ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, April 9, 2010

ਗੁਰਚਰਨ ਰਾਮਪੁਰੀ - ਤੁਰ ਗਏ ਮਿੱਤਰ ਸਾਹਿਤਕਾਰਾਂ ਦੇ ਨਾਂ - ਨਜ਼ਮ

ਦੋਸਤੋ! ਕੋਕਿਟਲਮ, ਬੀ.ਸੀ. ਕੈਨੇਡਾ ਵਸਦੇ ਪੰਜਾਬੀ ਦੇ ਅਜ਼ੀਮ ਸ਼ਾਇਰ ਜਨਾਬ ਗੁਰਚਰਨ ਰਾਮਪੁਰੀ ਸਾਹਿਬ ਦਾ ਕੱਲ੍ਹ ਰੋਇਲ ਕੋਲੰਬੀਅਨ ਹਸਪਤਾਲ ਤੋਂ ਫ਼ੋਨ ਆਇਆ ਸੀ। ਉਹਨਾਂ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਵਿੱਛੜ ਚੁੱਕੇ ਆਪਣੇ ਮਿੱਤਰ ਸਾਹਿਤਕਾਰਾਂ ਦੇ ਨਾਮ ਸ਼ਰਧਾਂਜਲੀ ਇਕ ਨਜ਼ਮ ਦੇ ਰੂਪ ਚ ਲਿਖ ਕੇ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਦਿੱਤੀ ਹੈ। ਦੋ ਕੁ ਹਫ਼ਤੇ ਪਹਿਲਾਂ ਉਹਨਾਂ ਦੇ ਗੋਡੇ ਦੀ ਰਿਪਲੇਸਮੈਂਟ ਦਾ ਦੁਬਾਰਾ ਆਪ੍ਰੇਸ਼ਨ ਹੋਇਆ ਹੈ ਤੇ ਉਹ ਹਸਪਤਾਲ ਚ ਹੀ ਬੈੱਡ ਰੈਸਟ ਤੇ ਹਨ। ਮੈਂ ਸਤਿਕਾਰਤ ਰਾਮਪੁਰੀ ਸਾਹਿਬ ਦੀ ਮਸ਼ਕੂਰ ਹਾਂ ਕਿ ਉਹ ਆਪਣੀ ਤਬੀਅਤ ਨਾਸਾਜ਼ ਹੋਣ ਦੇ ਬਾਵਜੂਦ ਫ਼ੋਨ ਕਰਕੇ ਮੇਰੀ ਹੌਸਲਾ-ਅਫ਼ਜ਼ਾਈ ਕਰਦੇ ਰਹਿੰਦੇ ਹਨ। ਅਸੀਂ ਰੱਬ ਸੋਹਣੇ ਕੋਲ਼ੋਂ ਉਹਨਾਂ ਦੀ ਸਿਹਤਯਾਬੀ ਦੀ ਦੁਆ ਕਰਦੇ ਹੋਏ ਅੱਜ ਇਹ ਨਜ਼ਮ ਉਹਨਾਂ ਦੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਮਿੱਤਰ ਸਾਹਿਤਕਾਰਾਂ ਦੇ ਨਾਮ ਕਰ ਰਹੇ ਹਾਂ। ਰਾਮਪੁਰੀ ਸਾਹਿਬ! ਤੁਸੀਂ ਜਲਦੀ ਜਲਦੀ ਠੀਕ ਹੋਵੋ .... ਆਪਾਂ ਇਕ ਮੁਸ਼ਾਇਰਾ ਤੁਹਾਡੇ ਘਰ ਪਰਤਣ ਦੀ ਖ਼ੁਸ਼ੀ ਚ ਰੱਖੀਏ .... ਤੇ ਆਪਾਂ ਸਭ ਰਲ਼ ਕੇ ਓਨੀਆਂ ਹੀ ਗੱਲਾਂ ਕਰੀਏ...ਯਾਦਾਂ ਸਾਂਝੀਆਂ ਕਰੀਏ, ਜਿੰਨੀਆਂ ਆਪਾਂ ਪਿਛਲੇ ਸਾਲ ਮਾਰਚ ਚ ਤੁਹਾਡੇ ਘਰ ਕੀਤੀਆਂ ਸਨ....ਆਮੀਨ!! ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਤੁਰ ਗਏ ਮਿੱਤਰ ਸਾਹਿਤਕਾਰਾਂ ਦੇ ਨਾਂ

ਨਜ਼ਮ

ਮਿੱਤਰਾਂ ਦੇ ਸਿਰਨਾਵਿਆਂ ਵਾਲ਼ੀ,

ਬੁੱਢੀ ਕਾਪੀ ਮੁੜ-ਮੁੜ ਫੋਲਾਂ।

ਕੱਟੇ ਨਾਮ ਦੇਖ ਕੇ ਏਨੇ,

ਰੱਤ ਦੇ ਹੰਝੂ ਮੁੜ-ਮੁੜ ਡੋਲ੍ਹਾਂ।

-----

ਹੋਈਆਂ ਬੀਤੀਆਂ ਚੇਤੇ ਆਵਣ,

ਲੰਘਿਆ ਵੇਲ਼ਾ ਮੁੜ-ਮੁੜ ਜੀਵਾਂ।

ਸਦਾ ਭਰੇ ਯਾਦਾਂ ਦੇ ਪਿਆਲੇ,

ਵਿੱਚੋਂ ਘੁੱਟ-ਘੁੱਟ ਕਰਕੇ ਪੀਵਾਂ।

-----

ਲੀਕ ਅਜੇਹੀ ਟੱਪ ਗਏ ਮਿੱਤਰ,

ਜਿਸਦੇ ਪਾਰੋਂ ਕੋਈ ਨਾ ਮੁੜਦਾ।

ਸਾਹਾਂ ਦਾ ਧਾਗਾ ਹੈ ਕੱਚਾ,

ਜੇ ਟੁੱਟ ਜਾਵੇ ਫਿਰ ਨਹੀਂ ਜੁੜਦਾ।

No comments: