ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, February 18, 2010

ਸੁਰਜੀਤ ਸਾਜਨ - ਗ਼ਜ਼ਲ

ਦੋਸਤੋ! ਤੁਹਾਡੀਆਂ ਢੇਰ ਸਾਰੀਆਂ ਪਿਆਰੀਆਂ-ਪਿਆਰੀਆਂ ਈਮੇਲਾਂ ਆਈਆਂ ਨੇ ਜਿਨ੍ਹਾਂ ਵਿਚ ਕੱਲ੍ਹ ਆਰਸੀ ਨੂੰ ਅਪਡੇਟ ਨਾ ਕਰਨ ਦਾ ਕਾਰਣ ਪੁੱਛਿਆ ਹੈ। ਮੈਂ ਤੁਹਾਡੀ ਸਭ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਭ ਰੁਝੇਵਿਆਂ ਚੋਂ ਵਕ਼ਤ ਕੱਢ ਆਰਸੀ ਤੇ ਰੋਜ਼ਾਨਾ ਫੇਰੀ ਪਾਉਂਦੇ ਹੋ।

----

ਕੱਲ੍ਹ ਮੇਰਾ ਕੰਪਿਊਟਰ ਕੁਝ ਟੈਕਨੀਕਲ ਅਪਗਰੇਡਜ਼ ਲਈ ਗਿਆ ਹੋਇਆ ਸੀ। ਉਮੀਦ ਬੜੀ ਸੀ ਕਿ ਸ਼ਾਮ ਤੱਕ ਮਿਲ਼ ਜਾਵੇਗਾ, ਤੇ ਆਰਸੀ ਅਪਡੇਟ ਕਰ ਦੇਵਾਂਗੇ। ਪਰ ਅੱਜ ਦੋ ਕੁ ਘੰਟੇ ਪਹਿਲਾਂ ਹੀ ਵਾਪਸ ਮਿਲ਼ਿਆ ਹੈ। ਅਕਤੂਬਰ, 2008 ਤੋਂ ਲੈ ਕੇ ਇਹ ਪਹਿਲੀ ਵਾਰ ਹੋਇਆ ਹੈ ਕਿ ਆਪਾਂ ਆਰਸੀ ਇਕ ਦਿਨ ਅਪਡੇਟ ਨਹੀਂ ਕਰ ਸਕੇ। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਮੇਰੀ ਸਿਹਤ ਬਾਰੇ ਫ਼ਿਕਰ ਹੋ ਗਈ ਸੀ। ਦੋਸਤੋ! ਮੈਂ ਹੁਣ ਬਿਲਕੁਲ ਠੀਕ ਹਾਂ। ਏਨੀਆਂ ਸੋਹਣੀਆਂ ਈਮੇਲਾਂ ਭੇਜਣ ਲਈ ਮੈਂ ਇਕ ਵਾਰ ਫੇਰ ਮਸ਼ਕੂਰ ਹਾਂ।

-----

ਕਪੂਰਥਲਾ ਵਸਦੇ ਗ਼ਜ਼ਲਗੋ ਰੂਪ ਦਬੁਰਜੀ ਜੀ ਨੇ ਆਪਣੀ ਗ਼ਜ਼ਲ ਦੇ ਨਾਲ਼-ਨਾਲ਼ ਸੁਰਜੀਤ ਸਾਜਨ ਜੀ ਦੀ ਇਕ ਗ਼ਜ਼ਲ ਆਰਸੀ ਲਈ ਟਾਈਪ ਕਰਕੇ ਭੇਜੀ ਹੈ, ਮੈਂ ਦਬੁਰਜੀ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦੀ ਹਾਂ। ਅੱਜ ਇਹਨਾਂ ਦੋਵਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨਾਲ਼ ਆਰਸੀ ਅਪਡੇਟ ਕਰ ਰਹੇ ਹਾਂ। ਇਸ ਤਰ੍ਹਾਂ ਹੀ ਮੁਹੱਬਤ ਬਖ਼ਸ਼ਦੇ ਰਹਿਣਾ।

ਅਦਬ ਸਹਿਤ

ਤਨਦੀਪ ਤਮੰਨਾ

**********

ਗ਼ਜ਼ਲ

ਛੋਟੇ ਪੌਦੇ ਪਨਪਣ ਇਹ ਨਾ ਚ੍ਹਾਉਂਦੇ ਰੁੱਖ ਸਫ਼ੈਦੇ ਦੇ।

ਆਪਣਾ ਮਾਰੂ ਸਾਇਆ ਹਰਦਮ ਪਾਉਂਦੇ ਰੁੱਖ ਸਫ਼ੈਦੇ ਦੇ।

-----

ਬੇ-ਦਸਤੂਰੇ ਆਕੜਖੋਰੇ ਕਾਲ਼ੇ ਦਿਲ ਦੇ ਮਾਲਕ ਜੋ,

ਏਸ ਤਰ੍ਹਾਂ ਦੇ ਲੋਕਾਂ ਨੂੰ ਨੇ ਭਾਉਂਦੇ ਰੁੱਖ ਸਫ਼ੈਦੇ ਦੇ।

-----

ਉੱਚੇ ਉੱਚੇ ਜਾ ਕੇ ਇਕ ਦਿਨ ਅੰਬਰ ਤੀਕਰ ਪਹੁੰਚਾਂਗੇ,

ਖ਼ੁਸ਼ਫ਼ਹਿਮੀ ਦੇ ਮਾਰੇ ਰ੍ਹੋਬ ਦਿਖਾਉਂਦੇ ਰੁੱਖ ਸਫ਼ੈਦੇ ਦੇ।

------

ਵੇਲ਼ੇ ਵੇਲ਼ੇ ਦੀ ਗੱਲ ਹੁੰਦੀ ਵਧ ਗਈ ਹੈ ਹੁਣ ਪੁੱਛ ਬੜੀ,

ਪਹਿਲਾਂ ਸੀ ਇਹ ਬਾਲਣ ਦੇ ਕੰਮ ਆਉਂਦੇ ਰੁੱਖ ਸਫ਼ੈਦੇ ਦੇ।

------

ਏਨ੍ਹਾਂ ਕਰਕੇ ਧਰਤੀ ਵਿਚੋਂ ਪਾਣੀ ਘਟਦਾ ਜਾਂਦਾ ਹੈ,

ਤਾਹੀਂ ਖਵਰੇ ਹੁਣ ਨਾ ਲੋਕੀਂ ਲਾਉਂਦੇ ਰੁੱਖ ਸਫ਼ੈਦੇ ਦੇ।

-----

ਉੱਚੇ ਲੰਮੇ ਸੁੰਦਰ ਸੁਹਣੇ ਵਿਛੜ ਚੁੱਕੇ ਮਹਿਰਮ ਦੀ,

ਮੁੜ ਮੁੜ ਕੇ ਪਹਿਲੀ ਯਾਦ ਦਿਵਾਉਂਦੇ ਰੁੱਖ ਸਫ਼ੈਦੇ ਦੇ।

-----

ਸਾਹਸ ਕਰਕੇ ਸਾਜਨਤੁਰਿਆ ਰਹਿ ਤੂੰ ਅਪਣੀ ਮੰਜ਼ਿਲ ਵਲ,

ਵੇਖਾਂਗੇ ਇਹ ਕਿੰਨਾ ਤੁਰਕੇ ਆਉਂਦੇ ਰੁੱਖ ਸਫ਼ੈਦੇ ਦੇ।

No comments: