ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, March 16, 2010

ਹਰਭਜਨ ਸਿੰਘ ਮਾਂਗਟ - ਨਜ਼ਮ

ਦੋਸਤੋ! ਸਰੀ, ਕੈਨੇਡਾ ਵਸਦੇ ਲੇਖਕ ਹਰਭਜਨ ਸਿੰਘ ਮਾਂਗਟ ਜੀ ਨੇ ਹਾਲ ਹੀ ਚ ਪ੍ਰਕਾਸ਼ਿਤ ਆਪਣੀਆਂ ਦੋ ਕਿਤਾਬਾਂ ਬਿੱਛੂ ਬੂਟੀ ਅਤੇ ਦਸਤਕ ਗ਼ਜ਼ਲਾਂ ਦੀ ਆਰਸੀ ਲਈ ਭੇਜੀਆਂ ਹਨ। ਅੱਜ ਉਹਨਾਂ ਦੇ ਕਾਵਿ-ਸੰਗ੍ਰਹਿ ਬਿੱਛੂ ਬੂਟੀ ਚੋਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਵੀ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ। ਗ਼ਜ਼ਲ-ਸੰਗ੍ਰਹਿ ਚੋਂ ਗ਼ਜ਼ਲਾਂ ਆਉਣ ਵਾਲ਼ੇ ਦਿਨਾਂ ਵਿਚ ਸਾਂਝੀਆਂ ਕੀਤੀਆਂ ਜਾਣਗੀਆਂ। ਇਹ ਕਿਤਾਬਾਂ ਜਲਦ ਹੀ ਸਰੀ ਵਿਚ ਰਿਲੀਜ਼ ਕੀਤੀਆਂ ਜਾਣਗੀਆਂ। ਨਵੀਆਂ ਕਿਤਾਬਾਂ ਦੀ ਪ੍ਰਕਾਸ਼ਨਾ ਤੇ ਮਾਂਗਟ ਸਾਹਿਬ ਨੂੰ ਦਿਲੀ ਮੁਬਾਰਕਬਾਦ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

=====

ਕੁਝ ਸੁਪਨੇ

ਨਜ਼ਮ

ਕੁਝ ਸੁਪਨੇ ਅੱਜ ਸੂਲ਼ੀ ਚੜ੍ਹਕੇ,

ਈਸਾ ਵਾਂਗੂੰ ਮੋਏ।

ਕੁਝ ਸੁਪਨੇ ਹਨ ਫੁੱਲਾਂ ਵਾਂਗੂੰ,

ਭਰ ਗੁਲਸ਼ਨ ਵਿਚ ਰੋਏ।

-----

ਕੁਝ ਸੁਪਨੇ ਸੂਰਜ ਦੇ ਘਰ ਵਿਚ,

ਚਾਨਣ ਬਾਝੋਂ ਮੋਏ।

ਕੁਝ ਸੁਪਨੇ ਹਨ ਅੰਬਰ ਵਿਹੜੇ,

ਤਾਰੇ ਬਣ ਬਣ ਰੋਏ।

-----

ਕੁਝ ਸੁਪਨੇ ਬੱਦਲਾਂ ਦੇ ਵਾਂਗੂੰ,

ਬਿਨ ਵਰ੍ਹਿਆਂ ਹੀ ਲੰਘੇ।

ਕੁਝ ਸੁਪਨੇ ਅੱਖਾਂ ਦੀ ਸਰਦਲ,

ਉੱਤੇ ਆਉਣੋ ਸੰਗੇ।

-----

ਕੁਝ ਸੁਪਨੇ ਸ਼ਬਨਮ ਦੇ ਵਾਂਗੂੰ,

ਹੱਥਾਂ ਵਿਚੋਂ ਤਿਲ੍ਹਕੇ।

ਕੁਝ ਸੁਪਨੇ ਬਾਲਾਂ ਦੇ ਵਾਂਗੂੰ,

ਰੋਏ ਨਾਲ਼ੇ ਬਿਲ੍ਹਕੇ।

-----

ਕੁਝ ਸੁਪਨੇ ਹੰਸਾਂ ਦੇ ਵਾਂਗੂੰ,

ਆਉਂਦੇ ਤੇ ਉੱਡ ਜਾਂਦੇ।

ਕੁਝ ਸੁਪਨੇ ਰੰਗਾਂ ਦੀ ਰੁੱਤ ਵਿਚ,

ਰੰਗਹੀਣ ਹੋ ਆਂਦੇ।

-----

ਕੁਝ ਸੁਪਨੇ ਜਿਉਂ ਬੰਜਰ ਧਰਤੀ,

ਥੇਹਾ ਅਤੇ ਉਜਾੜਾਂ।

ਕੁਝ ਸੁਪਨੇ ਜਿਉਂ ਫੁੱਲਾਂ ਨੂੰ ਮੈਂ,

ਬਲ਼ਦੀ ਅੱਗ ਵਿਚ ਸਾੜਾਂ।

-----

ਕੁਝ ਸੁਪਨੇ ਜ਼ਿੰਦਗੀ ਦੇ ਦਰ ਤੇ,

ਜੋਗੀ ਬਣਕੇ ਆਏ।

ਕੁਝ ਸੁਪਨੇ ਕਾਸੇ ਵਿਚ ਹੰਝੂ,

ਜਿੱਦਾਂ ਇੱਛਰਾਂ ਪਾਏ।

-----

ਕੁਝ ਸੁਪਨੇ ਹਨ ਰਾਂਝਿਆਂ ਵਰਗੇ,

ਜੋ ਹੀਰਾਂ ਲਈ ਜੀਂਦੇ।

ਕੁਝ ਸੁਪਨੇ ਮਹੀਂਵਾਲਾਂ ਵਰਗੇ,

ਜੋ ਸੋਹਣੀਆਂ ਲਈ ਥੀਂਦੇ।

-----

ਕੁਝ ਸੁਪਨੇ ਮਰਸੀਏ ਸਿਰ ਤੇ,

ਦਰਦਾਂ ਦਾ ਦਸਤਾਰਾ।

ਕੁਝ ਸੁਪਨੇ ਹਨ ਮੇਰੇ ਵਰਗੇ,

ਸਾਜ਼ ਜਿਵੇਂ ਬਿਨ ਤਾਰਾਂ।

-----

ਕੁਝ ਸੁਪਨੇ ਜਿਉਂ ਪੀਲ਼ੇ ਪੱਤੇ,

ਜਾਂ ਕੋਈ ਰੁੱਖ ਨਿਪੱਤਰਾ।

ਕੁਝ ਸੁਪਨੇ ਪਾਣੀ ਵਿਚ ਬਿਖਰੇ,

ਹੋ ਕੇ ਕ਼ਤਰਾ ਕ਼ਤਰਾ।

-----

ਕੁਝ ਸੁਪਨੇ ਜਿਉਂ ਹੋਂਦ ਵਿਹੂਣੇ,

ਜਿੱਦਾਂ ਧੁਰੋਂ ਸਰਾਪੇ।

ਕੁਝ ਸੁਪਨੇ ਹਨ ਵਿਥਿਆ ਕਹਿੰਦੇ,

ਦਰਦਾਂ ਮਾਰੀ ਆਪੇ।

====

ਫਿਰ ਤੇਰਾ ਖ਼ਤ ਆਇਆ

ਨਜ਼ਮ

ਅੱਜ ਵਰ੍ਹਿਆਂ ਪਿੱਛੋਂ

ਉਮਰ ਦੇ ਤੀਜੇ ਪਹਿਰ

ਜਦਕਿ ਸ਼ਾਮ ਢਲ਼ੀ

ਤੇ ਸੂਰਜ ਡੁੱਬਣ ਵਾਲਾ ਹੈ

ਫਿਰ ਤੇਰਾ ਖ਼ਤ ਆਇਆ

...........

ਹੁਣ ਅੱਖਾਂ ਦੇ ਵਿਚ

ਏਨੀ ਜੋਤ ਨਹੀਂ

ਐਨਕ ਵੀ ਮੁਨਕਰ ਹੋ ਗਈ ਹੈ

.............

ਤੇਏ ਖ਼ਤ ਦੇ ਬਾਰੀਕ ਅੱਖਰਾਂ ਦੇ

ਸੱਪ ਡੰਗਣ

ਪੁਰਾਣੀਆਂ ਹੱਡ-ਬੀਤੀਆਂ

ਮੇਰੇ ਚੇਤੇ ਵਿਚ ਢਲ਼ਦੀ ਉਮਰੇ

..............

ਮੈਂ ਤੇਰਾ ਖ਼ਤ ਪਾੜ ਦਿੱਤੈ

ਮਾਫ਼ ਕਰੀਂ!

ਉਂਝ

ਤੂੰ ਵੀ ਤਾਂ ਹੁਣ

ਢਲ਼ਦਾ ਸੂਰਜ ਏਂ।

2 comments:

Unknown said...

Mangat Sahib tuhade 'Supne'ate 'Nazam' vaste main dilo daad pesh kar riha han.

Sukhdarshan Dhaliwal said...

Mangat Sahib..tuhaadi Nazam.."Kujh Supne" pasand aaee..."the dream world is the only world that belongs to us individually"...thanks...Sukhdarshan.