ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, March 15, 2010

ਕ੍ਰਿਸ਼ਨ ਭਨੋਟ - ਗ਼ਜ਼ਲ

ਸਾਹਿਤਕ ਨਾਮ: ਕ੍ਰਿਸ਼ਨ ਭਨੋਟ

ਅਜੋਕਾ ਨਿਵਾਸ: ਸਰੀ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਮਹਿਕ ਦੇ ਹਸਤਾਖ਼ਰ, ਜਲ-ਤਰੰਗ, ਤਲਖ਼ ਪਲ, ਚੁੱਪ ਦਾ ਸੰਗੀਤ, ਸੋਨੇ ਦੀ ਸਲੀਬ ਤੋਂ ਅਤੇ ਇੱਕ ਹੀ ਵਿਅੰਗ ਗ਼ਜ਼ਲ: ਵਿਅੰਗ ਲੀਲਾ ਪ੍ਰਕਾਸ਼ਿਤ ਹੋ ਚੁੱਕੇ ਹਨ।

-----

ਦੋਸਤੋ! ਪ੍ਰਸਿੱਧ ਗ਼ਜ਼ਲਗੋ ਜਨਾਬ ਕ੍ਰਿਸ਼ਨ ਭਨੋਟ ਜੀ ਦੀਆਂ ਗ਼ਜ਼ਲਾਂ ਆਪਾਂ ਪਹਿਲਾਂ ਵੀ ਆਰਸੀ ਚ ਸ਼ਾਮਿਲ ਕਰ ਚੁੱਕੇ ਹਾਂ, ਪਰ ਉਹਨਾਂ ਦੀ ਫੋਟੋ ਅਤੇ ਕਿਤਾਬਾਂ ਦਾ ਵੇਰਵਾ ਹੁਣ ਪ੍ਰਾਪਤ ਹੋਇਆ ਹੈ। ਪਿਛਲੇ ਹਫ਼ਤੇ ਉਹਨਾਂ ਆਪਣਾ ਗ਼ਜ਼ਲ-ਸੰਗ੍ਰਹਿ ਸੋਨੇ ਦੀ ਸਲੀਬ ਤੋਂ ਮੈਨੂੰ ਪੜ੍ਹਨ ਵਾਸਤੇ ਦਿੱਤਾ ਸੀ, ਏਸੇ ਕਿਤਾਬ ਚੋਂ ਅੱਜ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਵੀ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਖਿਲਰੇ ਜੁ ਰਾਹਾਂ ਚ, ਕੁਝ ਤਾਂ ਕੰਡੇ ਬੁਹਾਰਦੇ।

ਸਿਰ ਆਪਣੇ ਤੋਂ, ਜ਼ਿੰਦਗੀ ਦਾ ਰਿਣ ਉਤਾਰ ਦੇ।

-----

ਓਹੀ ਅਖ਼ੀਰ ਲੁੱਟਦੇ ਬੁੱਲੇ ਬਹਾਰ ਦੇ।

ਜੋ ਲੋਕ ਪਤਝੜਾਂ ਦੀਆਂ ਛਮਕਾਂ ਸਹਾਰਦੇ।

-----

ਕਿੰਨੀ ਵੀ ਤਾਰਨੀ ਪਵੇ, ਕੀਮਤ ਉਹ ਤਾਰਦੇ।

ਪਾਉਣੈ ਜਿਨ੍ਹਾਂ ਨੇ ਲਕਸ਼, ਉਸ ਸੀਅ ਨਾ ਉਚਾਰਦੇ।

-----

ਜਿੰਨਾ ਸਕੇਂ ਸਕਾਰ ਤੂੰ, ਸੁਪਨਾ ਸਕਾਰ ਦੇ।

ਜਿੰਨੀ ਸਕੇਂ ਸੰਵਾਰ ਤੂੰ, ਦੁਨੀਆਂ ਸੰਵਾਰ ਦੇ।

-----

ਮੈਂ ਤਾਂ ਹਮੇਸ਼ ਹੀ ਖੜ੍ਹਾਂ ਹਾਜ਼ਰ ਤਿਰੇ ਲਈ,

ਤੈਨੂੰ ਜਦੋਂ ਵੀ ਲੋੜ ਹੈ ਤੂੰ ਹਾਕ ਮਾਰ ਦੇ।

-----

ਐਵੇਂ ਨਾ ਹੋ ਉਦਾਸ ਤੂੰ, ਕੁਝ ਫੜ ਕਰਾਰ ਹੁਣ,

ਤੂੰ ਉੱਠ, ਚੱਲ, ਢਹਿੰਦੀਆਂ ਸੋਚਾਂ ਨਕਾਰਦੇ।

-----

ਪਤਵੰਤਿਆਂ ਨੂੰ ਸ਼ੋਭਦੈ, ਦੂਹਰਾ ਮਿਆਰ ਤਾਂ,

ਹੁੰਦੀ ਜ਼ਰਾ ਨ ਮੈਲ਼ ਵੀ, ਦਿਲ ਵਿਚ ਗੰਵਾਰ ਦੇ।

-----

ਅਪਣੀ ਜ਼ੁਬਾਨ ਕਿਸ਼ਨ ਦੇਹ, ਤੂੰ ਲੋਕ-ਪੀੜ ਨੂੰ,

ਲੋਕਾਂ ਦਾ ਦਰਦ, ਰੀਝ, ਚਾਅ, ਜਜ਼ਬਾ ਉਭਾਰ ਦੇ।

-----

ਚੱਲੇ ਗ਼ਜ਼ਲ ਦੀ ਗੱਲ ਤਾਂ ਤੇਰੇ ਤੇ ਮੁੱਕਦੀ,

ਪਿੱਛੇ ਖੜ੍ਹਾ ਏਂ ਕਿਸ਼ਨ ਤੂੰ, ਲੰਮੀ ਕਤਾਰ ਦੇ।

=====

ਗ਼ਜ਼ਲ

ਗੀਟਾ ਹਾਂ ਵਾਸਤਾ ਰਿਹਾ ਹੈ, ਪੱਥਰਾਂ ਦੇ ਨਾਲ਼।

ਹੋਇਆਂ ਮੈਂ ਗੋਲ਼ ਕਿੰਨੀਆਂ ਹੀ ਠੋਕਰਾਂ ਦੇ ਨਾਲ਼।

-----

ਉਡਣਾ ਨਹੀਂ ਹੈ ਮਾਂਗਵੇਂ ਖੰਭਾਂ ਦੇ ਜ਼ੋਰ ਤੇ,

ਮੈਂ ਲੋਚਦਾ ਹਾਂ ਉੱਡਣਾ, ਅਪਣੇ ਪਰਾਂ ਦੇ ਨਾਲ਼।

-----

ਦਿਲ ਤੋੜ ਕੇ ਖ਼ੁਸ਼ ਹੋ ਗਿਉਂ ਹੁਣ ਤਾਂ ਤੂੰ ਬਖ਼ਸ਼ ਦੇਹ,

ਕਿਉਂ ਖੇਡਣਾ ਤੂੰ ਲੋਚਦਾ ਏਂ ਕੰਕਰਾਂ ਦੇ ਨਾਲ਼।

-----

ਸੱਟਾਂ ਪਲ਼ੋਸ ਬੈਠ ਕੇ ਜ਼ਖ਼ਮਾਂ ਤੇ ਮਾਣ ਕਰ,

ਪਾ ਲੈ ਤੂੰ ਹੋਰ ਦੋਸਤੀ ਜ਼ੋਰਾਵਰਾਂ ਦੇ ਨਾਲ਼।

-----

ਭੂ-ਹੇਰਵਾ ਮਨੁੱਖ ਦਾ ਘਟਦਾ ਹੈ ਵਕ਼ਤ ਨਾਲ਼,

ਪੈਂਦਾ ਹੈ ਵਕ਼ਤ ਨਾਲ਼ ਮੋਹ ਨਵਿਆਂ ਘਰਾਂ ਦੇ ਨਾਲ਼।

-----

ਜਾਣੈਂ ਵਲੈਤ ਬਣਕੇ ਕਲਾਕਾਰ ਸੋਚ ਲੈ,

ਕੁਝ ਮੇਲ਼ ਜੋਲ਼ ਗੰਢ ਲੈ, ਪਰਮੋਟਰਾਂ ਦੇ ਨਾਲ਼।

-----

ਭਰਦੀ ਹੈ ਜੇਬ ਤਾਂ ਬਿਲੇ ਲੱਗਣ ਦੇ ਵਾਸਤੇ,

ਭਰਦੀ ਬਿਲਾਂ ਦੇ ਨਾਲ਼ ਹੈ ਉੱਡਦੀ ਕਰਾਂ ਦੇ ਨਾਲ਼।

-----

ਕੀ ਹੈ ਕਵੀ ਦਾ, ਹੈ ਕਵੀ ਬੱਚੇ ਦੇ ਵਾਂਗਰਾਂ,

ਇਹ ਪਰਚਿਆ ਰਹੇ ਸਦਾ ਹੀ ਅੱਖਰਾਂ ਦੇ ਨਾਲ਼।

-----

ਅੰਬਾਂ ਦੀ ਥਾਂ ਅੰਬਾਕੜੀ ਲਾਹੇ ਨਾ ਕਿਸ਼ਨ ਭੁੱਖ,

ਲਹਿੰਦੀ ਨਾ ਭੁੱਖ ਮੇਲ਼ ਦੀ, ਖ਼ਤ ਪੱਤਰਾਂ ਦੇ ਨਾਲ਼।

4 comments:

Jagjit said...

ਹੋਇਆ ਹਾਂ ਗੋਲ਼ ਕਿੰਨੀਆਂ ਹੀ ਠੋਕਰਾਂ ਦੇ ਨਾਲ਼

ਕੱਮਾਲ ਦਾ ਮਿਸਰਾ ਹੈ ਜੀ

ਕੱਮਾਲ ਵੀ ਅੱਧਕ ਵਾਲ਼ੀ

ਖ਼ੂਬਸੂਰਤ ਗ਼ਜ਼ਲ

rup said...

Bhnot Sahib Vah....

Sukhdarshan Dhaliwal said...

Bhnot Sahib...Bohut khoob!Excellent!!...Bravo!!!...thank you for sharing...Sukhdarshan.

shamsher said...

ਚੱਲੇ ਗ਼ਜ਼ਲ ਦੀ ਗੱਲ ਤਾਂ ਤੇਰੇ ‘ਤੇ ਮੁੱਕਦੀ,
ਪਿੱਛੇ ਖੜ੍ਹਾ ਏਂ ‘ਕਿਸ਼ਨ’ ਤੂੰ, ਲੰਮੀ ਕਤਾਰ ਦੇ।
wah kya baat hai!
Shamsher Mohi (Dr)
Ropar (Punjab)