ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, February 2, 2010

ਕੇਹਰ ਸ਼ਰੀਫ਼ - ਨਜ਼ਮ

ਗੀਤ ਦੀ ਹੂਕ

ਨਜ਼ਮ

ਨਫ਼ਰਤ ਦੀ ਅੱਗ ਦੇ ਅੰਗਿਆਰੇ

ਸਾਡੇ ਵਿਹੜੇ ਪੈਣ

ਧਰਤੀ ਦੀ ਕੁੱਖ ਲਾਵਾ ਉਗਲ਼ੇ

ਹਰ ਪਲ ਪਾਵੇ ਵੈਣ

...........

ਅਗਨੀ ਮਹਿਜ਼ ਭੁਲੇਖਾ ਹੋ ਗਈ

ਜਿੰਦ ਬਣੀ ਕਲਬੂਤ

ਵਕਤ ਦੇ ਮੋਢੇ ਸੂਲ਼ੀ ਟੰਗੀ

ਮੱਥੇ ਵਿਚ ਤਾਬੂਤ

.............

ਪਿੰਡ ਮੇਰੇ ਦੀਆਂ ਗਲ਼ੀਆਂ ਅੰਦਰ

ਰਾਤੀਂ ਭੌਂਕਣ ਕੁੱਤੇ

ਕੰਨੀਉਂ ਪਾਟੀਆਂ ਚਿੱਠੀਆਂ ਆਵਣ

ਰੋਈਏ ਸੋਗ ਵਿਗੁੱਤੇ

..............

ਬੁੱਲ੍ਹ ਹਿਲਦੇ ਪਰ ਬੋਲ ਨਾ ਨਿਕਲ਼ੇ

ਸਾਡੇ ਮੂੰਹੋਂ ਕੋਈ

ਪਿੰਡ ਦੇ ਬਾਹਰ ਬਸੀਂਵਿਉਂ ਹੋ ਗਏ

ਇਹ ਅਨਹੋਣੀ ਹੋਈ

..............

ਹੁਣ ਤਾਂ ਦੇਖ ਉਦਾਸੀ ਵਾਲੇ

ਲੰਮੇ ਹੋਏ ਪ੍ਰਛਾਵੇਂ

ਪਿੰਡ ਦੀਆਂ ਜੂਹਾਂ ਸੁਪਨਾ ਬਣਕੇ

ਘੁੰਮਣ ਅੱਖਾਂ ਸਾਹਵੇਂ

................

ਪੈਣ ਜਦੋਂ ਪੱਛੋਂ ਦੀਆਂ ਕਣੀਆਂ

ਤਨ, ਮਨ ਨਾ ਮਹਿਕਾਵੇ

ਨਾ ਕਿਧਰੇ ਕੋਈ ਕੋਇਲ ਬੋਲੇ

ਮੋਰ ਨਾ ਪੈਲਾਂ ਪਾਵੇ

.................

ਹਰ ਪਲ ਨੱਚਦਾ ਹਰ ਪਲ ਗਾਉਂਦਾ

ਫੇਰ ਵੀ ਤਾਲ ਅਧੂਰੇ

ਜਿੰਦ ਸੋਨੇ ਦੀ ਕਿੱਲੀ ਟੰਗਕੇ

ਭਰਮ ਪਾਲ਼ੀਏ ਪੂਰੇ

.................

ਨਾ ਅੰਬੀਆਂ ਦੀ ਮਹਿਕ ਸੰਧੂਰੀ

ਨਾ ਹੀ ਦੇਸ ਦੁਆਬਾ

ਬੱਚਿਆਂ ਲਈ ਹਟਕੋਰੇ ਬਣ ਗਏ

ਆਪਣੇ ਦਾਦੀ , ਬਾਬਾ

................

ਤਿੜਕੀਆਂ ਸੋਚਾਂ ਤੇ ਲੱਖ ਪਰਦੇ

ਪੂਰੇ ਲੱਭਣ ਟਾਵੇਂ

ਗ਼ਮ ਦੀ ਬੁੱਕਲ਼ ਮਾਰੀ ਬੈਠੇ

ਲੋਕੀ ਨੇ ਹਰ ਥਾਵੇਂ

................

ਕਿੰਝ ਜੀਊਂਦੇ ਹਾਂ ਕੋਲ਼ ਪਰਾਇਆਂ

ਪੱਲੇ ਬੰਨ੍ਹ ਉਦਾਸੀ

ਏਥੇ ਜੀਵੀਏ , ਏਥੇ 'ਈ ਮਰੀਏ

ਪਰ ਰਹੀਏ ਪਰਵਾਸੀ

...............

ਕਾਲ਼ੇ ਸਮਿਆਂ ਦੀ ਨਗਰੀ ਵਿਚ

ਦਿਨ ਵੀ ਜਾਪੇ ਰਾਤ

ਮਨ ਵਿਚ ਵਸਦੀ ਹਾੜ੍ਹ ਦੀ ਗਰਮੀ

ਨੈਣਾਂ ਵਿਚ ਬਰਸਾਤ

.................

ਪਿੰਡ ਬੇਗਾਨੇ ਕੀ ਐ ਚੰਗਾ

ਜਲ਼ੇ ਜੀਊਂਦਾ ਮਾਸ

ਫੁੱਲ ਵਰਗੀ ਜਿੰਦ ਸੁਹਲ ਸੜ ਗਈ

ਫਿਰੇ ਤੜਪਦੀ ਆਸ

No comments: