ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, March 31, 2010

ਡਾ: ਜਗਤਾਰ - ਨਜ਼ਮ

ਵਸੀਅਤ

ਨਜ਼ਮ

ਮੈਂ ਅਪਣਾ ਕ਼ਤਲਨਾਮਾ ਪੜ੍ਹ ਲਿਆ ਹੈ

ਜ਼ਰਾ ਠਹਿਰੋ!

ਕੋਈ ਬਸਤੀ ਚ ਤਾਂ ਬਾਕੀ ਨਹੀਂ ਬਚਿਆ

ਦਰਖ਼ਤਾਂ ਨੂੰ ਵਸੀਅਤ ਕਰ ਲਵਾਂ ਮੈਂ।

.........

...ਮਿਰੋ ਯਾਰੋ!

ਮਿਰੇ ਪਿੱਛੋਂ

ਤੁਸੀਂ ਕਿਸ਼ਤੀ ਵੀ ਬਣਨਾ ਹੈ

ਤੁਸੀਂ ਚਰਖ਼ਾ ਵੀ ਬਣਨਾ ਹੈ

ਤੁਸੀਂ ਰੰਗੀਲ-ਪੀੜ੍ਹਾ ਵੀ

ਤੇ ਪੰਘੂੜਾ ਵੀ ਬਣਨਾ ਹੈ

ਮਗਰ ਕੁਰਸੀ ਨਹੀਂ ਬਣਨਾ..।

...........

ਮਿਰੇ ਯਾਰੋ!

ਮਿਰੇ ਪਿੱਛੋਂ

ਤੁਸੀਂ ਹਰ ਹਾਲ

ਡਿਗਦੀ ਛੱਤ ਹੀ ਥੰਮ੍ਹੀ ਤਾਂ ਬਣਨਾ ਹੈ

ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ

ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ...।

-----

ਮਿਰੇ ਯਾਰੋ!

ਮਿਰੇ ਪਿੱਛੋਂ

ਕਿਸੇ ਵੀ ਭੀਲ ਦਾ ਨਾਵਕ ਤਾਂ ਬਣ ਜਾਣਾ

ਦਰੋਣਾਚਾਰੀਆ ਦੀ ਢਾਲ ਨਾ ਬਣਨਾ।

ਕਿਸੇ ਪੂਰਨ ਦੀਆਂ ਮੁੰਦਰਾਂ ਤਾਂ ਬਣ ਜਾਣਾ

ਕਿਸੇ ਰਾਮ ਦੇ ਪਊਏ ਨਹੀਂ ਬਣਨਾ

ਕਿਸੇ ਚਰਵਾਲ ਦੀ ਵੰਝਲੀ ਤਾਂ ਬਣ ਜਾਣਾ

ਤਿਲਕ ਵੇਲ਼ੇ-

ਕਿਸੇ ਦੇ ਰਾਜ ਘਰ ਵਿਚ ਪਰ

ਸ਼ਹਾਦਤ ਦੀ ਕਦੇ ਉਂਗਲ਼ੀ ਨਹੀਂ ਬਣਨਾ...।

..........

ਮਿਰੇ ਯਾਰੋ!

ਮਿਰੇ ਪਿੱਛੋਂ

ਤੁਸੀਂ ਛਾਵਾਂ ਦੇ ਰੂਪ ਅੰਦਰ

ਤੁਸੀਂ ਪੌਣਾਂ ਦੇ ਰੂਪ ਅੰਦਰ

ਤੁਸੀਂ ਫੁੱਲਾਂ, ਫ਼ਲਾਂ, ਮਹਿਕਾਂ ਦੇ ਰੂਪ ਅੰਦਰ

ਦੁਆਵਾਂ ਹੀ ਬਣੇ ਰਹਿਣਾ

ਕਦੇ ਤੂਫ਼ਾਨ ਨਾ ਬਣਨਾ...।

.............

ਮਿਰੇ ਯਾਰੋ!

ਮਿਰੇ ਪਿੱਛੋਂ

ਜਦੋਂ ਇਹ ਜ਼ਰਦ ਮੌਸਮ ਖ਼ਤਮ ਹੋ ਜਾਵੇ

ਜਦੋਂ ਹਰ ਸ਼ਾਖ਼ ਦਾ ਨੰਗੇਜ਼ ਲੁਕ ਜਾਵੇ

ਜੋ ਹਿਜਰਤ ਕਰ ਗਏ ਨੇ

ਉਹ ਪਰਿੰਦੇ ਪਰਤ ਕੇ ਆਵਣ

ਤੁਸੀਂ ਇਕ ਜਸ਼ਨ ਕਰਨਾ

ਓਸ ਮਿੱਟੀ ਦਾ

ਜੋ ਪੀਲ਼ੇ ਮੌਸਮਾਂ ਵਿਚ ਕ਼ਤਲ ਹੋ ਕੇ ਵੀ

ਜੜ੍ਹਾਂ ਅੰਦਰ ਸਦਾ ਮਹਿਫ਼ੂਜ਼ ਰਹਿੰਦੀ ਹੈ

ਨਾ ਮਰਦੀ ਹੈ

ਨਾ ਮਿਟਦੀ ਹੈ

ਸਿਰਫ਼ ਸ਼ਕਲਾਂ ਬਦਲਦੀ ਹੈ..!

*******

ਯਾਦਾਂ ਦੀ ਐਲਬਮ: ਦੋਸਤੋ! ਡਾ. ਜਗਤਾਰ ਜੀ ਦੀਆਂ ਇਹ ਫੋਟੋਆਂ ਯੂ. ਐੱਸ.ਏ. ਵਸਦੇ ਗ਼ਜ਼ਲਗੋ ਡਾ: ਪ੍ਰੇਮ ਮਾਨ ਨੇ 28 ਫਰਵਰੀ 2010 ਨੂੰ ਹੀ ਉਨ੍ਹਾਂ ਦੇ ਘਰ ਖਿੱਚੀਆਂ ਸਨ ਜਦੋਂ ਉਹ ਕੁਝ ਦਿਨ੍ਹਾਂ ਲਈ ਪੰਜਾਬ ਗਏ ਸੀਇਕ ਫੋਟੋ ਵਿੱਚ ਉਹਨਾਂ ਨਾਲ ਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਵੀ ਬੈਠੇ ਹਨ। ਡਾ: ਮਾਨ ਸਾਹਿਬ ਦਾ ਆਰਸੀ ਪਰਿਵਾਰ ਨਾਲ਼ ਡਾ: ਜਗਤਾਰ ਜੀ ਦੀਆਂ ਇਹ ਨਵੀਆਂ ਫੋਟੋਆਂ ਸਾਝੀਆਂ ਕਰਨ ਲਈ ਬੇਹੱਦ ਸ਼ੁਕਰੀਆ।











No comments: