ਦੋਸਤੋ! ਸੰਨ 1982 ਤੋਂ ਨੀਦਰਲੈਂਡਜ਼ ਅਤੇ ਹੁਣ ਸਾਲ ਕੁ ਤੋਂ ਯੂ.ਕੇ. ਵਸਦੀ ਪੰਜਾਬੀ ਦੀ ਸੁਪ੍ਰਸਿੱਧ ਲੇਖਿਕਾ ਮੈਡਮ ਡਾ: ਅਮਰ ਜਿਉਤੀ ਜੀ ਨੇ ਆਪਣੀਆਂ ਚਾਰ ਖ਼ੂਬਸੂਰਤ ਕਿਤਾਬਾਂ, ਕਾਵਿ-ਸੰਗ੍ਰਹਿ ‘ ਸੋਚਾਂ ਦੇ ਨਿਸ਼ਾਨ’ (ਸੰਨ 1998 ਤੱਕ ਛਪੀਆਂ ਕਿਤਾਬਾਂ ਦਾ ਸੰਗ੍ਰਹਿ ਜਿਸ ਵਿਚ ‘ਮਾਰੂਥਲ ਵਿੱਚ ਤੁਰਦੇ ਪੈਰ’, ‘ਮੈਨੂੰ ਸੀਤਾ ਨਾ ਕਹੋ’, ‘ਦਰੋਪਦੀ ਤੋਂ ਦੁਰਗਾ’, ‘ਖ਼ਾਮੋਸ਼ੀ ਦੀ ਆਵਾਜ਼’ ਸ਼ਾਮਿਲ ਹਨ), ਮਾਰਫ਼ਤ ਦੇ ਰੰਗ ‘ਚ ਰੰਗਿਆ ਕਾਵਿ-ਸੰਗ੍ਰਹਿ: ‘ਸੂਫ਼ੀ ਰੋਮਾਂਸ’ ਵਾਰਤਕ: ‘ਹਾਲੈਂਡ ਦਾ ਹਾਸ਼ੀਆ’ ਅਤੇ ਅੰਗਰੇਜ਼ੀ ‘ਚ ਪ੍ਰਕਾਸ਼ਿਤ ਕਾਵਿ-ਸੰਗ੍ਰਹਿ: ‘Forbidden Fruit’ ਆਰਸੀ ਲਈ ਭੇਜੀਆਂ ਹਨ। ਮੈਡਮ ਜਿਉਤੀ ਜੀ ਦਾ ਬੇਹੱਦ ਸ਼ੁਕਰੀਆ।
------
ਦੋਸਤੋ! ਕਿਤਾਬਾਂ ਦੇ ਨਾਲ਼ ਮੈਡਮ ਜਿਉਤੀ ਜੀ ਨੇ ਬਹੁਤ ਹੀ ਖ਼ੂਬਸੂਰਤ ਅਤੇ ਮੋਹ ਭਿੱਜਿਆ ਖ਼ਤ ਵੀ ਲਿਖਿਆ ਹੈ: “...ਤਨਦੀਪ! ਤੁਸੀਂ ਆਰਸੀ ਰਾਹੀਂ ਬਹੁਤ ਵਧੀਆ ਪੰਜਾਬੀ ਸਾਹਿਤ ਨੂੰ ਇੰਟਰਨੈੱਟ ਰਾਹੀਂ ਸਾਰੇ ਸੰਸਾਰ ‘ਚ ਪਹੁੰਚਾਉਣ ਲਈ ਸੱਚੇ ਮਨੋਂ ਵਚਨ-ਬੱਧ ਹੋ, ਇਹ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ ਹੈ..।” ਉਹਨਾਂ ਵੱਲੋਂ ਲਿਖੇ ਇਹਨਾਂ ਖ਼ੂਬਸੂਰਤ ਸ਼ਬਦਾਂ ਨੇ ਮੇਰਾ ਮਨੋ-ਬਲ ਹੋਰ ਉੱਚਾ ਕੀਤਾ। ਫ਼ੋਨ ‘ਤੇ ਵੀ ਉਹਨਾਂ ਨੇ ਢੇਰ ਸਾਰੀਆਂ ਦੁਆਵਾਂ ਦਿੱਤੀਆਂ ਨੇ। ਮੈਂ ਹਮੇਸ਼ਾ ਤੋਂ ਹੀ ਉਹਨਾਂ ਦੀਆਂ ਕਵਿਤਾਵਾਂ ਲੱਭ-ਲੱਭ ਕੇ ਪੜ੍ਹਦੀ ਰਹੀ ਹਾਂ। 8 ਕੁ ਸਾਲ ਪਹਿਲਾਂ ਐਮਸਟਰਡਮ, ਹਾਲੈਂਡ ਗਈ, ਉੱਥੇ ਜਾ ਕੇ ਵੀ ਯਾਦ ਕੀਤਾ ਕਿ ਏਸੇ ਖ਼ੂਬਸੂਰਤ ਸ਼ਹਿਰ ਹੀ ਤਾਂ ਅਮਰ ਜਿਉਤੀ ਜੀ ਵਸਦੇ ਨੇ, ਪਰ ਵਕ਼ਤ ਥੋੜ੍ਹਾ ਸੀ, ਮੈਂ ਅੱਗੇ ਜਰਮਨੀ ਅਤੇ ਹੋਰਨਾਂ ਦੇਸ਼ਾਂ ਵਿਚ ਵੀ ਜਾਣਾ ਸੀ, ਮੁਲਾਕਾਤ ਨਾ ਹੋ ਸਕੀ। ਅਸੀਂ ਕਦੇ ਵੀ ਨਹੀਂ ਮਿਲ਼ੀਆਂ, ਪਰ ਇਹਨਾਂ ਨਜ਼ਮਾਂ ਨਾਲ਼ ਮੇਰੀ ਕੋਈ ਰੂਹਾਨੀ ਸਾਂਝ ਜਾਪਦੀ ਹੈ। ਇਹੀ ਆਖਾਂਗੀ ਕਿ ਮੈਡਮ ਜਿਉਤੀ! ਤੁਹਾਡੀ ਕਲਮ ਨੂੰ ਸਲਾਮ, ਸੁੱਚੇ ਤਿੱਲੇ ਵਰਗੇ ਸਾਹਿਤ ਨਾਲ਼ ਤੁਹਾਡੇ ਇਸ਼ਕ਼ ਨੂੰ ਸਲਾਮ !!
-----
ਪੰਜਾਬੀ ਦੀ ਸੁਪ੍ਰਸਿੱਧ ਕਹਾਣੀਕਾਰਾ ਅਜੀਤ ਕੌਰ ਜੀ, ਮੈਡਮ ਜਿਉਤੀ ਜੀ ਦੀ ਲਿਖਣ ਸ਼ੈਲੀ ਬਾਰੇ ਇੰਝ ਲਿਖਦੇ ਨੇ : “...ਅਮਰ ਜਿਉਤੀ ਦੀਆਂ ਨਜ਼ਮਾਂ ਵਿਚ ਵੰਗਾਰ ਹੈ.....ਐਬਸਟ੍ਰੈਕਟ ਹੋਂਦ ਦਾ ਜਾਮਾ ਪਾਈ ਬੈਠੇ ਤਮਾਮ ਜਜ਼ਬਿਆਂ ਨੂੰ ਲਫ਼ਜ਼ਾਂ ਦੇ ਰੰਗਾਂ ਵਿਚ ਚਿਤਰਨ ਦਾ ਵੱਲ ਹੈ....ਤਕਨੀਕੀ ਦੁਨੀਆਂ ਦੀ ਡੂੰਘੀ ਸੂਝ ਹੈ ਅਤੇ ਖ਼ਾਮੋਸ਼ੀ ਦੇ ਅੰਦਰ ਲੁਕੀ ਚੀਖ਼ ਹੈ, ਜਿਹੜੀ ਔਰਤ ਦੇ ਅੰਦਰ ਜ਼ਮੀਨਦੋਜ਼ ਜਵਾਲਾਮੁਖੀ ਵਾਂਗ ਫ਼ਟਦੀ ਹੈ, ਜ਼ਖ਼ਮੀ ਪੰਛੀ ਵਾਂਗੂੰ ਤੇ ਪਾਣੀ ਕੰਢੇ ਪਈ ਰੇਤ ਵਿਚ ਪਈ ਮੱਛੀ ਵਾਂਗੂੰ ਫੜਫੜਾਉਂਦੀ ਹੈ, ਅੰਦਰਲੀਆਂ ਕੰਧਾਂ ਅਤੇ ਬਾਹਰ ਉੱਸਰੀਆਂ ਬਰਫ਼ ਦੀਆਂ ਕੰਧਾਂ ਵਿਚਕਾਰ ਛਟਪਟਾਉਂਦੀ ਹੈ। ਇਹ ਨਜ਼ਮਾਂ ਇਕ ਔਰਤ ਹੀ ਲਿਖ ਸਕਦੀ ਸੀ..।”
-----
ਯੂ.ਕੇ. ਵਸਦੇ ਗ਼ਜ਼ਲਗੋ ਅਜ਼ੀਮ ਸ਼ੇਖ਼ਰ ਜੀ ਨੇ ਪਹਿਲਾਂ ਵੀ ਮੈਡਮ ਜਿਉਤੀ ਜੀ ਦੀਆਂ ਨਜ਼ਮਾਂ ਘੱਲ ਕੇ ਆਰਸੀ ‘ਤੇ ਉਹਨਾਂ ਦੀ ਹਾਜ਼ਰੀ ਲਵਾਈ ਸੀ। ਅੱਜ ਉਹਨਾਂ ਦੀਆਂ ਚੰਦ ਹੋਰ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ‘ਚ ਸ਼ਾਮਿਲ ਦਿਲੀ ਖ਼ੁਸ਼ੀ ਦਾ ਅਨੁਭਵ ਹੋ ਰਿਹਾ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
********
ਕੰਨਿਆ ਕੁਮਾਰੀ
ਨਜ਼ਮ
‘ਗੌਤਮ’ ਪਤੀ ਦੇ ਲਫ਼ਜ਼ਾਂ ਦੀ ਗਰਜਨਾ
ਅਹੱਲਿਆ ਦੇ ਕੰਨਾਂ ਵਿਚ ਪਈ
ਉਹ ਸਿੱਲ-ਪੱਥਰ ਬਣ ਗਈ
.........
ਸਮੇਂ ਨੇ ਆਖਿਆ:
ਅਹੱਲਿਆ!
ਸਦੀਆਂ ਦੇ ਬਦਲਣ ਪਿੱਛੋਂ
ਰਾਮ ਜੀ ਆਉਣਗੇ
ਉਹਦੇ ਜਿਸਮ ਨੂੰ ਪੈਰ ਛੁਹਾਉਣਗੇ
ਉਹ ਤੁਰਦਾ-ਫਿਰਦਾ ਬੁੱਤ ਬਣ ਜਾਵੇਗੀ...
..........
ਅਹੱਲਿਆ ਨੇ ਸੁਣਿਆ
ਕੰਨਾਂ ‘ਤੇ ਹੱਥ ਧਰ ਕੇ ਉਹ ਦੌੜ ਪਈ
ਕੰਨਿਆ ਕੁਮਾਰੀ ਦੇ ਸਾਗਰ ਵਿਚ ਡੁੱਬ ਮੋਈ
.........
ਉਹੀ ਸਾਗਰ
ਜਿਸਦੇ ਕਿਨਾਰੇ ਖਲੋਅ ਕੇ ਲੋਕ
ਸੂਰਜ ਨੂੰ ਸਾਗਰ ਵਿਚ ਲਹਿੰਦਿਆਂ
ਰੋਜ਼ ਹਨ ਵੇਖਦੇ
ਆਲੌਕਿਕ ਦ੍ਰਿਸ਼ ਕਹਿ ਕੇ
ਇਸਦਾ ਅਭਿਨੰਦਨ ਹਨ ਕਰਦੇ।
=====
ਸੋਨੇ ਰੰਗੇ ਬਸਤਰ
ਨਜ਼ਮ
ਉਸਨੇ ਕਦੋਂ ਦਾ ਮੈਨੂੰ
ਕਰ ਦਿੱਤਾ ਬੇਦਖ਼ਲ
...........
ਮੁਹੱਬਤ ਦੀ ਭੋਏਂ ਵਿੱਚੋਂ
ਮੈਂ ਹੀ ਪੋਹਲੀ ਦਾ ਬੂਟਾ ਬਣਕੇ
ਮੁੜ-ਮੁੜ ਉੱਗਦੀ ਰਹੀ
..........
ਉਸ ਕੱਲਰੀ ਜ਼ਮੀਨ ਵਿਚ
ਉੱਡਣੇ ਸੱਪ ਮੇਰੇ ਮੱਥੇ ਨੂੰ ਡੰਗਦੇ
ਮੇਰੀ ਰੂਹ ਉੱਤੇ ਨੀਲੇ ਨਿਸ਼ਾਨ ਪੈਂਦੇ
ਮੇਰੇ ਜਿਸਮ ‘ਚ ਤੁਰਦੇ ਲਹੂ ਵਿਚ
ਜ਼ਹਿਰ ਘੁਲ਼ਦੀ
ਨੀਲੀ ਰੂਹ
ਡੰਗਿਆ ਜਿਸਮ ਲੈ ਕੇ
ਜ਼ਿੰਦਗੀ ਨੂੰ ਗਲਵੱਕੜੀ ਪਾ ਕੇ ਮਿਲ਼ਦੀ
.........
ਕੰਡਿਆਲ਼ੇ ਰਾਹਾਂ ‘ਤੇ ਤੁਰਦਿਆਂ
ਪੋਹਲੀ ਦੇ ਸੋਨੇ ਰੰਗੇ ਬਸਤਰ ਪਹਿਨਦਿਆਂ
ਜਜ਼ਬੇ ਹਨ ਸੋਚੀਂ ਪਏ
ਸ਼ਿੱਦਤ ਹੈ ਹਾਰ ਗਈ..............
(ਪਰ)
ਮਾਲਕ ਦੀ ਕੱਲਰੀ ਜ਼ਮੀਨ ਵਿਚ
ਅੱਜ ਵੀ ਮੈਂ ਉੱਗ ਰਹੀ
ਉਸ ਭੋਂ ਵਿਚ ਰਹਿਣ ਲਈ
ਬੇਦਖ਼ਲ ਕੀਤੇ ਮੁਜ਼ਾਰੇ ਵਾਂਗ
ਖ਼ਵਰੇ ਕਿਹੜੇ ਹੱਕ਼ ਲਈ ਲੜ ਰਹੀ
=====
ਸ਼ਿਲਾਲੇਖ
ਨਜ਼ਮ
ਜਿਹੜਾ ਸ਼ਿਲਾਲੇਖ
ਤੂੰ ਲਿਖਿਆ
ਮੇਰੇ ਜਿਸਮ ‘ਤੇ
ਇਕ ਵਾਅਦਾ ਮਨਾਉਂਦਿਆਂ
ਇਕ ਰਸਮ ਨਿਭਾਉਂਦਿਆਂ
ਉਹਦੇ ਹਰਫ਼ਾਂ ‘ਤੇ ਰੋਜ਼ ਉਂਗਲ਼ੀ ਰੱਖਦਾ
ਕਹਿੰਦਾ ਮੈਨੂੰ
‘..ਪੜ੍ਹ ਇਸਨੂੰ – ਹਿਫਜ਼ ਕਰ!’
...........
ਰੋਜ਼ ਪੜ੍ਹਦਿਆਂ ਇੱਕੋ ਇਬਾਰਤ
ਸਾਰਾ ਸਬਕ
ਮੇਰੇ ਲਹੂ ਵਿਚ ਰਲ਼ ਗਿਆ
.........
ਮੇਰੀਆਂ ਨਾੜਾਂ
ਮੇਰੀਆਂ ਧਮਨੀਆਂ ਵਿਚ
ਚਲਦਾ ਲਹੂ
ਦਿਲ ਵੱਲ ਆਉਂਦਾ ਜਾਂਦਾ ਲਹੂ
ਦਿਮਾਗ਼ ਵੱਲ ਚੜ੍ਹਦਾ ਲਹੂ
..........
(ਤੇ) ਸ਼ਿਲਾਲੇਖ ਦੀ ਇਬਾਰਤ ਵਿਚ ਮੈਨੂੰ
ਨਾੜਾਂ ਦਾ ਜਾਲ਼ ਵਿਛਿਆ
ਨਜ਼ਰ ਆਉਂਦਾ
...........
ਇਸ ਜਾਲ਼ ਦੇ ਪਿੱਛੇ
ਮੇਰੀ ਮਾਂ ਕ਼ੈਦ ਸੀ
ਮਾਂ ਮੇਰੀ ਦੀ ਮਾਂ
ਤੇ
ਉਹਦੀ ਮਾਂ....!
=====
ਵਰਦਾਨ
ਨਜ਼ਮ
ਉਸਨੂੰ..
ਫ਼ੈਸਲੇ ਕਰਨ ਦਾ
ਵਰਦਾਨ
ਮੇਰੇ ਕੰਨਾਂ ਨੂੰ
ਫ਼ੈਸਲੇ ਸੁਣਨ ਦਾ
ਫੁਰਮਾਨ
...........
ਵਰਦਾਨ ਨੇ ਫੁਰਮਾਨ ਨੂੰ ਆਖਿਆ
ਤੂੰ ਮੈਨੂੰ ਅੰਮ੍ਰਿਤ ਸਮਝ ਕੇ ਪੀ
ਸਰਾਪ ਹੰਢਾ ਕੇ ਜੀਅ
............
ਜ਼ਹਿਰ ਦਾ ਪਿਆਲਾ
ਤੂੰ ਕਿਉਂ ਨਹੀਂ ਫੜਦੀ?
ਮੀਰਾਂ ਵਰਗੀ ‘ਸੰਤਣੀ’
ਸੁਕਰਾਤ ਵਰਗਾ ‘ਫਿਲਾਸਫਰ’
ਪੀ ਗਏ ਸਨ ਚੁੱਪ-ਚਾਪ
ਜ਼ਹਿਰ ਆਪਣੀ-ਆਪਣੀ ਸਜ਼ਾ ਦਾ
ਤੂੰ ਤਾਂ ਦੀਵਾ ਵੀ ਨਹੀਂ
ਉਹਨਾਂ ਸਾਹਮਣੇ
ਕਾਹਦਾ ਮਾਣ ਤੂੰ ਕਰਦੀ?
............
ਮੈਨੂੰ ਹਨੇਰਿਆਂ ਦਾ ਵਰਦਾਨ ਦਿਓ
ਮੇਰੇ ਪੁਰਖਿਓ!
ਉਹਨਾਂ ਵਿੱਚੋਂ ਮੈਂ ਚਾਨਣ ਬਣਕੇ
ਨਿਕਲ਼ਾਂ
...........
ਆਪਣੇ ਜ਼ਹਿਰ ਦੇ ਪਿਆਲੇ
ਮੇਰੇ ਹੱਥੀਂ ਦਿਓ!
ਪੀ ਕੇ ਇਹ ਜ਼ਹਿਰ
ਮੈਂ ਤੁਹਾਡੇ ਨਾਲ਼ ਤੁਰ ਸਕਾਂ ਤੇ
ਜੀਅ ਸਕਾਂ...।
1 comment:
ਅਮਰ ਜਿਉਤੀ ਦੀਆਂ ਕਵਿਤਾਵਾਂ ਸਦੀਆਂ ਤੋਂ ਹਰ ਰਿਸ਼ਤੇ ਵਿਚ ਪਿਸਦੀ, ਦੁੱਖ ਅਤੇ ਅੱਤਿਆਚਾਰ ਸਹਿੰਦੀ ਔਰਤ ਦਾ ਸਹੀ ਚਿਤਰਨ ਹਨ। ਮੈਨੂੰ ਆਪਣਾ ਆਪ ਇਹਨਾਂ ਲਿਖਤਾਂ ਦੇ ਬਹੁਤ ਨੇੜੇ ਵਿਚਰਦਾ ਮਹਿਸੂਸ ਹੋਇਆ ਹੈ।
ਤਨਦੀਪ ਜੀ, ਮੈਂ ਡੇਢ ਕੁ ਸਾਲ ਤੋਂ ਆਰਸੀ ਤੇ ਨਿਰੰਤਰਤਾ ਨਾਲ਼ ਆਉਂਦੀ ਹਾਂ। ਤੁਸੀਂ ਸਚਮੁਚ ਹੀ ਪੰਜਾਬੀ ਸਾਹਿਤ ਦੀ ਬਹੁਤ ਸੇਵਾ ਕਰ ਰਹੇ ਹੋ। ਨਹੀਂ ਤਾਂ ਇਸ ਜ਼ਮਾਨੇ ਵਿਚ ਤੇ ਖ਼ਾਸ ਤੌਰ ਤੇ ਇਹਨਾਂ ਮੁਲਕਾਂ ਵਿਚ ਏਨਾ ਵਕਤ ਕੌਣ ਸਾਹਿਤ ਨੂੰ ਦਿੰਦਾ ਹੈ। ਜਿੱਥੇ ਕਿਤਾਬਾਂ ਨਹੀਂ ਪਹੁੰਚਦੀਆਂ, ਤੁਸੀਂ ਉਥੇ ਪੰਜਾਬੀ ਸਾਹਿਤ ਪਹੁੰਚਾ ਕੇ ਬੜਾ ਪੁੰਨ ਦਾ ਕੰਮ ਕਰ ਰਹੇ ਹੋ, ਰੱਬ ਹੋਰ ਹਿੰਮਤ ਦੇਵੇ।
ਹਰਜਾਪ ਕੌਰ
ਯੂ.ਐੱਸ.ਏ.
-----
ਦੋਸਤੋ! ਮੈਡਮ ਹਰਜਾਪ ਕੌਰ ਜੀ ਦੀ ਟਿੱਪਣੀ ਮੇਲ 'ਚ ਮਿਲ਼ੀ ਸੀ, ਸੋ ਏਥੇ ਪੋਸਟ ਕਰ ਰਹੀ ਹਾਂ। ਉਹਨਾਂ ਦਾ ਆਰਸੀ ਪੜ੍ਹ ਕੇ ਮੇਲ ਕਰਨ ਲਈ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ
Post a Comment