ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, April 6, 2010

ਮਰਹੂਮ ਬਿਸ਼ਨ ਸਿੰਘ ਉਪਾਸ਼ਕ - ਗ਼ਜ਼ਲ

ਸਾਹਿਤਕ ਨਾਮ: ਬਿਸ਼ਨ ਸਿੰਘ ਉਪਾਸ਼ਕ

ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਉਪਲਬਧ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।

-----

ਦੋਸਤੋ! ਅੱਜ ਆਰਸੀ ਚ ਆਪਣੇ ਸਮੇਂ ਦੇ ਉੱਘੇ ਸਟੇਜੀ ਸ਼ਾਇਰ ਮਰਹੂਮ ਬਿਸ਼ਨ ਸਿੰਘ ਉਪਾਸ਼ਕ ਜੀ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਸ਼ਾਮਿਲ ਕਰ ਰਹੀ ਹਾਂ। ਉਹਨਾਂ ਬਾਰੇ ਜਿਉਂ ਹੀ ਹੋਰ ਜਾਣਕਾਰੀ ਪ੍ਰਾਪਤ ਹੋਈ, ਤੁਹਾਡੇ ਨਾਲ਼ ਸਾਂਝੀ ਜ਼ਰੂਰ ਕਰਾਂਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਗ਼ਜ਼ਲ

ਸੁਣੋ ਮੇਰੇ ਗ਼ਮ ਮੇਰੇ ਰਾਜ਼ਦਾਨਾਂ ਵਾਂਗੂੰ।

ਹੁੰਗਾਰੇ ਭਰੋ ਮਿਹਰਬਾਨਾਂ ਵਾਗੂੰ।

----

ਮੇਰੀ ਨਾਉ ਹੈ ਹੁਣ ਤੁਸਾਂ ਦੇ ਸਹਾਰੇ,

ਲੈ ਜਾਵੋ ਜ਼ਰਾ ਬਾਦਬਾਨਾਂ ਦੇ ਵਾਂਗੂੰ।

-----

ਮਿਰਾ ਹਰ ਹਰਫ਼ ਹੈ ਤਜਰਬੇ ਦਾ ਹੰਝੂ,

ਨਾਸਮਝੋ ਇਵੇਂ ਦਾਸਤਾਨਾਂ ਦੇ ਵਾਂਗੂੰ।

-----

ਤੁਸਾਂ ਦੇ ਦੁਆਰੇ ਤੇ ਡਿਗਿਆ ਹਾਂ ਆ ਕੇ,

ਦਿਉ ਸਹਾਰਾ ਪਾਸਬਾਨਾਂ ਦੇ ਵਾਂਗੂੰ।

-----

ਇਹਦੇ ਵਿਚ ਹਜ਼ਾਰਾਂ ਅਰਮਾਨ ਜਿਉਂਦੇ,

ਜੇ ਫੋਲੋ ਕ਼ਬਰ, ਕਦਰਦਾਨਾਂ ਦੇ ਵਾਗੂੰ।

-----

ਉਹੀ ਫੁੱਲ ਲਾਂਬੂ ਬਣੇ ਮੈਂ ਜਿਨ੍ਹਾਂ ਨੂੰ,

ਰਿਹਾ ਵੁਖਦਾ ਬਾਗ਼ਬਾਨਾਂ ਦੇ ਵਾਂਗੂੰ।

-----

ਉਮਰ ਇਹ ਮੇਰੀ ਔੜ ਮਾਰੀ ਏ ਧਰਤੀ,

ਜੀ ਰਹਿਮਤ ਕਰੋ ਆਸਮਾਨਾਂ ਦੇ ਵਾਂਗੂੰ।

-----

ਮੈਂ ਜੀਉਂਦਾ ਰਿਹਾਂ ਉਮਰ ਭਰ ਲਾਰਿਆਂ ਤੇ,

ਉਹ ਔਂਦੇ ਰਹੇ ਬੇ-ਜ਼ਬਾਨਾਂ ਦੇ ਵਾਂਗੂੰ।

-----

ਉਪਾਸ਼ਕ ਹਾਂ ਤੇਰੇ ਰਹੇ ਆਖਦੇ ਉਹ,

ਤੇ ਮਿਲ਼ਦੇ ਰਹੇ ਹੁਕਮਰਾਨਾਂ ਦੇ ਵਾਂਗੂੰ।

=====

ਗ਼ਜ਼ਲ

ਹੋਈਆਂ ਉਦਾਸ ਤੇਰੀਆਂ, ਗਲੀਆਂ ਤੇਰੇ ਬਗੈਰ।

ਰਾਹਵਾਂ ਗ਼ਮਾਂ ਨੇ ਮੇਰੀਆਂ, ਮੱਲੀਆਂ ਤੇਰੇ ਬਗੈਰ।

-----

ਤੇਰਾ ਖ਼ਿਆਲ ਹੀ ਰਿਹੈ, ਬਣਦਾ ਤੇਰਾ ਵਜੂਦ,

ਗੱਲਾਂ ਸਦਾ ਨੇ ਤੇਰੀਆਂ, ਚੱਲੀਆਂ ਤੇਰੇ ਬਗੈਰ।

-----

ਥਾਂ ਹੈ ਤੇਰੇ ਮਿਲਾਪ ਦੀ, ਵਰਖਾ ਵੀ ਹੋ ਰਹੀ,

ਕਣੀਆਂ ਵੀ ਹੈਨ ਅੱਗ ਦੀਆਂ, ਡਲੀਆਂ ਤੇਰੇ ਬਗੈਰ।

-----

ਹੈਰਾਨ ਹਾਂ ਬਹਾਰ ਹੈ ਆਈ, ਕਿ ਇਹ ਖ਼ਿਜ਼ਾਂ,

ਕੰਡਿਆਂ ਦੇ ਹਾਰ ਬਣ ਗਈਆਂ, ਕਲੀਆਂ ਤੇਰੇ ਬਗੈਰ।

------

ਦਿਲ ਨੂੰ ਯਕੀਨ ਹੈ ਕਿ ਤੂੰ, ਔਣਾ ਨਈਂ, ਫੇਰ ਵੀ,

ਨਜ਼ਰਾਂ ਤੇਰੀ ਉਡੀਕ ਚ, ਖਲੀਆਂ ਤੇਰੇ ਬਗੈਰ।

-----

ਯਾਦਾਂ ਵਫ਼ਾ ਦੀ ਕ਼ੈਦ ਵਿਚ, ਖ਼ੁਸ਼ੀਆਂ ਜਲਾਵਤਨ,

ਕੀ ਕੀ ਅਸਾਂ ਮੁਸੀਬਤਾਂ, ਝੱਲੀਆਂ ਤੇਰੇ ਬਗੈਰ।

-----

ਜੀਣਾ ਅਜ਼ਾਬ ਹੋ ਗਿਐ, ਨੀਂਦਾਂ ਹਰਾਮ ਨੇ,

ਮਲ਼ਦੇ ਨੇ ਖ਼ਾਬ ਗੋਰੀਏ, ਤਲੀਆਂ ਤੇਰੇ ਬਗੈਰ।

No comments: