹਿਮ ਰਹਿਣਾ ਸੀ

ਕਿ ਮਹਿਕਾਂ ਤੈਨੂੰ ਤਿਆਗ ਦਿੱਤਾ ਹੈ

ਤਿਤਲੀਆਂ ਤੋਂ

ਬਾਗ਼ਾਂ ਚ ਨੱਚਣ ਦੀ ਇਜਾਜ਼ਤ ਖੁਸ ਗਈ ਹੈ

ਤੇ ਤੇਰੇ ਨੈਣਾਂ ਦੀ

ਸਤਰੰਗੀ ਪੀਂਘ

ਅੰਬਰ ਨਿਗਲ਼ ਗਿਆ ਹੈ

.............

ਉਂਝ ਤਾਂ ਅਸੀਂ ਸਾਰੇ ਹੀ

ਇੱਕ ਭਰਮ ਹੰਢਾਉਂਦੇ ਹਾਂ

ਤੇ ਵਿਛੜ ਗਿਆਂ ਦੇ ਸਿਵਿਆਂ ਤੇ ਬੈਠੇ

ਰੋਜ਼ ਤਾਜ਼ਾ ਲਾਸ਼ਾਂ ਉਡੀਕਦੇ ਹਾਂ

ਜਿਨ੍ਹਾਂ ਦੇ ਹਮਸਫ਼ਰ ਬਣ ਕੇ

ਅਸੀਂ ਆਪਣੀ ਪੀੜ ਨਿੱਕੀ ਕਰ ਸਕੀਏ

ਤੇ ਆਪਣੇ ਕਿਆਸੇ ਸਕੂਨ ਦੀ ਬੁੱਕਲ਼

ਮਹਿਫੂਜ਼ ਸਮਝਣ ਲੱਗੀਏ

................

ਗੁੜ ਦੀ ਚੜ੍ਹੀ ਪੱਤ ਦੀ ਮਹਿਕ ਵਰਗੇ ਮਿੱਤਰਾ!

ਤੂੰ ਕਿਵੇਂ ਸਮਝ ਬੈਠੈਂ---

ਕਿ ਤੂੰ

ਕਿਸੇ ਬਿਸਤਰ ਦੀ ਸਿਲਵਟ ਤੋਂ ਬਿਨਾ

ਹੋਰ ਕੁਝ ਵੀ ਨਹੀਂ

ਚਹੁੰ ਲਾਵਾਂ ਦੇ ਟੁੱਟੇ ਬੀੜੇ ਲਾਉਣ ਵਾਲੀ

ਸੂਈ ਧਾਗਾ ਬਣ ਕੇ ਰਹਿ ਗਿਐਂ

ਕਿਸੇ ਹਵਸੀ ਅੱਗ ਨੂੰ ਠਾਰਨ ਵਾਲਾ

ਉਬਲ਼ਦਾ

ਪਰ ਸੇਕੋਂ ਸੱਖਣਾ ਭਾਂਬੜ ਹੈਂ ---ਬਸ

ਜ਼ਰਾ ਸਿਰ ਉਤਾਂਹ ਚੁੱਕ ਕੇ ਤਾਂ ਵੇਖ

ਤੇਰੀ ਇਸ ਨਵੀਂ ਉੱਗੀ ਹਿੰਮਤ ਨੇ

ਸਰਘੀ ਨੂੰ ਤੇਰੇ ਮੱਥੇ ਚੋਂ

ਉਗਮਣ ਦੀ ਦਾਅਵਤ ਦਿੱਤੀ ਹੈ

.............

ਤਪਦੀਆਂ ਰੋਹੀਆਂ

ਸੀਤ ਬੁੱਲੇ ਵਰਗਿਆ ਮਿੱਤਰਾ!

ਤੂੰ ਤਾਂ ਨੱਚਦੀਆਂ ਅੱਡੀਆਂ ਦੀ ਇਬਾਰਤ ਹੈਂ

ਟਪੂਸੀਆਂ ਮਾਰਦੀ ਏਸ ਵਰ੍ਹੇ ਸ੍ਹੋਲਵੇਂ ਨੂੰ ਢੁੱਕੀ

ਛਾਤੀਆਂ ਲੁਕੋਂਦੀ ਚੁੰਨੀ ਦੀ ਸੰਗ ਹੈਂ

ਤੂੰ ਕੋਈ ਟੁੱਟੀ ਹੋਈ ਪੰਜੇਬ ਨਹੀਂ

ਜਿਸਦੇ ਬਿਖਰੇ ਮਣਕਿਆਂ ਨੂੰ

ਹਰ ਕੋਈ ਚੋਭ ਅਨੁਭਵ ਕੀਤੇ ਬਿਨਾ

ਮਿੱਧ ਕੇ ਤੁਰ ਜਾਵੇ

ਤੇ ਤੂੰ----

ਅਰਥ ਉਡੀਕਦੀ

ਹੌਕਾ ਹੌਕਾ ਹੋ, ਦੁਆ ਵਾਂਗੂੰ

ਹੱਥਾਂ ਚੋਂ ਕਿਰ ਕੇ ਪੈਰਾਂ ਚ ਵਿਛ ਜਾਵੇਂ

...........

ਤੂੰ ਇਨ੍ਹਾਂ ਨਜ਼ਰਾਂ ਨੂੰ

ਓਸ ਨਦੀ ਤੇ ਲੈ ਕੇ ਤਾਂ ਚੱਲ

ਜਿਸਦੇ ਕਿਨਾਰੇ ਅੱਡੀਆਂ ਚੁੱਕੀ

ਤੇਰੇ ਸਾਹਾਂ ਦੀ ਕੂਲੀ ਮਹਿਕ

ਸਿਮਟਣਾ ਚਾਹੁੰਦੇ ਹਨ

................

ਉਨ੍ਹਾਂ ਪੱਤਣਾਂ ਤੇ ਜ਼ਰਾ ਆ ਕੇ ਤਾਂ ਵੇਖ

ਜਿੱਥੇ ਤੇਰੇ ਪੈਰਾਂ ਦੀ ਛੋਹ ਲਈ

ਪਾਣੀ ਹੋਰ ਨੀਵੇਂ ਹੋ ਗਏ ਹਨ

ਤੂੰ ਉਨ੍ਹਾਂ ਪੌਣਾਂ ਦੇ ਗਲ਼ ਤਾਂ ਲੱਗ

ਜਿਨ੍ਹਾਂ ਉਜਾੜਾਂ ਹੰਢਾਉਂਦਿਆਂ ਵੀ

ਤੇਰੇ ਇਕਰਾਰ ਸਾਂਭੇ ਹੋਏ ਨੇ

...............

ਵਿਛੜ ਗਏ ਪੈਡਿਆਂ ਦੇ

ਮਰਸੀਏ ਪੜ੍ਹਨੇ ਬੰਦ ਕਰ ਦਿਹ ਹੁਣ

ਆਪਣੇ ਮੱਥੇ ਚੋਂ ਉਦੇ ਹੋ ਰਹੀ

ਊਸ਼ਾ ਨੂੰ ਜੀ ਆਇਆਂ ਆਖ

ਤੇਰੀ ਧੜਕਣ ਚੋਂ ਤੇਰੇ ਹਾਣ ਦੀ ਕਿਰਨ

ਆਪਣਾ ਸੂਰਜ ਭਾਲ ਲਵੇਗੀ

................

ਜ਼ਿੰਦਗੀ---

ਤੇਰੇ ਬੁੱਲ੍ਹਾਂ ਤੇ ਗੁਲਾਬ ਬਣ ਕੇ ਮਹਿਕ ਉੱਠੇਗੀ

ਸਿਤਾਰ ਬਣਕੇ

ਸੁਰ ਦੇ ਗਲ਼ੇ ਚ ਉੱਤਰ ਆਏਗੀ

ਚਾਨਣ ਚ ਖਿਲਰੀਆਂ ਪਰਛਾਈਆਂ ਚੋਂ

ਤੇਰੇ ਹਾਣ ਦਾ ਅਕਸ ਉੱਭਰ ਆਵੇਗਾ

...............

ਤੇਰੇ ਵਿਹੜੇ

ਤੇਰਾ ਭਵਿੱਖ

ਖਿੱਲੀਆਂ ਪਾਉਂਦਾ

ਤੈਨੂੰ ਗਲਵੱਕੜੀ ਹੋਣ ਲਈ

ਵੇਖ ਲਲਚਾਇਆ ਪਿਆ ਹੈ

ਠਰੇ ਸਵੇਰਿਆਂ

ਕੋਸੀ ਧੁੱਪ ਵਰਗਿਆ ਮਿੱਤਰਾ...!!!

2 comments:

Davinder Punia said...

ik ik satar vich kaavikta di raushni hai. nazm vichla sambodhan ate sunehe di peshkari vakkho vakkhre nivekle bimbaan di varton naal kinni teekhan ho gai hai. Dhaliwal sahib da kamaal uch paddhar da hai.

harpal said...

ਬਿਨਾ ਸ਼ੱਕ ਇੱਕ ਵਧੀਆ ਨਜ਼ਮ ਉੱਪਰ ਲਿਖੀ ਇਬਾਰਤ ਵੀ ਸੋਹਣੀ.