ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, March 17, 2010

ਕੁਲਵਿੰਦਰ ਕੁੱਲਾ - ਗ਼ਜ਼ਲ

ਦੋਸਤੋ! ਨਵਾਂ ਸ਼ਹਿਰ, ਪੰਜਾਬ ਵਸਦੇ ਗ਼ਜ਼ਲਗੋ ਕੁਲਵਿੰਦਰ ਕੁੱਲਾ ਜੀ ਆਪਣਾ ਗ਼ਜ਼ਲ-ਸੰਗ੍ਰਹਿ ਹਉਕੇ ਦਾ ਅਨੁਵਾਦ ਆਰਸੀ ਲਈ ਭੇਜਿਆ ਹੈ। ਦਾਦਰ ਪੰਡੋਰਵੀ ਜੀ ਨੇ ਕੁਲਵਿੰਦਰ ਜੀ ਦੀਆਂ ਗ਼ਜ਼ਲਾਂ ਭੇਜ ਕੇ ਪਹਿਲਾਂ ਵੀ ਉਹਨਾਂ ਦੀ ਹਾਜ਼ਰੀ ਲਵਾਈ ਸੀ। ਅੱਜ ਉਹਨਾਂ ਦੇ ਏਸੇ ਸੰਗ੍ਰਹਿ ਹਉਕੇ ਦਾ ਅਨੁਵਾਦ ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ। ਬਾਕੀ ਗ਼ਜ਼ਲਾਂ ਆਉਣ ਵਾਲ਼ੇ ਦਿਨਾਂ ਵਿਚ ਸਾਂਝੀਆਂ ਕਰਦੇ ਰਹਾਂਗੇ। ਇਹਨਾਂ ਗ਼ਜ਼ਲਾਂ ਵਿਚਲੀ ਖ਼ਿਆਲ-ਉਡਾਰੀ ਦੀ ਮੌਲਿਕਤਾ ਅਤੇ ਉਸਦੇ ਗ਼ਜ਼ਲ ਵਿਚ ਪੁਖ਼ਤਗੀ ਅਤੇ ਸਲੀਕੇ ਨਾਲ਼ ਨਿਭਾਅ ਨੇ ਵਿਸ਼ੇਸ਼ ਤੌਰ ਤੇ ਮੇਰਾ ਧਿਆਨ ਖਿੱਚਿਆ ਹੈ। ਮੇਰੇ ਵੱਲੋਂ ਕੁਲਵਿੰਦਰ ਜੀ ਨੂੰ ਦਿਲੀ ਮੁਬਾਰਕਬਾਦ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

=====

ਗ਼ਜ਼ਲ

ਤੇਰੇ ਜੇ ਤਖ਼ਤ ਤੀਕਰ, ਮੇਰਾ ਕਲਾਮ ਪਹੁੰਚੇ।

ਸੂਲ਼ੀ ਸਲੀਬ ਸ਼ਾਇਦ, ਮੇਰਾ ਇਨਾਮ ਪਹੁੰਚੇ।

-----

ਰਾਹਾਂ ਚ ਰੁਲ਼ਦਿਆਂ ਨੂੰ, ਇਨਸਾਫ਼ ਕਿੰਝ ਮਿਲ਼ੇਗਾ,

ਦਰਬਾਰ ਤੇਰਾ ਉੱਚਾ, ਕਿੱਦਾਂ ਅਵਾਮ ਪਹੁੰਚੇ।

-----

ਕਬਰਾਂ ਦੀ ਚੁੱਪ ਅੰਦਰ, ਮੈਦਾਨ-ਏ-ਜੰਗ ਅੰਦਰ,

ਜਿੱਥੇ ਕਿਤੇ ਹੈ ਯੋਧਾ, ਮੇਰਾ ਸਲਾਮ ਪਹੁੰਚੇ।

-----

ਗ਼ਮ, ਪੀੜ, ਚੀਸ, ਸਿਸਕੀ, ਹਉਕਾ, ਕਸਕ, ਉਦਾਸੀ,

ਰਹਿੰਦੇ ਨੇ ਮੇਰੇ ਘਰ ਵਿਚ, ਮਹਿਮਾਨ ਆਮ ਪਹੁੰਚੇ।

-----

ਦਿਲ ਦੇ ਮਜ਼ਾਰ ਅੰਦਰ, ਦਫ਼ਨਾਉਣ ਸੁਪਨਿਆਂ ਨੂੰ,

ਹਉਕੇ ਅਨੇਕ ਆਏ, ਹੰਝੂ ਤਮਾਮ ਪਹੁੰਚੇ।

-----

ਹਰ ਅੱਖ ਚ ਖ਼ਾਬ ਲਿਸ਼ਕਣ, ਛਲਕੇ ਉਮੰਗ ਦਿਲ ਵਿਚ,

ਮੇਰੇ ਵਤਨ ਚ ਕੋਈ, ਐਸਾ ਨਿਜ਼ਾਮ ਪਹੁੰਚੇ।

-----

ਸ਼ਾਇਦ ਤੇਰੇ ਸਿਤਮ ਨੂੰ, ਏਹੀ ਉਡੀਕ ਹੋਵੇ,

ਕਦ ਮੇਰਾ ਸਬਰ ਟੁੱਟੇ, ਕਦ ਇੰਤਕਾਮ ਪਹੁੰਚੇ।

=====

ਗ਼ਜ਼ਲ

ਉਦਾਸੀ ਬੀਜ ਦਿੱਤੀ ਹੈ ਤੂੰ ਮੇਰੇ ਹਰ ਕਿਆਰੇ ਤੇ।

ਤੇ ਫਿਰ ਭਾਲ਼ੇਂ ਫ਼ਸਲ ਐਸੀ, ਜੋ ਹੱਸੇ ਹਰ ਇਸ਼ਾਰੇ ਤੇ।

-----

ਮੁਨਾਦੀ ਹੋ ਰਹੀ ਹੈ ਰਾਜ ਚਿੜੀਆਂ ਦਾ ਲਿਆਵਾਂਗੇ,

ਬਿਠਾਏ ਜਾ ਰਹੇ ਨੇ ਨਾਲ਼ ਹੀ ਸ਼ਿਕਰੇ ਮੁਨਾਰੇ ਤੇ।

-----

ਬਣਾ ਛੱਡਿਆ ਹੈ ਘਰ ਬਾਰੂਦ ਦਾ ਧਰਤੀ ਨੂੰ ਤੂੰ ਮਾਨਵ!

ਕਰਾਂ ਮੈਂ ਮਾਣ ਦੱਸ ਕਿੱਦਾਂ ਤੇਰੇ ਚੰਨ ਤੇ ਉਤਾਰੇ ਤੇ।

-----

ਤੂੰ ਐਵੇਂ ਗ਼ਮ, ਉਦਾਸੀ, ਤਲਖ਼ੀਆਂ, ਝੋਰੇ ਨਾ ਢੋਈ ਜਾ,

ਕਦੇ ਸੁਰ, ਸਾਜ਼, ਫੁੱਲ ਤੇ ਰੰਗ ਵੀ ਲੱਦ ਲੈ ਸ਼ਿਕਾਰੇ ਤੇ।

-----

ਇਹ ਅੱਜ ਜ਼ੋਰਾਵਰਾਂ ਦੇ ਜ਼ੋਰ ਦੀ ਲੈ ਪਰਖ਼ ਆਇਆ ਹੈ,

ਹਵਾਓ! ਫੁੱਲ ਵਰ੍ਹਾਓ, ਇਸ ਸਿਪਾਹੀ ਜੰਗ ਹਾਰੇ ਤੇ।

-----

ਭਸਮ ਮੈਂ ਹੋ ਨਹੀਂ ਸਕਣਾ, ਸਗੋਂ ਇਕ ਲੀਕ ਬਖ਼ਸ਼ਾਂਗਾ,

ਤੂੰ ਮੇਰਾ ਨਾਮ ਲਿਖ ਭਾਵੇਂ, ਕਿਸੇ ਟੁੱਟਦੇ ਸਿਤਾਰੇ ਤੇ।

-----

ਬਿਰਖ਼ ਜੰਗਲ਼ ਦੇ ਸ਼ੂਕੇ ਨੇ, ਹਵਾ ਵੀ ਤਿਲਮਿਲਾਈ ਹੈ,

ਇਹ ਸਹਿਮੀ ਰਾਤ ਵਿਚ ਲਾਇਆ ਡਗਾ ਕਿਸਨੇ ਨਗਾਰੇ ਤੇ।

------

ਤੂੰ ਪੱਤਿਆਂ ਦੇ ਖੜਕ ਚੋਂ ਬੋਲ ਜਾਂ ਪਾਣੀ ਦੀ ਕਲ-ਕਲ ਚੋਂ,

ਕਥਾ ਮੇਰੀ ਟਿਕੀ ਹੈ ਬਸ ਤੇਰੇ ਮਿਲ਼ਦੇ ਹੁੰਗਾਰੇ ਤੇ।

4 comments:

Unknown said...

Ihna pukhta gazala pathkan tak pehichune vaste 'Tammana ji, Janab Dadar Sahib ate Kulvinder kulla sahib da sukria,

baljitgoli said...

bahut hibaljitka khoobsurat gazal............

Davinder Punia said...

ghazlaan bahut hi vadhia han, shaer payedar han.virodhabhas di sirjna bahut miyari hai.

Sukhdarshan Dhaliwal said...

Kulwinder Ji..doveN ghazalaN khoobsurat han...Wah! Wah!!...thanks...Sukhdarshan