ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, January 19, 2010

ਗੁਰਨਾਮ ਗਿੱਲ - ਗ਼ਜ਼ਲ

ਗ਼ਜ਼ਲ

ਜਦੋਂ ਘਰ ਦੇ ਬਨੇਰੀਂ ਰਾਤ ਆ ਕੇ ਬਾਤ ਪਾਉਂਦੀ ਹੈ

ਹੁੰਘਾਰਾ ਭਰ ਨਹੀਂ ਹੁੰਦਾ ਤੇ ਨਾ ਹੀ ਨੀਂਦ ਆਉਂਦੀ ਹੈ

-----

ਕਦੇ ਭੁੱਲਾ ਨਾ ਜਾਣੋ, ਸ਼ਾਮ ਤੱਕ ਜੋ ਪਰਤ ਆਉਂਦਾ ਹੈ,

ਸਵੇਰਾ ਉਸ ਸਮੇਂ ਸਮਝੋ, ਜਦੋਂ ਵੀ ਜਾਗ ਆਉਂਦੀ ਹੈ

-----

ਸਮਾਂ ਕਿੱਦਾਂ ਭਰੂ? ਮੰਨਿਆਂ ਪੁਰਾਣਾ ਜ਼ਖ਼ਮ ਹੈ ਭਾਵੇਂ ,

ਸਿਤਮਗਰ ਯਾਦ ਹੀ ਜਦ ਰੋਜ਼ ਇਸ ਤੇ ਲੂਣ ਪਾਉਂਦੀ ਹੈ!

-----

ਪਤਾ ਲੱਗਦਾ ਕਿ ਸਦਮਾ ਬਿਰਖ਼ ਨੂੰ ਹੋਇਆ ਬੜਾ ਯਾਰੋ!

ਲਗਰ ਜਦ ਓਸਦੀ ਸਰਘੀ ਸਮੇਂ ਹੰਝੂ ਵਹਾਉਂਦੀ ਹੈ

-----

ਬੜਾ ਨਜ਼ਰਾਂ ਨੂੰ ਮੋਂਹਦਾ ਹੈ ਉਹ ਸੂਹੇ ਰੰਗ ਦਾ ਜਾਦੂ,

ਸਵੇਰੇ ਜਦ ਨਦੀ ਕਿਰਨਾਂ ਦੇ ਪਾਣੀ ਨਾਲ਼ ਨ੍ਹਾਉਂਦੀ ਹੈ

-----

ਦਿਨੇ ਹੀ ਨ੍ਹੇਰ ਜਾਪੇ, ਰਾਤ ਦੀ ਤਾਂ ਗੱਲ ਹੀ ਵੱਖਰੀ,

ਨਗਰ ਦੀ ਹਰ ਗਲੀ ਉਂਜ ਰਾਤ ਭਰ ਹੀ ਜਗਮਗਾਉਂਦੀ ਹੈ


1 comment:

Davinder Punia said...

bahut vadhia ghazal.bimb bahut sohne varte gae han.