ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, March 23, 2010

ਗਗਨਦੀਪ ਸ਼ਰਮਾ - 23 ਮਾਰਚ 'ਤੇ ਵਿਸ਼ੇਸ਼ - ਨਜ਼ਮ

ਪੀੜ੍ਹੀਆਂ ਦਾ ਸਫ਼ਰ

ਨਜ਼ਮ

ਮੈਂ ਜਿਉਂਦਾ ਹਾਂ ਅਜੇ,

ਮਰਿਆ ਨਹੀਂ ਹਾਂ ਮੈਂ

ਦੌੜਿਆ ਫਿਰਦਾ ਹਾਂ ਮੈਂ,

ਥੋੜ੍ਹ-ਜ਼ਮੀਨੇ ਕਿਸਾਨ ਦੇ ਖੇਤਾਂ ਵਿਚ

ਉਸਦਾ ਲਹੂ ਬਣ ਕੇ,

ਹਉਕੇ ਭਰਦੀ ਬੇਰੁਜ਼ਗਾਰ ਜਵਾਨੀ ਦੇ ਵਿਚ

ਸਾਬਤ-ਸਬੂਤਾ ਫਿਰਦਾ ਹਾਂ ਮੈਂ,

ਜਲ੍ਹਿਆਂਵਾਲੇ ਬਾਗ਼ ਦੀ ਦੀਵਾਰ ਵਿਚ ਦੀ ਸਾਹ ਲੈਂਦਾ

ਜਿਉਂਦਾ ਹਾਂ ਮੈਂ ਅਜੇ

..............

ਮੈਂ ਲੜਨਾ ਹੈ ਅਜੇ

ਦਹਿਸ਼ਤ ਫੈਲਾਉਂਦੇ ਹੈਵਾਨ ਨਾਲ਼,

ਭਾਰਤ ਨੂੰ ਖੋਖਲਾ ਕਰ ਦੇਣ ਦੇ ਸੁਪਨੇ ਲੈਂਦੇ

ਪੱਛਮੀ ਸ਼ੈਤਾਨ ਨਾਲ਼,

ਲੋਕਾਂ ਦੀਆਂ ਭੀੜਾਂ ਨੂੰ

ਅਧਰਮ ਦਾ ਪਾਠ ਪੜ੍ਹਾਉਂਦੇ

ਵਪਾਰੀ ਭਗਵਾਨ ਨਾਲ਼,

ਲੜਨਾ ਹੈ ਮੈਂ ਅਜੇ

.............

ਤੇਜ਼ ਕਰਨੀ ਹੈ ਤਲਵਾਰ,

ਇਨਕਲਾਬੀ ਵਿਚਾਰਾਂ ਦੀ ਸਾਣ ਤੇ

ਅਜੇ ਤਾਂ

ਮਿਲ਼ਣਾ ਹੈ ਮੈਂ ਆਪਣੇ ਨਿੱਕੇ ਵੀਰਾਂ ਨੂੰ,

ਦੱਸਣੇ ਨੇ ਉਹਨਾਂ ਨੂੰ

ਪੱਗ ਤੇ ਮੁੱਛ ਦੇ ਅਰਥ

ਕਿ ਇਹ ਕੇਵਲ ਵਿਖਾਉਣ ਲਈ ਨਹੀਂ

ਮਨ ਵਿਚ ਵਸਾਉਣ ਲਈ ਵੀ ਹੁੰਦੀਆਂ,

ਮਿਲਣਾ ਹੈ ਉਹਨਾਂ ਨੂੰ ਮੈਂ ਅਜੇ

.............

ਮੇਰਾ ਕਚਹਿਰੀਆਂ ਵਿਚ ਦਿੱਤਾ ਬਿਆਨ

ਭੁੱਲ ਗਏ ਨੇ ਜੋ

ਉਹਨਾਂ ਨੂੰ ਯਾਦ ਦਿਵਾਉਣਾ ਹੈ ਅਜੇ,

ਕਿ ਗ਼ੁਲਾਮੀ ਤੇ ਆਜ਼ਾਦੀ

ਮਸਤਕ ਵਿਚ ਹੁੰਦੀ ਹੈ ਕੇਵਲ,

ਕਿ ਬੰਬ

ਵਿਚਾਰਾਂ ਦੇ ਵੀ ਹੁੰਦੇ ਨੇ,

ਯਾਦ ਦਿਵਾਉਣਾ ਹੈ ਅਜੇ

...............

ਅਜੇ ਤਾਂ

ਮੁੜ ਕਹਿਣਾ ਹੈ ਮਾਂ ਨੂੰ

ਰੰਗ ਦੇ ਚੋਲਾ

ਬਸੰਤੀ ਰੰਗ ਵਿਚ

ਲੜਨੀ ਹੈ

ਜੰਗ ਸੋਚ ਦੀ ਆਜ਼ਾਦੀ ਦੀ

ਬੜਾ ਕੁਝ ਕਰਨਾ ਹੈ ਅਜੇ ਤਾਂ ਮੈਂ

ਕਿ ਮੈਂ ਜਿਉਂਦਾ ਹਾਂ ਅਜੇ

...........

ਉੱਠੋ ਸਾਥੀਓ!

ਅਜੇ ਜ਼ਿੰਦਗ਼ੀ ਦੇ ਅਰਥ ਭਾਲਣੇ ਨੇ

ਮੈਂ ਸ਼ਹੀਦ ਨਹੀਂ

ਹਵਾ ਬਣ ਕੇ ਵਗ ਰਿਹਾ ਵੇਗ ਹਾਂ

ਮੈਨੂੰ ਸ਼ਰਧਾ ਦੇ ਫੁੱਲ ਨਹੀਂ

ਸਾਥ ਨਿਭਾਉਣ ਵਾਲੇ ਹੱਥ ਲੋੜੀਂਦੇ ਨੇ

.............

ਮੈਂ ਜਿਉਂਦਾ ਹਾਂ ਅਜੇ

ਅਸੀਂ ਮਰਦੇ ਨਹੀਂ ਹੁੰਦੇ

ਅਸੀਂ ਤਾਂ ਸਫ਼ਰ ਕਰਦੇ ਹਾਂ

ਪੀੜ੍ਹੀ-ਦਰ-ਪੀੜ੍ਹੀ

2 comments:

Rajinderjeet said...

ਭਗਤ ਸਿੰਘ ਦੇ ਫ਼ਲਸਫ਼ੇ ਦੀ ਯਾਦ ਦੁਆਉਂਦੀ ਭਾਵਪੂਰਤ ਕਵਿਤਾ ਲਈ ਧੰਨਵਾਦ |

rup said...

Ganan Sharma ji,Mahan Inqlabi S. Bhagat Singh de vichara nu pesh kerdi nazam'Pirian da Safar'man ne bhai hai-Rup Daburji