ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, January 2, 2010

ਜਸਵਿੰਦਰ - ਗ਼ਜ਼ਲ

ਗ਼ਜ਼ਲ

ਪੰਛੀਆਂ ਦੀ ਡਾਰ ਨੂੰ ਸਾਰਾ ਹੀ ਅੰਬਰ ਦੇ ਦਿਓ।

ਸ਼ੂਕਦੀ ਹੋਈ ਨਦੀ ਤਾਈਂ ਸਮੁੰਦਰ ਦੇ ਦਿਓ।

-----

ਦਰਦ ਏਨਾ ਦੋਸਤੋ ਸਹਿੰਦੇ ਇਕੱਲੇ ਹੋ ਕਿਵੇਂ?

ਆਪਣੇ ਹਿੱਸੇ ਦਾ ਇਕ ਮੈਨੂੰ ਵੀ ਖ਼ੰਜਰ ਦੇ ਦਿਓ।

-----

ਬੇੜੀਆਂ ਬੇਸਾਜ਼ ਪਾ ਕੇ ਪੈਰ ਥਿਰਕਣ ਕਿਸ ਤਰ੍ਹਾਂ?

ਖ਼ੂਬ ਨੱਚਾਂਗੇ ਅਗਰ ਇਕ ਵਾਰ ਝਾਂਜਰ ਦੇ ਦਿਓ।

-----

ਸ਼ਾਂਤ ਹੋਏ ਬਾਦਬਾਨਾਂ ਨੂੰ ਦਿਓ ਸੰਦਲੀ ਹਵਾ,

ਨਗਨ ਧੁੱਪਾਂ ਨੂੰ ਤੁਸੀਂ ਰੁੱਖਾਂ ਦੇ ਬਸਤਰ ਦੇ ਦਿਓ।

-----

ਭੁੱਖੀਆਂ ਕ਼ਬਰਾਂ ਨੂੰ ਕੁਝ ਦੇਣਾ ਈ ਹੈ ਜੇਕਰ ਤੁਸੀਂ,

ਮੇਰੀਆਂ ਵੀਰਾਨੀਆਂ ਤੇ ਮੇਰੇ ਖੰਡਰ ਦੇ ਦਿਓ।

-----

ਈਦ ਵਰਗੇ ਹੋਣ ਜਿਸਦੇ ਸਾਰੇ ਦੇ ਸਾਰੇ ਹੀ ਦਿਨ,

ਮੇਰੇ ਯਾਰੋ! ਮੈਨੂੰ ਇਕ ਐਸਾ ਕਲੰਡਰ ਦੇ ਦਿਓ।

-----

ਮੈਂ ਅਜੇ ਕਰਨੀ ਥਲਾਂ ਤੇ ਸ਼ਾਇਰੀ ਦੀ ਕਿਣਮਣੀ,

ਦਿਲ ਦੀ ਗਹਿਰਾਈ ਚੋਂ ਮੈਨੂੰ ਮੋਹ ਦੇ ਅੱਖਰ ਦੇ ਦਿਓ।

5 comments:

Davinder Punia said...

Jaswinder ji ajoki ghazal de bahut vadde sitare han, ohna de har shaer vich chintan, falsafa,drish varnan aadi gun bahut gambheerta naal pesh hunde han.

harpal said...

ਈਦ ਵਰਗੇ ਹੋਣ ਜਿਸਦੇ ਸਾਰੇ ਦੇ ਸਾਰੇ ਦਿਨ ,
ਮੇਰੇ ਯਾਰੋ! ਮੈਨੂੰ ਇਕ ਐਸਾ ਕਲੰਡਰ ਦੇ ਦਿਓ।

ਮੇਰੀ ਇੱਕ ਬਹੁਤ ਹੀ ਪੁਰਾਣੀ ਡਾਇਰੀ ਦੇ ਪਹਲੇ ਪੰਨੇ ਤੇ ਉੱਕਰਿਆ ਜਸਵਿੰਦਰ ਹੋਰਾਂ ਦਾ ਇਹ ਸ਼ੇਅਰ ਪਤਾ ਨਹੀ ਉਦੋਂ ਮੈਂ ਕਿਥੋਂ ਨੋਟ ਕੀਤਾ ਸੀ ਪਰ ਅੱਜ ਸਾਰੀ ਗ਼ਜ਼ਲ ਪੜ ਕੇ ਬਹੁਤ ਚੰਗਾ ਲਗਿਆ .ਬਹੁਤ ਬਹੁਤ ਸ਼ੁਕਰੀਆ .

sarbjit said...

ਬਹੁਤ ਵਧੀਆ ਗਜ਼ਲ ਹੈ |

ਵੱਲੋਂ-----

ਸਰਬਜੀਤ ਮਿਨਹਾਸ

ਤਨਦੀਪ 'ਤਮੰਨਾ' said...

ਹਰਪਾਲ ਜੀ!ਮੈਨੂੰ ਖ਼ੁਦ ਨੂੰ ਇਹ ਸ਼ਿਅਰ ਬਹੁਤ ਜ਼ਿਆਦਾ ਪਸੰਦ ਹੈ। ਸਾਰੀ ਗ਼ਜ਼ਲ ਹੀ ਕਮਾਲ ਹੈ।

ਈਦ ਵਰਗੇ ਹੋਣ ਜਿਸਦੇ ਸਾਰੇ ਦੇ ਸਾਰੇ ਦਿਨ ,
ਮੇਰੇ ਯਾਰੋ! ਮੈਨੂੰ ਇਕ ਐਸਾ ਕਲੰਡਰ ਦੇ ਦਿਓ।

ਚਲੋ!ਤੁਹਾਡੀ ਪਸੰਦ ਦੀ ਗ਼ਜ਼ਲ ਪੋਸਟ ਹੋਣ ਨਾਲ਼ ਸਾਡੀ ਸਭ ਦੀ ਈਦ ਹੋ ਗਈ ਹੈ। ਕਿਸੇ ਗ਼ਜ਼ਲਗੋ ਦਾ ਸ਼ਿਅਰ ਡਾਇਰੀ ਦੇ ਪਹਿਲੇ ਪੰਨੇ ਤੇ ਲਿਖਿਆ ਹੋਣਾ, ਸਚਮੁੱਚ ਮਾਣ ਵਾਲ਼ੀ ਗੱਲ ਹੈ। ਆਰਸੀ ਤੇ ਬਕਾਇਦਗੀ ਨਾਲ਼ ਹਾਜ਼ਰੀ ਲਵਾਉਣ ਅਤੇ ਹੌਸਲਾ-ਅਫ਼ਜ਼ਾਈ ਲਈ ਮੈਂ ਤੁਹਾਡੀ ਦਿਲੋਂ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ

harpal said...

ਪਾਠਕਾਂ ਨੂੰ ਚੰਗਾ ਸਾਹਿਤ ਪਰੋਸਣ ਲਈ, ਸਗੋਂ ਅਸੀਂ ਤੁਹਾਡੇ ਬਹੁਤ ਮਸ਼ਕੂਰ ਹਾਂ ।