ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, April 5, 2010

ਰਵਿੰਦਰ ਰਵੀ - ਨਜ਼ਮ

ਦੋਸਤੋ! ਰਵਿੰਦਰ ਰਵੀ ਜੀ ਨੇ 1975-77 ਚ ਲਿਖੀਆਂ ਆਪਣੀਆਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ, ਨਾਲ਼ੇ ਈਮੇਲ ਚ ਲਿਖਿਆ ਹੈ ਕਿ ...ਤਮੰਨਾ! ਮੈਨੂੰ ਇਕ ਵਾਰ ਫੇਰ ਆਪਣੀਆਂ 70 ਵਿਆਂ ਚ ਲਿਖੀਆਂ ਨਜ਼ਮਾਂ ਨਾਲ਼ ਇਸ਼ਕ ਹੋ ਰਿਹਾ ਹੈ.....:) । ਆਰਸੀ ਪਰਿਵਾਰ ਉਹਨਾਂ ਦਾ ਰਿਣੀ ਹੈ ਕਿ ਉਹ ਹਮੇਸ਼ਾਂ ਰੁਝੇਵਿਆਂ ਚੋਂ ਵਕ਼ਤ ਕੱਢ ਕੇ ਹਾਜ਼ਰੀ ਲਵਾਉਂਦੇ ਰਹਿੰਦੇ ਹਨ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਭਟਕਣ-ਮੁਖੀ

ਨਜ਼ਮ

ਅੱਜ ਕੇਵਲ ਲੀਕਾਂ ਹੀ ਵਹੀਆਂ,

ਸ਼ਬਦ ਪਕੜ ਨਾ ਹੋਏ!

ਭਾਸ਼ਾ ਦੇ ਦਰ, ਭਾਵਾਂ ਦਾ ਸੱਚ,

ਚੁੱਪ ਚੁਪੀਤਾ ਰੋਏ!

------

ਮਿਲੇ, ਤਾਂ ਉਦ ਵੀ ਸ਼ਬਦ ਨਹੀਂ ਸਨ,

ਵਿਦਿਆ-ਵੇਲ਼ੇ 1 ਫਿਰ ਨਿਰਵਾਣੀ 2!

ਦਿਲ ਵਿਚ ਸੂਲਾਂ, ਜ਼ਿਹਨ ਚ ਫੋੜੇ,

ਅੱਖਾਂ ਪਾਣੀ, ਪਾਣੀ!

-----

ਤੇਰੀ ਵਿਥਿਆ ਅਲਫ਼ ਚਾਨਣੀ,

ਮੇਰੀ ਹੈ ਪਰਛਾਵਾਂ!

ਸੱਟ ਤੇ ਪੀੜ ਦੇ ਰਿਸ਼ਤੇ ਦੇ ਵਿਚ,

ਬੰਨ੍ਹਿਆਂ ਸਾਨੂੰ ਰਾਹਵਾਂ!

-----

ਭਟਕੇ ਸਾਂ, ਕਿ ਫੇਰ ਮਿਲ਼ਾਂਗੇ,

ਮਿਲ਼ੇ ਹਾਂ, ਫਿਰ ਭਟਕਣ ਲਈ!

ਰਾਹ ਪਾਟਣ ਚਾਹੇ ਉਲਟ ਦਿਸ਼ਾਈਂ,

ਤੁਰਦਾ ਕੌਣ ਰੁਕਣ ਲਈ?

======

ਇਕੱਲ-ਕ਼ੈਦ

ਨਜ਼ਮ

ਅੰਬਰ ਨੂੰ ਅੱਗ ਲਾ ਕੇ ਤੁਰੀਆਂ,

ਡੁੱਬਦੀਆਂ ਭਾਨ-ਸ਼ੁਆਵਾਂ 3!

ਜਿੱਧਰ ਵੇਖੋ, ਬਰਫ਼ ਦਾ ਪਹਿਰਾ,

ਵਗਦੀਆਂ ਸੀਤ ਹਵਾਵਾਂ!

-----

ਠਾਰ ਅੰਦਰ ਦੀ? ਬਾਹਰ ਦਾ ਮੌਸਮ?

ਭੇਦ ਸਮਝ ਨਾ ਆਏ!

ਆਪੇ ਨੂੰ ਭਰਮਾਵਣ ਲਈ, ਮਨ

ਬਰਫ਼ ਨੂੰ ਤੀਲੀ ਲਾਏ!

-----

ਚਿੱਟੀ ਬਰਫ਼ ਤੇ ਕੋਰੇ ਮਨ ਤੇ,

ਹਰ ਰੰਗ ਪੈੜ ਬਣੇ!

ਬਰਫ਼ ਦੀ ਰੁੱਤੇ, ਜੋ ਰੁੱਤ ਆਵੇ,

ਸੱਜਰੀ ਪੀੜ ਜਣੇ!

-----

ਅਬਰਕ ਵਾਂਗੂੰ ਝੜਦੀ ਅੰਬਰੋਂ,

ਪੈੜਾਂ ਉੱਤੇ ਪੈਂਦੀ!

ਬਰਫ਼ ਦੀਆਂ ਤਹਿਆਂ ਵਿਚ ਸਾਂਭੀ,

ਪੈੜ ਨਾ ਅੱਜ ਕੱਲ੍ਹ ਢਹਿੰਦੀ!

-----

ਆਵਣ ਵਾਲੇ, ਆਕੇ ਤੁਰ ਗਏ,

ਪੈੜ ਨਾ ਛੱਡਣ ਵਾਵਾਂ!

ਯਾਦਾਂ ਵਾਂਗ ਅਨ੍ਹੇਰੀ, ਪਿੱਛੋਂ

ਚੁੱਪ ਦਾ ਸ਼ੋਰ ਦੁਖਾਵਾਂ!

-----

ਕਿਹੜੀਆਂ ਸੋਚਾਂ ਵਿਚ ਜਿੰਦ ਉਲਝੀ?

ਕਿਸ ਤੇ ਦੋਸ਼ ਧਰੇ?

ਇਕਲਾਪੇ ਦੀ ਕੈਦ ਹੋਂਦ ਨੂੰ,

ਕਿੱਧਰ ਕੂਚ ਕਰੇ???

=====

ਕ਼ਤਲ

ਨਜ਼ਮ

ਬਰਫ਼ ਨੂੰ ਅੱਗ ਨਹੀਂ ਲੱਗਣੀ,

ਤੀਲ੍ਹੀ ਕਿਉਂ ਬਲਦੀ ਹੈ?

ਪਿੱਠਾਂ ਵਿਚਕਾਰਲਾ ਸੂਰਜ,

ਰੌਸ਼ਨ ਹੈ,

ਰੌਸ਼ਨੀ ਨਹੀਂ ਕਰਦਾ!

ਚਮਗਿੱਦੜ ਨੂੰ ਰਾਤ ਹੀ ਦਿਨ,

ਉੱਲੂ ਨੂੰ ਉਜਾੜ, ਆਬਾਦੀ!

............

ਪਿੱਠਾਂ ਪਾਟੀਆਂ,

ਚਿਹਰੇ ਬੇਮੁਖ ਹੋਏ

ਰਿਸ਼ਤਿਆਂ ਦੀ ਰੌਸ਼ਨੀ ,

ਕਿਸ ਦਾ ਕ਼ਤਲ ਹੋਇਆ ਹੈ???

=====

ਵਕ਼ਤ ਆ ਗਿਆ ਹੈ

ਨਜ਼ਮ

ਵਕ਼ਤ ਆ ਗਿਆ ਹੈ:

ਪਹੁ ਫ਼ਟਣ ਦਾ

ਚਿੜੀਆਂ, ਚਹਿਕਣ ਦਾ

ਕਲੀਆਂ, ਖਿੜਣ ਦਾ

ਪੌਣਾਂ, ਰੁਮਕਣ ਦਾ

ਟਹਿਣੀਆਂ, ਝੂਲਣ ਦਾ

ਕਿਰਨਾਂ, ਮਹਿਕਣ ਦਾ

ਫੁੱਲਾਂ, ਟਹਿਕਣ ਦਾ

.............

ਹਾਂ, ਵਕ਼ਤ ਆ ਗਿਆ ਹੈ:

ਵਕ਼ਤ ਰੋਜ਼ ਆਉਂਦਾ ਹੈ,

ਪਰ ਹੁੰਦਾ ਕੁਝ ਵੀ ਨਹੀਂ!!!

=====

ਚਲੋ ਚੱਲੀਏ

ਨਜ਼ਮ

ਚਲੋ ਚੱਲੀਏ,

ਸ਼ਹਿਰ ਨੂੰ ਅੱਗ ਲਾ ਕੇ,

ਵਣ ਹਰੇ ਕਰੀਏ!

..........

ਇੱਟਾਂ ਪੱਥਰ ਚਿਣੇ ਸਨ,

ਮਨ ਨੂੰ, ਘਰ ਬਣਾਵਣ ਲਈ!

ਬਰਸ ਪਏ,

ਸਾਡੇ ਤੇ

ਚਾਰ ਦੀਵਾਰੀ ਚ ਇਹ!

ਦੀਵਾਰਾਂ ਬਾਹਰ ਸਨ,

ਦੀਵਾਰਾਂ ਅੰਦਰ ਹਨ!

............

ਹਰ ਦੂਜੇ ਦੇ ਮੂੰਹ ਤੇ ਹੀ ਨਹੀਂ,

ਹਰ ਆਪਣੇ ਮੂੰਹ ਤੇ ਵੀ ਸੰਦੇਹ ਹੈ!

ਹਰ ਆਪਣਾ ਚਿਹਰਾ ਵੀ, ਕੇਵਲ

ਆਪ ਤਕ ਸੀਮਤ!

.............

ਏਸ ਤੋਂ ਪਹਿਲਾਂ ਕਿ ਤਿੜਕੇ ਚਾਰ-ਦੀਵਾਰੀ,

ਨਿਗੂਣੇ ਕੰਕਰਾਂ ਵਿਚ:

ਦੂਰ, ਦੂਰ

ਕੋਲ਼, ਕੋਲ਼

ਚਲੋ ਚੱਲੀਏ,

ਸ਼ਹਿਰ ਨੂੰ ਅੱਗ ਲਾ ਕੇ,

ਵਣ ਹਰੇ ਕਰੀਏ!!!

*********

ਔਖੇ ਸ਼ਬਦਾਂ ਦੇ ਅਰਥ: ਵਿਦਿਆ-ਵੇਲੇ - ਵਿਛੜਨ ਸਮੇਂ, ਨਿਰਵਾਣੀ ਚੁੱਪ, ਭਾਨ-ਸ਼ੁਆਵਾਂ ਸੂਰਜ ਦੀਆਂ ਕਿਰਨਾਂ

1 comment:

rup said...

Ravi Sahib,Nazman dhur andar leh gaian,khas karke shand-band nazman-Rup Daburji