
----
ਪ੍ਰਕਾਸ਼ਿਤ ਕਿਤਾਬਾਂ: ਡਾ.ਜਗਤਾਰ ਦਾ ਕਾਵਿ-ਸਫ਼ਰ ਸੰਨ 1957 ਵਿਚ ‘ਰੁੱਤਾਂ ਰਾਂਗਲੀਆਂ’ ਦੇ ਕਾਵਿ-ਸੰਗ੍ਰਹਿ ਨਾਲ ਹੋਇਆ। ਇਸ ਤੋਂ ਉਪਰੰਤ ਉਹਨਾਂ ਨੇ ‘ਤਲਖ਼ੀਆਂ-ਰੰਗੀਨੀਆਂ’ ‘ਦੁੱਧ ਪਥਰੀ’ ‘ਅਧੂਰਾ ਆਦਮੀ’ ‘ਲਹੂ ਦੇ ਨਕਸ਼’ 'ਛਾਂਗਿਆ ਰੁੱਖ’ ‘ਸ਼ੀਸ਼ੇ ਦੇ ਜੰਗਲ’ ‘ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ’ ‘ਚਨੁਕਰੀ ਸ਼ਾਮ’ ‘ਜੁਗਨੂੰ ਦੀਵਾ ਤੇ ਦਰਿਆ’, ‘ਅੱਖਾਂ ਵਾਲੀਆਂ ਪੈੜਾਂ’ ‘ਪ੍ਰਵੇਸ਼ ਦੁਆਰ’ ਆਦਿ ਕਿਤਾਬਾਂ ਲਿਖੀਆਂ। ਉਹਨਾਂ ਨੇ ‘ਹੀਰ ਦਮੋਦਰ’ ਤੇ ਖੋਜ ਦਾ ਕੰਮ ਵੀ ਕੀਤਾ। ਪਾਕਿਸਤਾਨੀ ਲੇਖਕ ਅਬਦੁੱਲਾ ਹਸਨ ਦੀ ਉਰਦੂ ਕਿਤਾਬ ‘ਰਾਤ’ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ‘ਰਾਤ ਕਾ ਰਾਜ਼’ ਦੇ ਪੰਜਾਬੀ ਵਿਚ ਉਲੱਥੇ ਕੀਤੇ। ਨਾਲ਼ ਹੀ 1947 ਤੋਂ 1972 ਤੱਕ ਦੇ ਪਾਕਿਸਤਾਨੀ ਆਧੁਨਿਕ ਪੰਜਾਬੀ ਕਾਵਿ ‘ਤੇ ਖੋਜ ਦਾ ਕੰਮ ਕੀਤਾ। ਉਹਨਾਂ ਬੜੀ ਮੁਹਾਰਤ ਨਾਲ਼ ਕਿੱਸਿਆਂ ਵਿਚੋਂ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਦੇ 200 ਸ਼ਬਦਾਂ ਅਤੇ ਮੁਹਾਵਰਿਆਂ ਦਾ ਪੰਜਾਬੀ ਵਿਚ ਤਰਜੁਮਾ ਕੀਤਾ। ਡਾ: ਜਗਤਾਰ ਨੇ ‘ਹਿਸਟਰੀ ਆਫ਼ ਪੇਂਟਿੰਗ ਇਨ ਇੰਡੀਆ’ ਅਤੇ ਕਰਤੁਲ ਹੈਦਰ ਦੀ ਕਿਤਾਬ ‘ਏ ਰੈੱਡ ਕਾਈਟ’ ਅਤੇ ‘ਸਨੇਕਸ ਅਰਾਊਂਡ ਅੱਸ’ ਦੇ ਉਲੱਥੇ ਵੀ ਕੀਤੇ।
-----
ਲਿਪੀਅੰਤਰ: ਪਾਕਿਸਤਾਨੀ ਪੰਜਾਬੀ ਕਿਤਾਬਾਂ, ਸਾਂਝ, ਕੁਕਨੂਸ, ਪਿੱਪਲਾਂ ਦੀ ਛਾਂ’ ਦਾ ਗੁਰਮੁਖੀ ਲਿਪੀਅੰਤਰ ਵੀ ਕੀਤਾ।
-----
ਸੰਪਾਦਨਾ: ਡਾ: ਜਗਤਾਰ ਨੇ ਦੁੱਖ ਦਰਿਆਓਂ ਪਾਰ ਦੇ, ਚਿੱਟਾ ਘਾਹ ਧੁਆਂਖੀਆਂ ਧੁੱਪਾਂ, ਆਖਿਆ ਫ਼ਰੀਦ ਨੇ, ਸੂਫ਼ੀ ਕਾਵਿ ਤੇ ਉਸਦਾ ਪਿਛੋਕੜ, ਚੋਣਵੀਂ ਪਾਕਿਸਤਾਨੀ ਕਵਿਤਾ, ਅੱਖ ਦਾ ਸਮੁੰਦਰ - ਚੋਣਵੀਂ ਪੰਜਾਬੀ ਗ਼ਜ਼ਲ, ਪਰਲੇ ਪਾਰ, ਹਮਸਫ਼ਰ ਕਿਤਾਬਾਂ ਦਾ ਸੰਪਾਦਨ ਵੀ ਕੀਤਾ ਹੈ।
-----
ਇਨਾਮ-ਸਨਮਾਨ: ਡਾ: ਜਗਤਾਰ ਨੂੰ ਉਹਨਾਂ ਦੀ ਪੰਜਾਬੀ ਗ਼ਜ਼ਲਾਂ ਦੀ ਕਿਤਾਬ ‘ਜੁਗਨੂੰ ਦੀਵਾ ਤੇ ਦਰਿਆ’ ਲਈ ਸਾਹਿਤ ਅਕਾਦਮੀ ਦਾ ਸਾਹਿਤ ਪੁਰਸਕਾਰ ਮਿਲਿਆ। ਗੀਤਾਂ ਅਤੇ ਗ਼ਜ਼ਲਾਂ ਕਾਰਨ ਭਾਸ਼ਾ ਵਿਭਾਗ ਵੱਲੋਂ ਐਵਾਰਡ ਪ੍ਰਾਪਤ ਹੋਇਆ। ਪਾਕਿਸਤਾਨ ਦੇ ਸਾਹਿਤਕਾਰਾਂ ਵੱਲੋਂ ਇਸ ਸ਼ਾਇਰ ਨੂੰ ‘ਪੋਇਟ ਆਫ਼ ਟੁਡੇ’ ਐਵਾਰਡ ਦਿੱਤਾ ਗਿਆ। ਅਮਰੀਕਾ ਵਿੱਚ 2000 ਸਾਲ ਦਾ ‘ਪੋਇਟ ਆਫ਼ ਮਲੇਨੀਅਮ’ ਮੰਨਿਆ ਗਿਆ ਅਤੇ ‘ਸਦੀ ਦਾ ਕਵੀ’ ਦੇ ਤੌਰ ‘ਤੇ ਮਾਨਤਾ ਦਿੱਤੀ ਗਈ। ਇਹਨਾਂ ਪੁਰਸਕਾਰਾਂ ਤੋਂ ਇਲਾਵਾ ਉਸ ਨੂੰ ‘ਪ੍ਰੋਫ਼ੈਸਰ ਮੋਹਨ ਸਿੰਘ’ ਅਤੇ ‘ਬਾਵਾ ਬਲਵੰਤ’ ਐਵਾਰਡ ਸਹਿਤ ਅਨੇਕਾਂ ਮਾਣ-ਸਨਮਾਨ ਪ੍ਰਾਪਤ ਹੋਏ। ਉਹ ‘ਫ਼ੈਲੋ ਆਫ਼ ਪੰਜਾਬੀ ਯੂਨੀਵਰਸਿਟੀ’ ਵੀ ਰਹੇ। ਹਾਲ ਹੀ ਵਿਚ ਸਾਲ 2008 ਲਈ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਸਰਵੋਤਮ ਸਾਹਿਤਕਾਰ ਦਾ ਕਰਤਾਰ ਸਿੰਘ ਧਾਲੀਵਾਲ ਐਵਾਰਡ ਦੇਣ ਵੀ ਐਲਾਨ ਕੀਤਾ ਗਿਆ ਸੀ।
ਡਾ: ਜਗਤਾਰ ਦੇ ਤੁਰ ਜਾਣ ਨਾਲ਼ ਪੰਜਾਬੀ ਸਹਿਤ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ, ਅਸੀਂ ਉਹਨਾਂ ਦੇ ਪਰਿਵਾਰ, ਪਾਠਕਾਂ ਅਤੇ ਸਨੇਹੀਆਂ ਨਾਲ਼ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਅੱਜ ਉਹਨਾਂ ਨੂੰ ਯਾਦ ਕਰਦਿਆਂ, ਆਰਸੀ ‘ਚ ਸ਼ਾਮਿਲ ਕਰ ਰਹੇ ਹਾਂ...ਉਹਨਾਂ ਦੀਆਂ ਚੰਦ ਬੇਹੱਦ ਖ਼ੂਬਸੂਰਤ ਰਚਨਾਵਾਂ। ਇਸ ਪੋਸਟ ਵਿਚ ਉਹਨਾਂ ਦੀ ਕਵਿਤਾ ਦੀ ਹਰ ਵੰਨਗੀ, ਜਿਵੇਂ ਗ਼ਜ਼ਲ, ਨਜ਼ਮ ਅਤੇ ਗੀਤ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ-ਬਹੁਤ ਸ਼ੁਕਰੀਆ।
........
“...ਮੇਰੀਆਂ ਗ਼ਜ਼ਲਾਂ ‘ਚ ਕਿਉਂ ਆਉਂਦਾ ਏ ਜੁਗਨੂ ਬਾਰ ਬਾਰ,
ਸਮਝ ਜਾਵੇਂਗਾ ਕਿਸੇ ਦਿਨ ਘਰ ਤਾਂ ਆ ‘ਜਗਤਾਰ’ ਨਾਲ਼।
ਉਹ ਗਰਾਂ, ਸੜਕਾਂ, ਸਫ਼ਰ ਵਿਚ ਲੰਘੀਆਂ ਹੌਕੇ ਤਰ੍ਹਾਂ,
ਜਿਸ ਜਗ੍ਹਾ ਤੁਰਦੀ ਸੀ ਮਹਿਕਲੀ ਹਵਾ ‘ਜਗਤਾਰ’ ਨਾਲ਼...।”
........
ਅਦਬ ਸਹਿਤ
ਤਨਦੀਪ ਤਮੰਨਾ
*******
ਗ਼ਜ਼ਲ
ਕੌਣ ਹੋਣੀ ਪੰਛੀਆਂ ਦੀ ਜਾਲ ਲਿਖ ਕੇ ਤੁਰ ਗਿਆ।
ਕੌਣ ਮਹਿਕਾਂ ਦਾ ਮੁਕੱਦਰ ਭਾਲ ਲਿਖ ਕੇ ਤੁਰ ਗਿਆ।
-----
ਵਾਕ ਬਿਸਮਿਲ, ਅਰਥ ਘਾਇਲ, ਨੈਣ ਬੋਝਲ, ਮਨ ਉਦਾਸ,
ਤੂੰ ਤਾਂ ਕੋਰਾ ਬਣ ਕੇ ਅਪਣਾ ਹਾਲ ਲਿਖ ਕੇ ਤੁਰ ਗਿਆ।
-----
ਜੇ ਨਾ ਰੋਵਾਂ ਬਹਿਣ ਨਾ ਦੇਵੇ, ਜੇ ਰੋਵਾਂ ਵਹਿ ਤੁਰੇ,
ਤੂੰ ਕੀ ਨੈਣਾਂ ਵਿਚ ਨਜ਼ਰ ਦੇ ਨਾਲ ਲਿਖ ਕੇ ਤੁਰ ਗਿਆ।
-----
ਸ਼ਾਮ, ਖੰਡਹਰ, ਖ਼ੁਸ਼ਕ ਦਰਿਆ, ਰੁਲ਼ ਰਹੇ ਪੱਤੇ ਚਰਾਗ਼,
ਕੌਣ ਪ੍ਰਕਿਰਤੀ ਨੂੰ ਮੇਰਾ ਹਾਲ ਲਿਖ ਕੇ ਤੁਰ ਗਿਆ।
-----
ਜਦ ਕਦੇ ਫੁਰਸਤ ਮਿਲ਼ੇ ਤਾਂ ਯਾਦ ਕਰ ਲੈਣਾ ਤੁਸੀਂ,
ਘਰ ਦੇ ਮੱਥੇ ਇਹ ਲਹੂ ਦੇ ਨਾਲ ਲਿਖ ਕੇ ਤੁਰ ਗਿਆ।
=====
ਗ਼ਜ਼ਲ
ਜਦ ਵੀ ਡਿਗੀਆਂ ਛੱਤਾਂ, ਖਸਤਾਂ ਘਰ ਬਾਰਾਂ ਦੀ ਬਾਤ ਤੁਰੀ।
ਰਸਤੇ ਵਿਚ ਦੀਵਾਰਾਂ ਬਣੀਆਂ, ਦੀਵਾਰਾਂ ਦੀ ਬਾਤ ਤੁਰੀ।
-----
ਸ਼ੀਸ਼ਿਆਂ ਅੰਦਰ ਫੁਲ ਖਿੜ ਉੱਠੇ, ਨਚਿਆ ਖ਼ੂਨ ਰਗਾਂ ਅੰਦਰ,
ਮੈਖ਼ਾਨੇ ਵਿਚ ਜਦ ਜ਼ਿੰਦਾ-ਦਿਲ, ਮੈਖ਼ਾਰਾਂ ਦੀ ਬਾਤ ਤੁਰੀ।
-----
ਡੁਬਦੇ ਡੁਬਦੇ ਦਿਲ ਸੰਭਲ਼ੇ ਨੇ, ਬੁਝਦੇ ਬੁਝਦੇ ਦੀਪ ਜਗੇ,
ਜਦ ਵੀ ਤੇਰੀਆਂ ਰੌਸ਼ਨ ਜ਼ੁਲਫ਼ਾਂ, ਰੁਖ਼ਸਾਰਾਂ ਦੀ ਬਾਤ ਤੁਰੀ।
-----
ਵੇਖੀਏ ਕਿਸ ਕਿਸ ਦੇ; ਧੜ ਸਿਰ ਹੈ, ਕਿਹੜੇ ਸੀਸ ਵਿਹੂਣੇ ਨੇ,
ਨਗਰੋ ਨਗਰੀ, ਸ਼ਹਿਰੋ ਸ਼ਹਿਰੀ, ਫਿਰ ਦਾਰਾਂ ਦੀ ਬਾਤ ਤੁਰੀ।
-----
ਜ਼ੰਗਾਲੇ ਹਥਿਆਰਾਂ ਤਾਈਂ, ਚਮਕਾਓ ਤੇ ਤੇਜ਼ ਕਰੋ,
ਮੁੜ ਖੇਤਾਂ ‘ਤੇ ਖਲਿਆਨਾਂ ਵਿਚ, ਹਕ਼ਦਾਰਾਂ ਦੀ ਬਾਤ ਤੁਰੀ।
-----
ਕੌਣ ਆਇਆ ਹੈ ਮਕ਼ਤਲ ਅੰਦਰ, ਕੰਬੇ ਹਥ ਜੱਲਾਦਾਂ ਦੇ,
ਫਿਰ ਘਰ ਘਰ ਵਿਚ ਸਿਰ ਲੱਥਾਂ ਦੀ, ਜੀਦਾਰਾਂ ਦੀ ਬਾਤ ਤੁਰੀ।
=====
ਗ਼ਜ਼ਲ
ਜਿਸ ‘ਤੇ ਛੱਡ ਆਇਆ ਸਾਂ ਦਿਲ, ਸੁਪਨੇ ਤੇ ਹਰ ਮੰਜ਼ਲ ਦੀ ਯਾਦ।
ਦਾਗ਼ ਬਣ ਕੇ ਬਹਿ ਗਈ ਮੱਥੇ ‘ਤੇ ਉਸ ਸਰਦਲ ਦੀ ਯਾਦ।
-----
ਰਾਤ ਸੁਪਨੇ ਵਿਚ ਸੀ ‘ਸ਼ਬਨਮ’ ਰੋ ਰਹੀ ‘ਜੁਗਨੂੰ’ ਉਦਾਸ,
ਦਿਨ ਚੜ੍ਹੇ ਨਾ ਟੇਕ ਆਵੇ ਆ ਰਹੀ ਜੰਗਲ਼ ਦੀ ਯਾਦ।
-----
ਜ਼ਿੰਦਗੀ ਤੁਰਦੀ ਤੇ ਰੁਕਦੀ ਸੀ ਜਾਂ ਮੇਰੇ ਨਾਲ਼ ਨਾਲ਼,
ਉਮਰ ਦਾ ਹਾਸਿਲ ਬਣੀ ਉਸ ਖ਼ੁਬਸੂਰਤ ਪਲ ਦੀ ਯਾਦ।
-----
ਇਸ ਜਨਮ ਜਾਂ ਉਸ ਜਨਮ ਵਿਚ ਕੋਈ ਸੀ ਰਿਸ਼ਤਾ ਜ਼ਰੂਰ,
ਆ ਰਹੀ ਜੋ ਖੰਡਰਾਂ, ਸੁੱਕੀ ਨਦੀ ਤੇ ਥਲ ਦੀ ਯਾਦ।
-----
ਉਮਰ ਭਰ ਦੇ ਹਿਜਰ ਪਿੱਛੋਂ ਇਸ ਤਰ੍ਹਾਂ ਲਗਦੈ ਮਿਲਨ,
ਇਕ ਤਰਫ਼ ਫੁੱਲਾਂ ਦੀ ਵਾਦੀ ਇਕ ਤਰਫ਼ ਦਲਦਲ ਦੀ ਯਾਦ।
-----
ਆ ਗਿਆ ‘ਜਗਤਾਰ’ ਐਸਾ ਜ਼ਿੰਦਗੀ ਦਾ ਹੁਣ ਮੁਕਾਮ,
ਨਾ ਕਿਤੇ ਜ਼ੁਲਫ਼ਾਂ ਦੀ ਛਾਂ ਹੈ ਨਾ ਕਿਸੇ ਆਂਚਲ ਦੀ ਯਾਦ।
=====
ਵੱਡਾ ਅਜੂਬਾ
ਨਜ਼ਮ
ਇਕ ਕਵੀ ਦਰਬਾਰ ਅੰਦਰ
ਨਜ਼ਮ ਸਾਂ ਮੈਂ ਕਹਿ ਰਿਹਾ,
‘ਸਾਰਿਆਂ ਦੇਸ਼ਾਂ ‘ਚੋਂ
ਤਿੰਨ ਦੇਸ਼ਾਂ ਦੀਆਂ ਕੰਧਾਂ ਅਜੂਬੇ
ਤੇ ਬੜੇ ਹੀ ਸ਼ਾਹਕਾਰ।
...........
ਬੈਲਜੀਅਮ ਵਿਚ
ਨਾਲ਼ ਚਿਤਰਾਂ ਦੇ ਸਜਾਈਆਂ ਹੋਈਆਂ ਕੰਧਾਂ
ਭਾਰਤ ਅੰਦਰ
ਇਸ਼ਤਿਹਾਰਾਂ ਵਿਚ ਲੁਕਾਈਆਂ ਹੋਈਆਂ ਕੰਧਾਂ
ਮਧਕਾਲੀ ਚੀਨ ਦੀ ਲੰਮੀ ਦੀਵਾਰ।’
...........
ਮੈਂ ਅਜੇ ਏਨਾ ਕਿਹਾ ਸੀ
ਕੰਧ ਵਤ ਤਿੜਕੇ ਹੋਏ
ਇਕ ਆਦਮੀ ਉੱਠ ਕੇ ਕਿਹਾ,
“...ਝੂਠ ਹੈ, ਸਭ ਝੂਠ ਹੈ
ਸਭ ਤੋਂ ਵੱਡੇ ਨੇ ਅਜੂਬੇ ਸਾਡੇ ਘਰ
ਜਿੱਥੇ ਨਾ ਕੰਧਾਂ ਨਾ ਦਰ...।”
=====
ਅੱਖ ਦੀ ਪਛਾਣ
ਨਜ਼ਮ
ਉਹ ਜਦੋਂ ਆਈ ਤਾਂ ਉਸਨੂੰ ਮੈਂ ਕਿਹਾ,
“...ਸ਼ਾਮ ਹੈ ਦੀਵੇ ਜਿਹੀ...।”
...........
ਉਹ ਬਹੁਤ ਹੱਸੀ ਤੇ ਹੱਸ ਕੇ ਆਖਿਆ,
“.... ਸ਼ਾਮ ਨੂੰ ਦੀਵੇ ਜਿਹੀ ਕਹਿਣਾ ਸਰਾਸਰ ਗ਼ਲਤ ਹੈ।
ਵਧ ਤੋਂ ਵਧ ਇਹ ਸ਼ਾਮ ਜਾ ਸਕਦੀ ਕਹੀ
ਬੁਝ ਗਏ ਦੀਵੇ ਦੀ ਕਲਖਾਈ ਹੋਈ
ਚਿਮਨੀ ਜਿਹੀ..।”
...........
ਮੈਂ ਕਿਹਾ,
“...ਜੇ ਨਹੀਂ ਇਹ ਸ਼ਾਮ ਇਕ ਦੀਵੇ ਜਿਹੀ
ਸ਼ਾਮ ਤੇਰੀ ਅੱਖ ਵਰਗੀ ਹੀ ਸਹੀ...।”
...........
ਫੇਰ ਉਹ ਹੱਸੀ,
ਤੁ ਹੱਸ ਕੇ ਆਖਿਆ,
“....ਮੇਰੀ ਅੱਖ ਹੈ ਜਗ ਰਹੇ ਦੀਵੇ ਜਿਹੀ?
ਤੂੰ ਵੀ ਕੀ ਸ਼ਾਇਰ ਏਂ ਜਿਸਨੂੰ
ਸ਼ਾਮ ਤੇ ਅੱਖ ਦੀ ਨਹੀਂ ਉੱਕਾ ਪਛਾਣ
ਹੁਣ ਪਤਾ ਲੱਗਾ ਕਿ ਤੂੰ ਕਿੰਨਾ ਨਾਦਾਨ...।”
=====
ਡਿਪਲੋਮੇਸੀ
ਨਜ਼ਮ
ਡਾਢਾ ਚੰਗਾ ਲਗਦਾ ਮੈਨੂੰ
ਭਰ ਸਰਦੀ ਵਿਚ
ਲਾਅਨ ‘ਚ ਬਹਿਣਾ।
ਸ਼ਾਖ਼ਾਂ ਉੱਤੋਂ ਜ਼ਰਦ-ਬਸਾਰੀ
ਤੇ ਅਧ-ਪੀਲ਼ੇ ਪੱਤੇ ਡਿਗਦੇ ਤੱਕਣਾ।
ਅਫ਼ਸੁਰਦਾ ਮੁਰਝਾਏ ਘਾਹ ਸੰਗ
ਵਰਖਾ ਰੁੱਤ ਦੀਆਂ ਗੱਲਾਂ ਕਰਨਾ
ਪਰ ਹੌਲ਼ੀ ਜਿਹੀ ਫੁੱਲ ਦੇ
ਕੰਨ ਵਿਚ ਕਹਿਣਾ,
“...ਜਿਸ ਮੌਸਮ ਵਿਚ ਤੂੰ ਖਿੜਿਆ ਏਂ
ਅਸਲ ‘ਚ ਮੈਨੂੰ
ਏਹੀ ਚੰਗਾ ਲਗਦੈ...।”
=====
ਗੀਤ
ਸਾਡੀ ਜੂਹੀਂ ਮਿਰਗ ਜੋ ਆਏ,
ਸਾਡੀਆਂ ਜੂਹਾਂ ਸੁੱਕੀਆਂ।
ਨਾ ਤਿੜ ਘ੍ਹਾ ਦੀ ਨਾ ਛਿਟ ਪਾਣੀ,
ਮਾਰੂ ਰੋਹੀਆਂ ਉੱਕੀਆਂ।
ਸਾਡੀ ਜੂਹੀਂ ਮਿਰਗ ਜੋ....
-----
ਮਿਰਗਾਂ ਨੂੰ ਕੀ ਸਾਰ-ਖ਼ਬਰ ਕਿ,
ਏਥੇ ਲੰਮੀਆਂ ਔੜਾਂ।
ਔੜਾਂ ਨੇ ਲੈ ਆਦੀਆਂ ਸਾਡੇ,
ਤਨ-ਮਨ ਅੰਦਰ ਸੌੜਾਂ।
ਔੜਾਂ ਸਾਨੂੰ ਗੀਦੀ ਕੀਤਾ,
ਔੜਾਂ ਜੀਭਾਂ ਟੁੱਕੀਆਂ....
ਸਾਡੀ ਜੂਹੀਂ ਮਿਰਗ ਜੋ....
-----
ਪੌਣ ਵਗੇ ਤਾਂ ਧੂੜਾਂ ਉਡਦੀਆਂ
ਰਾਤ ਪਵੇ ਤਾਂ ਠਾਰੀ।
ਸੂਰਜ ਚੜ੍ਹਿਆਂ ਅੱਗਾਂ ਵਰ੍ਹਦੀਆਂ
ਇਹ ਜੂਹ ਕਰਮਾਂ ਹਾਰੀ।
ਜਿਸ ਰੁੱਤ ਸਾਡਾ ਤਨ ਨਾ ਕਿਰਦਾ,
ਉਹ ਰੁੱਤਾਂ ਨਾ ਢੱਕੀਆਂ...
ਸਾਡੀ ਜੂਹੀਂ ਮਿਰਗ ਜੋ....
-----
ਇਕ ਦੂਜੇ ਦੀ ਛਾਂ ਨੂੰ ਸਮਝਣ,
ਭੁੱਖੇ ਹਿਰਨ ਬਰੂਟੇ।
ਰੇਤੇ ਨਾਲ਼ ਜਾਂ ਮੂੰਹ ਭਰ ਜਾਵਣ,
ਪੈ ਜਾਂਦੇ ਨੇ ਝੂਠੇ।
ਮਿਰਗਾਂ ਦੇ ਨੈਣਾਂ ਥੀਂ ਰੋਹੀਆਂ,
ਸ਼ਾਹ ਰਗ ਨੇੜੇ ਢੁੱਕੀਆਂ...
ਸਾਡੀ ਜੂਹੀਂ ਮਿਰਗ ਜੋ....
-----
ਕਿਸਨੇ ਸਾਡੀਆਂ ਜੂਹਾਂ ਵਿਚੋਂ,
ਨਦੀਆਂ ਹੈਨ ਚੁਰਾਈਆਂ।
ਕਿਸ ਜਾਦੂਗਰ ਟੂਣਾ ਕੀਤਾ,
ਜੂਹਾਂ ਬਾਂਝ ਬਣਾਈਆਂ।
ਕਿਸਨੇ ਕੀਲੀਆਂ ਘੋਰ-ਘਟਾਵਾਂ,
ਆਉਂਦੀਆਂ ਆਉਂਦੀਆਂ ਰੁੱਕੀਆਂ....
ਸਾਡੀ ਜੂਹੀਂ ਮਿਰਗ ਜੋ....
-----
ਆਸਾਗਤ ਆਏ ਮਿਰਗਾਂ ਦਾ,
ਕੀਕੂੰ ਮਾਣ ਤਰੋੜਾਂ।
ਕਿਸ ਮੂੰਹ ਨਾਲ਼ ਕਹਾਂ ਜੀ ਆਇਆਂ,
ਕਿਸ ਮੂੰਹ ਮੈਂ ਮੂੰਹ ਮੋੜਾਂ।
ਸ਼ਰਮੋਂ-ਸ਼ਰਮੀਂ ਸਾਡੀਆਂ ਰਸਮਾਂ,
ਨਾ ਰਹੀਆਂ, ਨਾ ਮੁੱਕੀਆਂ....
ਸਾਡੀ ਜੂਹੀਂ ਮਿਰਗ ਜੋ....
********
ਯਾਦਾਂ ਦੀ ਐਲਬਮ: ਦੋਸਤੋ! ਡਾ. ਜਗਤਾਰ ਜੀ ਦੀਆਂ ਇਹ ਦੁਰਲੱਭ ਤਸਵੀਰਾਂ ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਜੀ ਨੇ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ। ਸੋਹਲ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ। 1) ਡਾ. ਜਗਤਾਰ ਸ਼ਿੱਪ ’ਤੇ ਸਵਾਰ ਹੋਏ ਲਿਬਰਟੀ ਸਟੈਚੂ ਦੇਖਣ ਜਾ ਰਹੇ ਹਨ ਅਤੇ ਪਿੱਛੇ ਨਿਊਯਾਰਕ ਸ਼ਹਿਰ ਦਿਖਾਈ ਦੇ ਰਿਹਾ ਹੈ।2) ਡਾ. ਜਗਤਾਰ ਸ਼ਿੱਪ ’ਤੇ ਸਵਾਰ ਹਨ ਪਿੱਛੇ ਸਟੈਚੂ ਨਜ਼ਰ ਆ ਰਿਹਾ ਹੈ।3) ਨਿਊਯਾਰਕ ਦੇ ਮਿਊਜ਼ੀਅਮ ਆਫ਼ ਮਾਡਰਨ ਆਰਟ ਵਿਚ ਇਕ ਪੇਂਟਿੰਗ ਦੀ ਤਸਵੀਰ ਖਿੱਚਦੇ ਹੋਏ ਡਾ. ਜਗਤਾਰ


3 comments:
...another sad day...a BIG loss in Punjabi poetry...
"ਮੇਰੇ ਵੀ ਪੈਰ ਚੁਮ ਕੇ ਇੱਕ ਦਿਨ ਕਹੇਗੀ ਬੇੜੀ ,
ਸਭ ਸ਼ੁਕਰ ਹੈ ਕੇ ਆਇਆ ਮੇਹਬੂਬ ਅੰਤ ਮੇਰਾ !"
ਸਮੁੰਦਰ ਕਿਨਾਰੇ ਖਲੋਤਾ ਹੈ ਓਹ ਇਸ ਤਸਵੀਰ ਦੇ ਅੰਦਰ
ਇੱਕ ਸਾਗਰ ਛੁਪਾਅ ਸੀਨੇ, ਓਹ ਸਾਥੋਂ ਜੁਦਾ ਹੋਇਆ...
ਨੰਮ ਅਖਾਂ ਨਾਲ
ਅਮਰਾਓ
How can I address......!
Sadness and depression flows from my eyes and can’t find words to express my emotions.
I was dreaming to see him (Dr Jagtar) very soon, all my dreams shattered away. I have learnt so much from him about ghazals and life.
He was a great poet as well as a great person, can’t help visualize the moments spent at his house at Jalandhar.
Nothing more to say, yet so much to convey
Yours Sincerely
Gurnam Gill
UK
Post a Comment