ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, February 15, 2010

ਅਮਿਤੋਜ - ਨਜ਼ਮ

ਦੋਸਤੋ! ਕੱਲ੍ਹ ਈਮੇਲ ਚ ਸਰੀ ਵਸਦੇ ਸ਼ਾਇਰ ਜਸਬੀਰ ਮਾਹਲ ਸਾਹਿਬ ਨੇ ਲਿਖਿਆ ਸੀ ਕਿ ਤਨਦੀਪ ਕਦੇ ਅਮਿਤੋਜ ਦੀ ਨਜ਼ਮ ਬੁੱਢਾ ਬੌਲਦ ਆਰਸੀ ਤੇ ਜ਼ਰੂਰ ਪੋਸਟ ਕਰਿਓ। ਇਸ ਨਜ਼ਮ ਨਾਲ਼ ਉਹਨਾਂ ਦੀ ਭਾਵਨਾਤਮਕ ਸਾਂਝ ਹੈ। ਅਮਿਤੋਜ ਦੀਆਂ ਨਜ਼ਮਾਂ ਨਾਲ਼ ਪਾਠਕਾਂ ਦਾ ਇਹ ਰਿਸ਼ਤਾ ਬਣਨਾ ਲਾਜ਼ਮੀ ਹੈ, ਕਿਉਂਕਿ ਉਹਨਾਂ ਦਾ ਲਿਖਿਆ ਇਕ-ਇਕ ਸ਼ਬਦ ਰੂਹ ਦੇ ਨੇੜੇ ਹੋ ਕੇ ਗੁਜ਼ਰਿਆ ਹੈ। ਬਕੌਲ ਅਮਿਤੋਜ ਜੀ:

-----

...ਰਾਤ ਭਰ ਆਪਣੀਆਂ ਅਣਲਿਖੀਆਂ ਨਜ਼ਮਾਂ ਦੀ

ਨਮੋਸ਼ੀ ਦਾ ਤਾਜ ਆਪਣੇ ਸਿਰ ਤੇ ਸਜਾਈ

ਤੜਕਸਾਰ ਆਪਣੀ ਜਲਾਵਤਨੀ ਦੇ ਹੁਕ਼ਮਨਾਮੇ ਤੇ

ਦਸਤਖ਼ਤ ਕਰ ਸਕਦਾ ਹੈ।

ਮਾਸੂਮ ਸੁੱਤੀਆਂ ਕ਼ਤਲਗਾਹਾਂ ਚੋਂ

ਉਹ ਵੇਲ਼ੇ ਕੁਵੇਲ਼ੇ ਲਲਕਾਰਾ ਮਾਰ ਕੇ ਲੰਘ ਸਕਦਾ ਹੈ।

ਜਿਸਮ ਦੁਆਲ਼ੇ ਉੱਡਦੀ ਰੇਤ ਵਿਚ ਤਰ ਸਕਦਾ ਹੈ।

ਕਿਉਂ?

ਕਿਉਂਕਿ

ਇਹ ਸਿਰਫ਼ ਅਮਿਤੋਜ ਹੀ ਕਰ ਸਕਦਾ ਹੈ...!

----

ਮਾਹਲ ਸਾਹਿਬ! ਅਮਿਤੋਜ ਜੀ ਦੀ ਕਲਮ ਨੂੰ ਸਲਾਮ ਕਰਦਿਆਂ, ਅੱਜ ਇਹ ਬੇਹੱਦ ਖ਼ੂਬਸੂਰਤ ਨਜ਼ਮ ਤੁਹਾਡੇ ਨਾਮ.....

ਅਦਬ ਸਹਿਤ

ਤਨਦੀਪ ਤਮੰਨਾ

***********

ਬੁੱਢਾ ਬੌਲਦ

ਨਜ਼ਮ

ਤੈਨੂੰ ਤਾਂ ਸ਼ਾਇਦ ਹੁਣ ਉੱਕਾ ਹੀ ਯਾਦ ਨਾ ਹੋਵੇ

ਪਰ ਮੈਨੂੰ ਤਾਂ ਹੁਣ ਵੀ ਯਾਦ ਹੈ

ਜਦੋਂ ਪਹਿਲਾਂ ਪਹਿਲ ਤੇਰੀ ਲੂੰਈਂ ਫ਼ੁੱਟੀ ਸੀ

ਤੇ ਤੂੰ ਮੂੰਹੋਂ ਪੈਰੋਂ ਖੜ੍ਹ ਗਿਆ ਸੀ

ਓਦਣ ਨੌਂ ਸਾਉਣ ਸੀ

ਖ਼ਾਨਗਾਹ ਤੇ ਚਿਰਾਗ਼ਾਂ ਦਾ ਮੇਲਾ ਲੱਗਿਆ ਸੀ-

ਤੇ ਰਾਤ ਨਕਲਾਂ ਚ ਮੈਂ, ਤੇਰੇ ਨਾਂ ਦੀ ਵੇਲ ਕਰਾਈ ਸੀ

ਕੋਲ਼ ਖੜ੍ਹੀ ਮਾਂ ਨੇ ਤਾੜ ਲਿਆ ਸੀ-

ਕਹਿਣ ਲੱਗੀ, ਘਬਰਾ ਨਾ!

ਅੱਜ ਤੇਰੇ ਬੁੱਧੂ ਨੇ ਬੌਲਦ ਬਣਨੈਂ।

ਉਹਨੇ ਪੀਰਾਂ ਲਈ ਕੱਚੇ ਮਿੱਠੇ ਦੀ ਦੇਗ ਕੀਤੀ,

ਤੇ ਤੇਰੇ ਲਈ ਕਾਠੇ ਮਸਰਾਂ ਦਾ ਕਾੜ੍ਹਾ

................

ਤੈਨੂੰ ਤਾਂ ਸ਼ਾਇਦ ਹੁਣ ਉੱਕਾ ਹੀ ਯਾਦ ਨਾ ਹੋਵੇ

ਪਰ ਮੈਨੂੰ ਤਾਂ ਅਜੇ ਵੀ ਐਨ ਚੰਗੀ ਯਾਦ ਹੈ

ਜਦੋਂ ਪਹਿਲਾਂ ਪਹਿਲ ਤੈਨੂੰ ਨਿੰਬੂ ਵਾਲ਼ੇ ਖੂਹ ਤੇ ਖੋਪੇ ਦਿੱਤੇ ਸਨ

ਤੇ ਤੂੰ ਨਵੀਂ ਆਈ ਵਹੁਟੀ ਵਾਂਗ ਸੰਗ ਸੰਗ ਕੇ ਤੁਰਿਆ।

ਮੈਂ ਗਾੜ੍ਹੀ ਤੇ ਬੈਠੇ ਨੇ ਲਲਕਾਰਾ ਮਾਰਿਆ ਸੀ-

ਮਰ ਜੇਂ ਅੰਨ੍ਹਿਆ ਦ੍ਹੀਦਾ ਨਹੀਂ ਤੈਨੂੰ?

ਕੋਲ਼ ਖੜ੍ਹੀ ਮਾਂ ਹੱਸ ਪਈ ਸੀ-

ਕਹਿਣ ਲੱਗੀ:

ਤੁਸੀਂ ਦੋਵੇਂ ਇੱਕੋ ਜੇਹੇ ਹੋ-

ਕਾਲ਼ੇ ਗਭਰੋਟੀਏ ਤੇ ਸ਼ੈਤਾਨ ਦੀ ਟੂਟੀ

ਉਹ ਕਦੇ ਕਦੇ ਮੇਰੀ ਸਹੁੰ ਤਾਂ ਚੁੱਕ ਲੈਂਦੀ

ਪਰ ਤੇਰੀ ਕਦੇ ਨਾ

ਕਹਿੰਦੀ ਇਹ ਮੇਰਾ ਕਮਾਊ ਪੁੱਤ ਹੈ।

ਤੇ ਫੇਰ ਕਮਾਊ ਪੁੱਤ ਬਣਿਆ

ਖੇਤਾਂ ਤੇ ਸਿਆੜਾਂ ਵਿਚ ਕ਼ੈਦ ਹੋ ਗਿਆ।

ਮੈਂ ਜਾ ਚੜ੍ਹਿਆ ਹਿਰਨਾਂ ਦੇ ਸਿੰਙੀਂ

..............

ਤੇ ਰਫ਼ਤਾ ਰਫ਼ਤਾ ਜਾ ਪਹੁੰਚਿਆ ਵਿਸ਼ਵ-ਵਿਦਿਆਲੇ

..............

ਯੂਨੀਵਰਸਿਟੀ ਵਿਚ ਵੀ ਕਿੰਨੀ ਰੌਣਕ ਸੀ

ਪੰਜ ਕਲਿਆਣੀਆਂ ਕੱਟੀਆਂ ਦੀ ਬਗਲੋਲ ਢੱਗਿਆਂ ਦੀ

ਲੰਡੇ ਕੱਟਿਆਂ ਦੀ ਤੇ ਵਲੈਤਣ ਵੱਛੀਆਂ ਦੀ

ਪਰ ਉਸ ਸਾਰੀ ਭੀੜ ਚੋਂ

ਮੈਨੂੰ ਜਦ ਵੀ ਤੇਰੀਆਂ ਨੀਲੀਆਂ ਬਲੌਰਾਂ ਵਰਗੀਆਂ-

ਅੱਖਾਂ ਚੇਤੇ ਆਉਂਦੀਆਂ

ਤਾਂ ਲਾਇਬਰੇਰੀ ਦੇ ਸ਼ੈਲਫ਼

ਮੈਨੂੰ ਖੁਰਲੀਆਂ ਵਰਗੇ ਲਗਦੇ

ਕਲਾਸ-ਰੂਮ ਚ ਮੈਨੂੰ ਮੱਖ ਲਗਦੀ

ਤੇ ਮੇਰਾ ਚਿੱਤ ਕਰਦਾ-

ਹੁਣ ਉੱਡ ਕੇ ਤੇਰੇ ਕੋਲ਼ ਪਹੁੰਚ ਜਾਵਾਂ

ਤੇਰੇ ਮੱਥੇ ਤੋਂ ਮਖੇਰਨਾ ਪਰ੍ਹਾਂ ਕਰਾਂ

ਤੇ ਤੈਨੂੰ ਖੜ੍ਹੇ ਖੜੋਤੇ ਨੂੰ ਟੱਪ ਜਾਵਾਂ

ਪਰ ਮੈਥੋਂ ਤਾਂ ਇਕ ਲਾਂਘ ਵੀ ਨਾ ਪੁੱਟੀ ਗਈ

ਹੁਣ ਤੈਨੂੰ ਕੀ ਦੱਸਾਂ?

ਤੂੰ ਕੀ ਸਮਝੇਂਗਾ

ਕਿ ਉਸ ਸ਼ਹਿਰ ਦੇ ਪੱਥਰਾਂ ਵਿਚ

ਜਾਦੂ ਹੀ ਕੋਈ ਅਜਿਹਾ ਹੈ-

............

ਕਿ ਜੋ ਕੋਈ ਵੀ ਉੱਥੇ ਪਹੁੰਚਦਾ ਹੈ

ਪਹਿਲਾਂ ਆਪਣੇ ਆਲ਼ੇ ਦੁਆਲ਼ੇ ਇਕ ਕ਼ੈਦ ਸਿਰਜਦਾ ਹੈ

ਤੇ ਫਿਰ ਸਾਰੀ ਉਮਰ ਨੀਲੀਆਂ ਬਲੌਰਾਂ ਵਰਗੀਆਂ

ਅੱਖਾਂ ਲਈ ਤਰਸਦਾ ਹੈ।

ਅੱਜ ਤੂੰ ਮੇਰੇ ਵੱਲ ਕਿੰਝ ਖ਼ਾਲੀ ਖ਼ਾਲੀ ਅੱਖਾਂ ਨਾਲ਼-

ਘੂਰ ਰਿਹਾ ਏਂ?

ਜਿਵੇਂ ਪੁੱਛ ਰਿਹਾ ਹੋਵੇਂ

ਕਿ ਕਿੱਥੇ ਰੋੜ੍ਹ ਆਇਆ ਹਾਂ

ਤੇਰੀ ਵਰ੍ਹਿਆਂ ਦੀ ਕਮਾਈ-

ਤੇਰੀ ਚੜ੍ਹਦੀ ਜਵਾਨੀ ਦੀ ਰਾਂਗਲੀ ਉਮਰ

ਤੇ ਤੇਰੀਆਂ ਨੀਲੀਆਂ ਬਲੌਰਾਂ ਵਰਗੀਆਂ ਅੱਖਾਂ ਦੀ ਲਿਸ਼ਕ

................

ਤੇ ਮੈਂ ਨਿਰ-ਉੱਤਰ ਸ਼ਮਸਾਰ ਜੇਹਾ

ਤੇਰੇ ਅੱਗੇ ਪੱਠਿਆਂ ਦੀ ਇਕ ਟੋਕਰੀ ਸੁੱਟ ਦੇਂਦਾ ਹਾਂ

ਜਿਵੇਂ

ਕੋਈ ਆਪਣੇ ਮਰੇ ਹੋਏ ਬਾਪ ਦਾ ਸਰਾਧ ਕਰ ਰਿਹਾ ਹੋਵੇ।

.............

ਤੈਨੂੰ ਤਾਂ ਸ਼ਾਇਦ ਹੁਣ ਉੱਕਾ ਹੀ ਯਾਦ ਨਾ ਹੋਵੇ।

1 comment:

malwai said...

bohat hii kamaal diiyaa.n rachnaawaa.n Amitoz sahb diyaa.n