ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, March 14, 2010

ਰਵਿੰਦਰ ਰਵੀ - ਗੀਤ

ਦੋਸਤੋ! ਰਵਿੰਦਰ ਰਵੀ ਸਾਹਿਬ ਨੇ ਪਿਛਲੇ ਸੋਮਵਾਰ ਯੂ.ਬੀ.ਸੀ. ਚ ਹੋਏ ਸਾਹਿਤਕ ਸਮਾਗਮ ਸਮੇਂ ਇਹ ਹਾਜ਼ਿਰ ਲੇਖਕਾਂ ਅਤੇ ਸਰੋਤਿਆਂ ਨਾਲ਼ ਸਾਂਝਾ ਕੀਤਾ ਸੀ। ਸਭ ਨੂੰ ਉਹਨਾਂ ਦੀਆਂ ਬਾਕੀ ਨਜ਼ਮਾਂ ਦੇ ਨਾਲ਼-ਨਾਲ਼ ਇਹ ਗੀਤ ਬਹੁਤ ਜ਼ਿਆਦਾ ਪਸੰਦ ਆਇਆ ਸੀ। ਮੇਰੀ ਬੇਨਤੀ ਮਨਜ਼ੂਰ ਕਰਕੇ ਉਹਨਾਂ ਨੇ ਇਹੀ ਗੀਤ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ, ਮੈਂ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

*****

ਪੰਜ ਦਰਿਆ ਅਸੀਂ ਪਲਕੀਂ ਪਾਏ

ਗੀਤ

ਨਾ ਅਸੀਂ ਕੂਏ, ਨਾ ਅਸੀਂ ਰੋਏ

ਨਾ ਅਸੀਂ ਪਾਏ ਵੈਣ।

ਪੰਜ ਦਰਿਆ ਅਸੀਂ ਪਲਕੀਂ ਪਾਏ,

ਡੁੱਬ ਗਏ ਸਾਡੇ ਨੈਣ।

ਪੰਜ ਦਰਿਆ ਅਸੀਂ ਪਲਕੀਂ....

-----

ਟੁੱਟੀ ਵੰਗ, ਅਸੀਂ ਟੁਕੜੇ ਟੁਕੜੇ,

ਰੋਕ ਲਏ ਅਸਾਂ ਸਾਹ।

ਉੱਜੜੀ ਮਾਂਗ, ਉਜਾੜ ਬਣੇ ਖ਼ੁਦ,

ਘਿਰ ਗਏ ਸੱਭੋ ਰਾਹ।

ਆਪਣਿਆਂ ਚੋਂ ਦੁਸ਼ਮਣ ਚੜ੍ਹ ਪਏ,

ਲਸ਼ਕਰ ਟੁੱਟ ਟੁੱਟ ਪੈਣ....

ਪੰਜ ਦਰਿਆ ਅਸੀਂ ਪਲਕੀਂ....

-----

ਚੁੱਪ- ਚੁੱਪ ਲੋਕੀਂ ਅੰਦਰੇ-ਅੰਦਰ,

ਲੋਥਾਂ ਦੇ ਅੰਬਾਰ।

ਆਪਣੇ ਕੋਲ਼ੋਂ ਚੁੱਕ ਨਾ ਹੋਵੇ,

ਆਪਣੀ ਜਿੰਦ ਦਾ ਭਾਰ।

ਸੱਚ ਨੂੰ ਸੱਚ ਕਹਿਣ ਤੋਂ ਡਰਦੇ,

ਦਿਨੇ ਵਿਹਾਜੀ ਰੈਣ....

ਪੰਜ ਦਰਿਆ ਅਸੀਂ ਪਲਕੀਂ....

-----

ਦੇਸ਼ ਬਿਗਾਨੇ, ਸਭ ਬਿਗਾਨੇ,

ਦੰਭ ਨਾ ਚੁੱਕਣਾ ਪੈਂਦਾ।

ਦੇਸ਼ ਬਿਗਾਨੇ ਬੇਗਾਨਾ ਵੀ,

ਆਪਣਾ ਹੋ ਹੋ ਬਹਿੰਦਾ।

ਦੇਸ਼ ਬਿਗਾਨੇ ਹੋਵਣ ਸਭ, ਜਦ

ਮਨ ਪ੍ਰਦੇਸੀ, ਮਨ ਬੇਚੈਨ....

ਪੰਜ ਦਰਿਆ ਅਸੀਂ ਪਲਕੀਂ....

-----

ਅੰਦਰੇ ਅੰਦਰ ਵਧਦਾ ਜਾਂਦਾ,

ਬੇਵਸੀਆਂ ਦਾ ਸਾੜ।

ਇਕ ਦਿਨ ਇਸ ਲਾਵੇ ਨੇ ਧਰਤੀ,

ਅੰਬਰ ਦੇਣੇ ਪਾੜ।

ਚਿੰਤਨ ਅੰਦਰ ਖਿਤਿਜ ਨਵੇਂ ਪਏ

ਅੱਜ ਅੰਗੜਾਈਆਂ ਲੈਣ....

ਪੰਜ ਦਰਿਆ ਅਸੀਂ ਪਲਕੀਂ....


1 comment:

harpal said...

bahut sohna.
ਨਾ ਅਸੀਂ ਕੂਏ, ਨਾ ਅਸੀਂ ਰੋਏ

ਨਾ ਅਸੀਂ ਪਾਏ ਵੈਣ।

ਪੰਜ ਦਰਿਆ ਅਸੀਂ ਪਲਕੀਂ ਪਾਏ,

ਡੁੱਬ ਗਏ ਸਾਡੇ ਨੈਣ।

ਪੰਜ ਦਰਿਆ ਅਸੀਂ ਪਲਕੀਂ....