ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, February 13, 2010

ਹਰਦਮ ਸਿੰਘ ਮਾਨ - ਗ਼ਜ਼ਲ

ਗ਼ਜ਼ਲ

ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ

ਹੁਣ ਤਾਂ ਸਰੇ-ਬਜ਼ਾਰੀਂ ਇਨਸਾਨ ਵਿਕ ਰਹੇ ਨੇ

-----

ਨਾ ਦਰਦ ਕੋਈ ਜਾਣੇ, ਨਾ ਰੋਗ ਨੂੰ ਪਛਾਣੇ,

ਇਸ ਸ਼ਹਿਰ ਵਿਚ ਮਸੀਹਾ, ਲੁਕਮਾਨ ਵਿਕ ਰਹੇ ਨੇ

-----

ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ,

ਦਿਲ, ਜਾਨ, ਰੀਝਾਂ, ਸੱਧਰਾਂ, ਅਰਮਾਨ ਵਿਕ ਰਹੇ ਨੇ

-----

ਇਹ ਸ਼ਹਿਰ ਪੱਥਰਾਂ ਦਾ, ਪੱਥਰ ਹੀ ਪੂਜਦਾ ਹੈ,

ਏਥੇ ਗਲ਼ੀ ਗਲ਼ੀ ਵਿਚ ਭਗਵਾਨ ਵਿਕ ਰਹੇ ਨੇ

-----

ਤੂੰ, ਮੈਂ ਤਾਂ ਆਮ ਵਸਤੂ, ਕੀ ਆਪਣੀ ਹੈ ਹਸਤੀ,

ਚਾਂਦੀ ਦੇ ਪੰਨਿਆਂ 'ਤੇ ਵਿਦਵਾਨ ਵਿਕ ਰਹੇ ਨੇ

-----

ਸਿਰਤਾਜ, ਤਖ਼ਤ, ਸ਼ੁਹਰਤ, ਸਨਮਾਨ 'ਮਾਨ' ਕੀ ਕੀ,

ਥਾਂ ਥਾਂ ਟਕੇ ਟਕੇ ਵਿਚ ਧਨਵਾਨ ਵਿਕ ਰਹੇ ਨੇ

No comments: