ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, April 10, 2010

ਡਾ: ਸੁਖਪਾਲ - ਨਜ਼ਮ

ਚਾਨਣਾ ਬੂਟਾ

ਨਜ਼ਮ

ਮੈਂ ਉਦਾਸ ਹਾਂ

ਲੁਕਣ ਲਈ

ਹਨੇਰੀ ਨੁੱਕਰ ਲੱਭਦਾ ਹਾਂ

............

ਹਨੇਰੇ ਵਿਚ ਪਿਆ ਬੂਟਾ

ਹੰਭਲ਼ਾ ਮਾਰਦਾ ਹੈ

ਆਪਣੇ ਪੱਤਿਆਂ ਦਾ ਮੂੰਹ

ਚਾਨਣ ਵੱਲ ਕਰ ਦੇਂਦਾ ਹੈ

ਟਾਹਣੀਆਂ ਨੂੰ ਧੂਹ ਕੇ

ਧੁੱਪੇ ਲੈ ਆਉਂਦਾ ਹੈ

............

ਉਹਦਾ ਲੱਕ ਟੇਢਾ ਹੋ ਜਾਂਦਾ ਹੈ

ਫਿਕਰ ਨਹੀਂ ਕਰਦਾ

ਸਮਾਂ ਲੱਗ ਜਾਂਦਾ ਹੈ

ਸਾਹ ਨਹੀਂ ਛਡਦਾ

............

ਜੇ ਪੈਰ ਹੋਣ

ਇਹ ਬਾਹਰ ਨਿਕਲ਼ ਜਾਵੇ

ਧੁੱਪੇ ਲੇਟੇ

ਆਵਾਰਾਗਰਦੀ ਕਰੇ

ਜੇ ਹੱਥ ਹੋਣ

ਕੰਧ ਵਿਚ ਖਿੜਕੀ ਕੱਢ ਦੇਵੇ

ਜੇ ਉਸ ਕੋਲ਼ ਜੀਭ ਹੋਵੇ

ਚਾਨਣ ਨੂੰ ਵਾਜ ਮਾਰੇ

ਜੇ ਉਹ ਰੱਬ ਹੋਵੇ

ਸੂਰਜ ਨੂੰ ਡੁੱਬਣ ਨਾ ਦੇਵੇ...!

=====

ਮੱਛੀ

ਨਜ਼ਮ

ਮਰਤਮਾਨ ਵਿਚ

ਦੋ ਮੱਛੀਆਂ ਸਨ

ਇਕ ਦਿਨ

ਵੱਡੀ ਮੱਛੀ ਨੇ

ਛੋਟੀ ਨੂੰ ਖਾ ਲਿਆ

.............

ਉਸ ਨੂੰ ਨਫ਼ਰਤ ਹੁੰਦੀ ਹੈ

ਜਿਉਂਦੀ ਮੱਛੀ ਤੋਂ

ਜੀਅ ਕਰਦਾ ਹੈ

ਪਾਣੀ ਚੋਂ ਬਾਹਰ ਕੱਢ ਸੁੱਟੇ

.............

ਹਰ ਵਾਰੀ ਝਿਜਕ ਜਾਂਦਾ ਹੈ

ਪੈਸੇ ਲੱਗੇ ਹਨ ਇਨ੍ਹਾਂ ਤੇ

ਉਂਝ ਵੀ ਆਏ ਗਏ ਦੇ ਵੇਖਣ ਲਈ

ਖਰੀਦੀਆਂ ਹਨ ਇਹ ਮੱਛੀਆਂ

ਉਹ ਕੰਮ ਤਾਂ

ਹਾਲੇ ਹੋ ਹੀ ਰਿਹਾ ਹੈ

............

ਕੁਝ ਬੀਤਣ ਤੇ

ਉਸ ਦੀ ਮੱਛੀ ਨਾਲ਼ ਨਫ਼ਰਤ

ਘਟ ਗਈ ਹੈ

ਕੁਝ ਦਿਨ ਹੋਰ ਬੀਤਣ ਤੇ

ਉਹਨੇ ਆਪ ਵੀ

ਨਿੱਕੀ ਮੱਛੀ ਨੂੰ ਖਾ ਲਿਆ ਹੈ।


No comments: