ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, March 31, 2010

ਅਮਰਜੀਤ ਸਿੰਘ ਸੰਧੂ - ਗ਼ਜ਼ਲ

ਦੋਸਤੋ! ਦਕੋਹਾ (ਜਲੰਧਰ), ਪੰਜਾਬ ਵਸਦੇ ਉਸਤਾਦ ਗ਼ਜ਼ਲਗੋ ਸ: ਅਮਰਜੀਤ ਸਿੰਘ ਸੰਧੂ ਸਾਹਿਬ ਨੇ ਆਪਣੀਆਂ ਖ਼ੂਬਸੂਰਤ ਕਿਤਾਬਾਂ, ਗ਼ਜ਼ਲ-ਸੰਗ੍ਰਹਿ ਜਜ਼ਬਾਤ ਦੇ ਪੰਛੀ ਅਤੇ ਕਾਵਿ-ਸੰਗ੍ਰਹਿ ਜੋਬਨ-ਯਾਦਾਂ ਆਰਸੀ ਲਈ ਭੇਜੀਆਂ ਹਨ। ਉਹਨਾਂ ਦੀਆਂ ਗ਼ਜ਼ਲਾਂ ਆਪਾਂ ਪਹਿਲਾਂ ਵੀ ਆਰਸੀ ਚ ਸ਼ਾਮਿਲ ਕਰਦੇ ਰਹੇ ਹਾਂ। ਅੱਜ ਪੇਸ਼ ਨੇ ਉਹਨਾਂ ਦੇ ਗ਼ਜ਼ਲ-ਸੰਗ੍ਰਹਿ ਜਜ਼ਬਾਤ ਦੇ ਪੰਛੀ ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ।

ਸੰਧੂ ਸਾਹਿਬ ਦਾ ਕਿਤਾਬਾਂ ਭੇਜਣ ਲਈ ਇਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ।

-----

ਬਕੌਲ ਉਰਦੂ ਦੇ ਸੁਪ੍ਰਸਿੱਧ ਗ਼ਜ਼ਲਗੋ ਜਨਾਬ ਸਰਦਾਰ ਪੰਛੀ ਜੀ, ...ਜੈਤੋ ਤੋਂ 'ਦੀਪਕ' ਦੀ ਲੋਅ ਲੈ ਕੇ ਜਿੰਨੇ ਵੀ ਚਿਰਾਗ਼ ਬਲ਼ੇ ਅਤੇ ਉਹਨਾਂ ਵਿੱਚੋਂ ਜਿੰਨੇ ਵੀ ਚਿਰਾਗ਼ਾਂ ਨੇ ਹੋਰ ਚਿਰਾਗ਼ ਰੌਸ਼ਨ ਕੀਤੇ, ਉਹਨਾਂ ਵਿੱਚੋਂ ਅਮਰਜੀਤ ਸਿੰਘ ਸੰਧੂ ਸਾਹਿਬ ਦਾ ਨਾਮ ਸਭ ਤੋਂ ਮੂਹਰੇ ਹੈ..।

ਅਦਬ ਸਹਿਤ

ਤਨਦੀਪ ਤਮੰਨਾ

*********

ਗ਼ਜ਼ਲ

ਚੰਨ ਚੜ੍ਹਦਾ ਮੁਸਕਰਾਇਐ, ਡੁੱਬਦੇ ਸੂਰਜ ਨੂੰ ਦੇਖ।

ਮੇਰਾ ਦਿਲ ਕਿਉਂ ਤੜਫੜਾਇਐ? ਡੁੱਬਦੇ ਸੂਰਜ ਨੂੰ ਦੇਖ।

-----

ਵਕ਼ਤ ਆਉਂਦੈ - ਸਾਥ ਮਿਲ਼ਦੈ, ਵਕ਼ਤ ਆਉਂਦੈ ਵਿਛੜਦੈ,

ਸਾਥ ਕਿਸ ਪੂਰਾ ਨਿਭਾਇਐ? ਡੁੱਬਦੇ ਸੂਰਜ ਨੂੰ ਦੇਖ।

-----

ਡੁੱਬਦੇ ਸੂਰਜ ਸਮੇਂ, ਮੁੜਦਾ ਸੀ ਅਪਣੇ ਘਰ ਨੂੰ ਜੋ,

ਕ਼ੈਦ-ਪੰਛੀ ਫੜਫਵਾਇਐ, ਡੁੱਬਦੇ ਸੂਰਜ ਨੂੰ ਦੇਖ।

-----

ਰਾਜਿਆਂ ਤੋਂ ਰੰਕ ਬਣਦੇ, ਪਲ ਨਹੀਂ ਲਗਦਾ ਸਜਨ!

ਸੱਚ ਤੋਂ ਕਿਉਂ ਮੂੰਹ ਛੁਪਾਇਐ? ਡੁੱਬਦੇ ਸੂਰਜ ਨੂੰ ਦੇਖ।

-----

ਵਕ਼ਤ, ਥੋਹੜਾ ਵਕ਼ਤ ਦੇ ਕੇ, ਤਪਸ਼ ਖੋਹ ਲੈਂਦੈ ਉਦ੍ਹੀ,

ਜਿਸ ਨੇ ਵੀ ਜੱਗ ਨੂੰ ਤਪਾਇਐ, ਡੁੱਬਦੇ ਸੂਰਜ ਨੂੰ ਦੇਖ।

-----

ਅਪਣੀ ਮਾਂ ਦੀ ਬੁੱਕਲ਼ੇ, ਹੁਣ ਮੈਂ ਸਵਾਂਗਾ ਰਾਤ-ਭਰ,

ਕਾਮਾ-ਬੱਚਾ ਚਹਿਚਹਾਇਐ, ਡੁੱਬਦੇ ਸੂਰਜ ਨੂੰ ਦੇਖ।

-----

ਡੁੱਬਦੈ ਸੂਰਜ, ਤਾਂ ਰਾਤ ਆਉਂਦੀ ਏ, ਆਉਂਦਾ ਏ ਸਜਨ,

ਫਿਰ ਵੀ ਦਿਲ ਕਿਉਂ ਝੁਣਝੁਣਾਇਐ, ਡੁੱਬਦੇ ਸੂਰਜ ਨੂੰ ਦੇਖ।

-----

ਡੁਬ ਰਿਹਾ ਸੀ ਦਿਲ ਮੇਰਾ, ਸੰਧੂ ਦੇ ਤੁਰ ਜਾਵਣ ਤੋਂ ਬਾਅਦ,

ਸ਼ੁਕਰ ਹੈ, ਉਹ ਪਰਤ ਆਇਐ, ਡੁੱਬਦੇ ਸੂਰਜ ਨੂੰ ਦੇਖ।

=====

ਗ਼ਜ਼ਲ

ਯਾਰ ਦੇ ਲਾਰੇ ਤੇ ਵੀ ਵਿਸ਼ਵਾਸ ਹੋ ਜਾਂਦੈ ਕਿ ਨਈਂ?

ਦੁਸ਼ਮਣਾਂ ਦਾ ਸੱਚ ਵੀ ਬਕਵਾਸ ਹੋ ਜਾਂਦੈ ਕਿ ਨਈਂ?

-----

ਜਦ ਕੋਈ ਵਾਅਦਾ ਕਰੇ ਕਿ ਇਸ ਦਫ਼ਾ ਆਊਂ ਜ਼ਰੂਰ,

ਡੁੱਬਦੇ ਦਿਲ ਨੂੰ ਵੀ ਕੁਝ ਧਰਵਾਸ ਹੋ ਜਾਂਦੈ ਕਿ ਨਈਂ?

-----

ਜੇ ਕਿਸੇ ਲਈ ਪਿਆਰ-ਭਿੱਜੇ ਬੋਲ ਆਪਾਂ ਬੋਲੀਏ,

ਉਮਰ-ਭਰ ਲਈ ਆਪਣਾ ਉਹ ਦਾਸ ਹੋ ਜਾਂਦੈ ਕਿ ਨਈਂ?

-----

ਬਾਪ-ਦਾਦਾ ਜੇ ਮਨਿਸਟਰ ਹੋਣ ਤਾਂ, ਚਾਨਣ-ਚਿਰਾਗ਼,

ਮੇਜ਼ ਤੇ ਪਸਤੌਲ ਰਖ ਕੇ ਪਾਸ ਹੋ ਜਾਂਦੈ ਕਿ ਨਈਂ?

-----

ਸਾਊ-ਮਾਪੇ ਸਾਊਪਨ ਬਾਰੇ ਤਾਂ ਪੁੱਛਣ ਰਾਮ ਤੋਂ,

ਸਾਊ ਕੁੱਖ ਚੋਂ ਜੰਮਣਾ ਬਨਵਾਸ ਹੋ ਜਾਂਦੈ ਕਿ ਨਈਂ?

-----

ਅਪਣੀ ਰਚਨਾ ਜਦ ਕਿਸੇ ਪਰਚੇ ਚ ਛਪ ਜਾਵੇ ਹਜ਼ੂਰ!

ਅਪਣੇ ਜੀਂਦੇ ਹੋਣ ਦਾ ਅਹਿਸਾਸ ਹੋ ਜਾਂਦੈ ਕਿ ਨਈਂ?

-----

ਜਿਸ ਦੇ ਘਰ ਵਿਚ ਬਹੁਤੀਆਂ ਵੋਟਾਂ ਨੇ, ਐਸਾ ਆਮ-ਸ਼ਖ਼ਸ,

ਵੋਟਾਂ ਦੇ ਮੌਸਮ ਖ਼ਾਸੋ-ਖ਼ਾਸ ਹੋ ਜਾਂਦੈ ਕਿ ਨਈਂ?

-----

ਯਾਰ ਸੰਧੂ! ਵਜ਼ਨ-ਹੀਣੇ, ਬੇ-ਮੁਨਾਸਬ ਲਫ਼ਜ਼ਾਂ ਨਾਲ਼,

ਵਧੀਆ ਖ਼ਿਆਲਾਂ ਦਾ ਵੀ ਸਤਿਆਨਾਸ ਹੋ ਜਾਂਦੈ ਕਿ ਨਈਂ?

No comments: