
ਅਜੋਕਾ ਨਿਵਾਸ: ਪਟਿਆਲਾ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ‘ਇਕ ਅਧੂਰਾ ਗੀਤ’, ‘ਕੋਮਲ ਸਿੰਘ ਆਖਦਾ ਹੈ’ ਅਤੇ ‘ਘਾੜਤਿ’ ਪ੍ਰਕਾਸ਼ਿਤ ਹੋ ਚੁੱਕੇ ਹਨ।
-----
ਦੋਸਤੋ! ਕੋਈ ਡੇਢ ਕੁ ਸਾਲ ਪਹਿਲਾਂ ਦਵਿੰਦਰ ਪੂਨੀਆ ਜੀ ਨੇ ਮੈਨੂੰ ਪਟਿਆਲ਼ੇ ਵਸਦੇ ਸ਼ਾਇਰ ਬਲਵਿੰਦਰ ਸੰਧੂ ਸਾਹਿਬ ਦੁਆਰਾ ਰਚਿਤ ਇਕ ਕਿਤਾਬ ਪੜ੍ਹਨ ਨੂੰ ਦਿੱਤੀ ਸੀ: ਕਿਤਾਬ ਦਾ ਨਾਮ ਬੜਾ ਰੌਚਕ ਸੀ ‘ਘਾੜਤਿ’। ਕਿਤਾਬ ਦਾ ਟਾਈਟਲ ਜਿੱਥੇ ਖਿੱਚ ਪਾਉਂਦਾ ਸੀ ਕਿ ਜਲਦੀ ਪੜ੍ਹਾਂ, ਉੱਥੇ ਕਿਤਾਬ ਦੇ ਪਿਛਲੇ ਪੰਨੇ ‘ਤੇ ਅੰਕਿਤ ਇਸ ਨਜ਼ਮ ਨੇ ਮੇਰੀ ਕਿਤਾਬ ਪੜ੍ਹਨ ਦੀ ਉਤਸੁਕਤਾ ਹੋਰ ਵਧਾ ਦਿੱਤੀ:
ਇਹ ਨਜ਼ਮ ਸੀ:
-----
ਰੰਗ ਜਾਮਣੀ ਬੋਲਿਆ
ਦਿਲ ਦੀ ਆਵਾਜ਼-
ਕਵਿਤਾ ‘ਚ ਪਿਆਰ ਦਾ ਇਜ਼ਹਾਰ ਕਰੋ
...........
ਰੰਗ ਨੀਲਮ ਬਹਿਸਿਆ
ਸ਼ਬਦ ਦਾ ਰਾਜ਼-
ਕਵਿਤਾ ‘ਚ ਨਿਰੰਕਾਰ ਦਾ ਪ੍ਰਚਾਰ ਕਰੋ
............
ਰੰਗ ਅਸਮਾਨੀ ਗੱਜਿਆ
ਸਾਗਰ ਦੀ ਸਦਾਅ-
ਕਵਿਤਾ ‘ਚ ਪਾਣੀ ਦੀ ਕਹਾਣੀ ਲਿਖੋ
...........
ਰੰਗ ਹਰਾ ਸਿਸਕਿਆ
ਧਰਤ ਦੀ ਬਿਨਾਹ-
ਕਵਿਤਾ ‘ਚ ਕਰਤੇ ਦੀ ਫੁੱਲਵਾਣੀ ਲਿਖੋ
..............
ਰੰਗ ਪੀਲ਼ਾ ਲਿਸ਼ਕਿਆ
ਧੁੱਪ ਦਾ ਸੰਕੇਤ-
ਕਵਿਤਾ ‘ਚ ਉਪਜਣ-ਬਿਨਸਣ ਦੀ ਵਜ੍ਹਾ ਲਿਖੋ
..............
ਰੰਗ ਬਸੰਤੀ ਗੁਣਗੁਣਾਇਆ
ਵਤਨ ਦਾ ਆਦੇਸ਼-
ਕਵਿਤਾ ‘ਚ ਤਿਰੰਗੇ ਦੀ ਰਜ਼ਾ ਲਿਖੋ
...........
ਰੰਗ ਰੱਤਾ ਦਨਦਨਾਇਆ
ਅਦਨੇ ਦੀ ਹਾਹਾਕਾਰ-
ਕਵਿਤਾ ‘ਚ ਸ਼ਕਤੀ ਦਾ ਸਤਿਭੋਗ ਲਿਖੋ
.............
ਰੰਗ ਚਿੱਟਾ ਵਿਲਕਿਆ
ਨਵਿਆਂ ਦੀ ਫ਼ਰਿਆਦ-
ਕਵਿਤਾ ‘ਚ ਕੁਝ ਪ੍ਰਯੋਗ ਲਿਖੋ
................
ਸੂਰਜ ਚਮਕਿਆ
ਮੈਂ ਰੰਗਾਂ ਦਾ ਸਿਰਜਣਹਾਰ-
ਮੇਰੇ ਰੰਗਾਂ ਨੂੰ ਪਿਆਰ ਕਰੋ
ਪ੍ਰਿਜ਼ਮ ਹੱਸਿਆ
ਮੈਂ ਰੰਗਾਂ ਦਾ ਅਧਾਰ-
ਮੇਰੇ ਰੰਗਾਂ ਦਾ ਸਤਿਕਾਰ ਕਰੋ
..............
ਕਵਿਤਾ ਨੇ ਸੁਣੀ ਦੁਹਾਈ
ਇਹ ਕਹਿ ਮੁੰਦਾਵਣੀ ਲਾਈ
ਜੋ ਜੀਅ ਆਵੇ ਸੋਈ ਲਿਖੋ
ਪਰ ਹਜ਼ੂਰ ! ਮੇਰੇ ਮਸ਼ਕੂਰ !!
ਕਵਿਤਾ ‘ਚ ਕਵਿਤਾ ਜ਼ਰੂਰ ਲਿਖੋ।
-----
ਰਾਤ ਦੇ ਇਕ ਵਜੇ ਤੱਕ ਬੈਠ ਕੇ ਸਾਰੀ ਕਿਤਾਬ ਪੜ੍ਹੀ, ਸਵੇਰੇ ਹੁੰਦਿਆਂ ਹੀ ਫੇਰ ਪੜ੍ਹੀ, ਅੱਖਰ-ਅੱਖਰ ਮਾਣਿਆ। ਸੰਧੂ ਸਾਹਿਬ ਨੂੰ ਕਾਲ ਕੀਤੀ ਤੇ ਦੱਸਿਆ ਕਿ 'ਘਾੜਤਿ' ਮੇਰੀਆਂ ਮਨ-ਪਸੰਦੀਦਾ ਕਿਤਾਬਾਂ ‘ਚ ਸ਼ਾਮਿਲ ਹੋ ਗਈ ਹੈ। ਉਹਨਾਂ ਨੇ ਨਵੀਆਂ ਰਚਨਾਵਾਂ ਜਲਦ ਘੱਲਣ ਦਾ ਵਾਅਦਾ ਕੀਤਾ, ਫੇਰ ਮੈਂ ਵੀ ਬਹੁਤ ਰੁੱਝ ਗਈ, ਤੇ ਸ਼ਾਇਦ ਸੰਧੂ ਸਾਹਿਬ ਵੀ, ਪਰ ਉਹ ਵਾਅਦਾ ਭੁੱਲੇ ਨਹੀਂ। ਕੁਝ ਦਿਨ ਪਹਿਲਾਂ ਉਹਨਾਂ ਦੀ ਈਮੇਲ ਆਈ, ਨਵੀਆਂ ਰਚਨਾਵਾਂ ਨਾਲ਼ ਨੱਥੀ ਸਨ। ਮੇਰੀ ਖ਼ੁਸ਼ੀ ਦੀ ਹੱਦ ਨਾ ਰਹੀ।
-----
ਦੋਸਤੋ! ਅੱਜ ਸੰਧੂ ਸਾਹਿਬ ਦੀਆਂ ਘੱਲੀਆਂ ਇਹਨਾਂ ਨਜ਼ਮਾਂ ਵਿੱਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਦਿਆਂ ਮੈਂ ਮਾਣ ਮਹਿਸੂਸ ਕਰ ਰਹੀ ਹਾਂ, ਬਾਕੀ ਆਉਣ ਵਾਲ਼ੇ ਦਿਨਾਂ ‘ਚ ਪੋਸਟ ਕਰਦੇ ਰਹਾਂਗੇ। ਮੈਨੂੰ ਪੂਰਨ ਆਸ ਹੈ ਕਿ ਇਹ ਨਜ਼ਮਾਂ ਤੁਹਾਨੇ ਮਨ 'ਤੇ ਵੀ ਗਹਿਰੀ ਛਾਪ ਛੱਡਣਗੀਆਂ। ਉਹਨਾਂ ਦੀ ਹਾਜ਼ਰੀ ਆਰਸੀ ਦਾ ਸੁਭਾਗ ਹੈ, ਜਿਸ ਨਾਲ਼ ਆਰਸੀ ਦਾ ਸਾਹਿਤਕ ਕੱਦ ਹੋਰ ਬੁਲੰਦ ਹੋਇਆ ਹੈ। ਸੰਧੂ ਸਾਹਿਬ! ਤੁਹਾਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਹੇ ਕਵਿਤਾ !
ਨਜ਼ਮ
ਹੇ ਕਵਿਤਾ !
ਮੈਨੂੰ ਨਾਲ਼ ਨਾਲ਼ ਰੱਖੀਂ
...........
ਨਾਲ਼ ਨਾਲ਼ ਰੱਖੀਂ ਮੈਨੂੰ
ਤੂੰ ਜਦ ਬੂਰ ਪਈ ਅੰਬੀ ‘ਤੇ
ਕੋਇਲ ਹੋ ਕੂਕੇਂ
ਤੂੰ ਜਦ ਫੁੱਲ-ਸੁਗੰਧੀਆਂ
ਆਪਣੇ ਅੱਖਰਾਂ ‘ਚ ਘੋਲੇਂ
............
ਗੋਰੀ ਨਿਛੋਹ ਰਾਤੇ ਜਾ
ਸਮੁੰਦਰੀ ਲਹਿਰਾਂ ਨੂੰ ਗੋਟਾ ਲਾਵੇਂ
ਨਿਪੱਤੀਆਂ ਟਹਿਣੀਆਂ ‘ਤੇ
ਸਾਵੇ ਹਰਫ਼ ਲਿਖੇਂ
...............
ਤੂੰ ਜਦ ਸੁਨਹਿਰੀ ਬੱਲੀਆਂ ਦਾ
ਮਿੱਠੜਾ ਗੀਤ ਬੁਣੇਂ
ਸ਼ਾਮ ਦੇ ਘੁਸਮੁਸੇ ‘ਚ
ਬੀਂਡਿਆਂ ਦੀ ਰਹਿਰਾਸ ਸੁਣੇਂ
..............
ਜਾਂ ਖੁੰਡੇ ਸ਼ਬਦਾਂ ਨੂੰ
ਲੋਹ-ਸਾਣ ਲਾਵੇਂ
ਜਾਂ ਤਾਂਬੇ ਹਾਰ ਪਿੰਡਿਆਂ ‘ਚੋ ˆ
ਪਸੀਨਾ ਬਣ ਚੋਵੇਂ
ਤੇ ਹਨੇਰ ਸਮਿਆਂ ‘ਚ
ਆਪਣੇ ਸੱਚ ਨਾਲ ਖਲੋਵੇਂ
..........
ਹੇ ਕਵਿਤਾ !
ਮੈਨੂੰ ਨਾਲ਼ ਨਾਲ਼ ਰੱਖੀਂ
ਨਾਲ਼ ਨਾਲ਼ ਰੱਖੀਂ ਮੈਨੂੰ
=====
ਉਥੇ ਜਿਥੇ
ਨਜ਼ਮ
ਮੈਨੂੰ ਉਥੇ ਹੀ ਛੱਡ ਆਓ
ਜਿਥੇ ਕੋਇਲ ਕੂਕਦੀ
ਤੇ ਕੂਲ ਵਹਿੰਦੀ ਏ
..........
ਜਿਥੇ ਤਾਰੇ ਕੋਲ਼ ਕੋਲ਼
ਤੇ ਚੰਦ ਮੇਰੇ ਨਾਲ ਤੁਰਦੈ
ਜਿਥੇ ਰਾਤ ਸੁਪਨਈ
ਤੇ ਸੂਰਜ ਮਰਜ਼ੀ ਨਾਲ਼ ਚੜ੍ਹਦੈ
.............
ਜਿਥੇ ਜੁਗਨੂੰਆਂ ਦੀਆਂ ਠਾਹਰਾਂ
ਤੇ ਹੰਸਾਂ ਦੀਆਂ ਡਾਰਾਂ ਨੇ
ਜਿਥੇ ਜੰਗਲ ਅਣਗਾਹੇ
ਤੇ ਪੱਤਣ ਅਣ ਛੂਹੇ ਨੇ
..............
ਜਿਥੇ ਬਿਰਖ਼ਾਂ ਦਾ ਹਲੇਮੀ ਰਾਜ
ਤੇ ਪੰਛੀਆਂ ਦੀ ਸਲਤਨਤ ਏ
ਜਿਥੇ ਹਵਾ ਇਸ਼ਕ਼ ‘ਚ ਖੀਵੀ
ਤੇ ਧਰਤ ਉਡੀਣੀ ਏ
..........
ਜਿਥੇ ਸਮੁੰਦਰ ਖੰਭ ਲਾ
ਅੰਬਰ ‘ਚ ਉੱਡਦੈ
ਤੇ ਜਿਥੇ ਰੱਬ
ਮਰਮਰੀ ਪਿੰਜਰਿਆਂ ਤੋਂ ਬਾਹਰ ਵਸਦੈ
........
ਮੈਨੂੰ ਉਥੇ ਹੀ ਛੱਡ ਆਓ
ਜਿਥੇ ਕੋਇਲ ਕੂਕਦੀ
ਤੇ ਕੂਲ ਵਹਿੰਦੀ ਏ
======
ਸ਼ੁਕਰੀਆ
ਨਜ਼ਮ
ਤੂੰ ਮੁਸਕਰਾਵੇਂ ਤਾਂ-
ਉਮਡ ਆਉਦੇ ਨੇ ਬੱਦਲ
ਸਬਜ਼ਾਅ ਜਾਂਦਾ ਏ ਖੜਸੁੱਕ
ਜਗਮਗਾ ਉੱਠਦਾ ਏ ਸਭ ਕੁਝ
ਚੰਨ ਤੀਜ ਦਾ ਮੈਨੂੰ ਪੂਰਾ ਲੱਗਦਾ
ਤੇ ਸੂਰਜ ਕੋਈ ਸੋਨੇ ਦਾ ਟਿੱਲਾ।
.............
ਤੂੰ ਮੁਸਕਰਾਵੇਂ ਤਾਂ-
ਅੰਬਰ ਨੂੰ ਰੰਗਣ ਤਿਤਲੀਆਂ
ਪਸਮ ਪੈਦੀਆਂ ਨੇ ਬੱਦਲੀਆਂ
ਧੁੱਪ ਪੱਤਿਆਂ ‘ਤੇ ਥਿਰਥਰਉਦੀ
ਹਵਾ ਨਾਦ-ਬ੍ਰਹਮ ਕਰਦੀ
ਕੁਦਰਤ ਜੁਗਤਿ ਨਾਲ਼ ਤੁਰਦੀ।
.............
ਤੂੰ ਮੁਸਕਰਾਵੇਂ ਤਾਂ-
ਕੁੱਲ ਆਲਮ ਸਹਿਜ ‘ਚ ਹੁੰਦਾ
ਥਕਾਨ-ਵੇਲਾ ਵਜਦ ‘ਚ ਆਉਂਦਾ
ਖ਼ੁਸ਼ਬੋਅ ਉੱਠਦਾ ਸਭ ਵਣ-ਤ੍ਰਿਣ
ਫੁੱਲ ਮਹਿਕਾਂ ਦੀ ਧੂਫ਼-ਬੱਤੀ ਕਰਦੇ
ਜੀਅ-ਜੰਤ ਸਭ ਅੰਜੁਲੀ ‘ਚ ਖੜ੍ਹਦੇ।
................
ਤੂੰ ਮੁਸਕਰਾਵੇਂ ਤਾਂ-
ਸ਼ਬਦਾਂ ‘ਚੋਂ ਅਰਥ ਝਰਦੇ
ਗੀਤਾਂ ‘ਚੋਂ ਰਾਗ ਛਿੜਦੇ
ਹੋਠਾਂ ‘ਤੇ ਵਾਕ ਉੱਗਦੇ
ਮੱਥੇ ਦਾ ਦੀਵਾ ਬਲ਼ਦਾ
ਹਨੇਰੇ ਦਾ ਕੜ ਪਾਟ ਜਾਂਦਾ।
..............
ਤੂੰ ਮੁਸਕਰਾਵੇਂ ਤਾਂ-
ਮਨ ਦਾ ਚੌਰ ਰਫ਼ੂ ਹੋ ਜਾਂਦਾ
ਅੰਦਰਲਾ ਘੋੜਾ ਡੰਡੋਤ ਕਰਦਾ
ਸੀਨਾ ਭੋਇੰ ਨੂੰ ਲੱਗ ਜਾਂਦਾ
ਸੰਸਿਆਂ ਦਾ ਪਹਾੜ ਢਹਿ ਜਾਂਦਾ
ਸੱਚੀਓਂ ਮੈਂ ਜਿਓਣ ਜੋਗਾ ਹੋ ਜਾਂਦਾ
=====
ਸ਼ਾਪਿੰਗ-ਮਾਲ ਤੇ ਕੀੜੀਆਂ
ਨਜ਼ਮ
ਕੀੜੀਆਂ ਹੁਣ ਕਿਵੇਂ ਚੜ੍ਹਨਗੀਆਂ
ਸ਼ਾਪਿੰਗ-ਮਾਲ ਦੀਆਂ
ਵੱਡੀਆਂ ਤੇ ਮਰਮਰੀ ਪੌੜੀਆਂ-
.............
ਚੜ੍ਹ ਵੀ ਗਈਆਂ ਤਾਂ
ਤੁਰ ਨਾ ਸਕਣਗੀਆਂ
ਮੂੰਹ-ਦਿਸਦੇ ਸ਼ੱਫ਼ਾਫ਼ ਫ਼ਰਸ਼ ‘ਤੇ
ਜਿਥੇ ਵਾਰ-ਵਾਰ ਪੋਚਾ ਲੱਗਦਾ
ਸਭ ਕੁਝ ਪੈਕ ਮਿਲ਼ਦਾ
ਨਾ ਕੁਝ ਡੁੱਲ੍ਹਦਾ, ਨਾ ਡਿੱਗਦਾ
ਕੀ ਚੁਗਣਗੀਆਂ
ਵਿਚਾਰੀਆਂ ਇਹ ਕੀੜੀਆਂ।
..................
ਸਮਿਆਂ ਪਹਿਲਾਂ ਇਥੇ
ਪੰਸਾਰੀ ਦੀ ਨਿੱਕੀ ਜਿਹੀ ਹੱਟੀ ਸੀ
ਵਿਚਾਰੇ ਨੂੰ ਗੁਜ਼ਾਰੇ ਜੋਗ ਖੱਟੀ ਸੀ
ਅਕਸਰ ਪੀਪਿਆਂ ਥੈਲਿਆਂ ‘ਚੋਂ
ਸੌਦਾ-ਪੱਤਾ ਕੱਢਦਿਆਂ
ਚਿੱਬ-ਖੜਿੱਬੀ ਤੱਕੜੀ ‘ਚ ਤੋਲਦਿਆਂ
ਕੁਝ ਨਾ ਕੁਝ ਕਿਰ ਜਾਂਦਾ, ਡੁੱਲ੍ਹ ਜਾਂਦਾ
ਕੀੜੀਆਂ ਦੇ ਚੁਗਣ ਲਈ
ਮਾੜਾ-ਮੋਟਾ ਆਹਰ ਬਣ ਜਾਂਦਾ
................
ਪੰਸਾਰੀ ਦੇਖਦਾ-
ਪਰ ਕਹਿੰਦਾ ਕੁਝ ਨਾ
ਉਲਟਾ ਰਾਮ ਦਾ ਸ਼ੁਕਰ ਕਰੇਂਦਾ
ਉਸ ਭਾਣੇ, ਕੀੜੀਆਂ ਮੂੰਹ
ਨਿੱਕ-ਸੁੱਕ ਲੱਗਦਾ
ਤਾਂ ਹੱਟੀ ਦਾ ਕਾਰੋਬਾਰ ਵਾਹਵਾ ਚੱਲਦਾ
ਟੱਬਰ-ਟੀਰ ਸੋਹਣਾ ਪਲ਼ਦਾ
ਗਾਹਕਾਂ ਦੀ ਆਓ-ਜਾਓ ਰਹਿੰਦੀ
ਤੱਕੜੀ ਦੀ ਡੰਡੀ ਹਿਲਦੀ ਰਹਿੰਦੀ
ਰਿਜ਼ਕ ‘ਚ ਬਰਕਤ ਪੈਂਦੀ
ਕੀੜੀਆਂ ਨੂੰ ਮੌਜ ਬਣੀ ਰਹਿੰਦੀ।
............
ਪਰ ਕੁਝ ਵਰ੍ਹਿਆਂ ਤੋਂ ਇਧਰ
ਪੱਥਰਾਂ ਦਾ ਸ਼ਹਿਰ ਵਸ ਗਿਆ
ਹੱਟੀ ਦੀ ਥਾਵੇਂ
ਇੱਕ ਸ਼ਾਪਿੰਗ-ਮਾਲ ਉੱਸਰ ਗਿਆ
ਜਿਸ ਮੂੰਹ-ਅੱਡੀ ਦੈਂਤ ਨੇ
ਨਾਨਕ ਸ਼ਾਹੀ ਇੱਟ ਨੂੰ ਨਿਗਲ਼ ਲਿਆ
ਪੰਸਾਰੀ ਵਿਚਾਰਾ ਉਜੜ ਗਿਆ
ਕੀੜੀਆਂ ਦਾ ਖਾਣ-ਪਾਣ ਹੜ੍ਹ ਗਿਆ।
.............
ਕੀੜੀਆਂ ਹੁਣ ਆਉਂਦੀਆਂ
ਪਰ ਚੜ੍ਹ ਨਾ ਸਕਦੀਆਂ
ਸ਼ਾਪਿੰਗ-ਮਾਲ ਦੀਆਂ
ਵੱਡੀਆਂ ਤੇ ਮਰਮਰੀ ਪੌੜੀਆਂ-
ਬਾਹਰੋਂ ਹੀ ਦੇਖਦੀਆਂ
ਤੇ ਪਰਤ ਜਾਂਦੀਆਂ
ਵਿਚਾਰੀਆਂ ਕੀੜੀਆਂ।
6 comments:
ਆਰਸੀ ਤੇ ਅੱਜ ਦੀ ਫੇਰੀ ਸਫਲੀ ਹੋਈ। ਏਨੀਆ ਖੂਬਸੂਰਤ ਕਵਿਤਾਵਾਂ ਪੜ੍ਹਕੇ ਦਿਨ ਭਰ ਦੀ ਸਾਰੀ ਥਕਾਨ ਲਹਿ ਗਈ ।
ਕੋਈ ਸ਼ੱਕ ਨਹੀ ਕੇ ਇਹਨਾਂ ਕਵਿਤਾਵਾਂ ਨਾਲ ਆਰਸੀ ਦਾ ਕੱਦ ਹੋਰ ਬੋਲੰਦ ਹੋਇਆ ਹੈ ।
ਤਨਦੀਪ ਜੀ, ਬਹੁਤ ਉੱਚ-ਕੋਟੀ ਦੀਆਂ ਕਵਿਤਾਵਾਂ ਹਨ ਬਲਵਿੰਦਰ ਸੰਧੂ ਜੀ ਦੀਆਂ। ਪੇਸ਼ ਕਰਨ ਲਈ ਧੰਨਵਾਦ।
ਸੁਰ ਖ਼ੁਆਬ
ਰੰਗਾਂ ਦੀ ਨਜ਼ਮ ਨੇ ਅੱਖੀਆਂ 'ਚ ਬੇਸ਼ੁਮਾਰ ਰੰਗ ਭਰ ਦਿੱਤੇ ... ਅਤਿਅੰਤ ਸੁੰਦਰ ..ਰਮਣੀਕ..
ਸੰਦੀਪ ਸੀਤਲ
ਯੂ.ਐੱਸ.ਏ.
‘ਘਾੜਤਿ’ ਮੈਂ ੨੦੦੮ 'ਚ ਪੜ੍ਹੀ ਸੀ। ਬਹੁਤ ਵਧੀਆ ਕਵਿਤਾਵਾਂ ਹਨ। ਜਾਣ ਕੇ ਖ਼ੁਸ਼ੀ ਹੋਈ ਕਿ ਤੁਸੀਂ ਹੋਰ ਕਵਿਤਾਵਾਂ ਵੀ ਸਾਂਝੀਆਂ ਕਰ ਰਹੇ ਹੋ।
ਜਗਜੀਤ ਸੰਧੂ
ਕੈਨੇਡਾ
ਬਲਵਿੰਦਰ ਸੰਧੂ ਦੀਆਂ ਰਚਨਾਵਾਂ ਕਾਬਿਲੇ-ਤਾਰੀਫ ਹਨ। ਹਰ ਰਚਨਾ ਵੱਖਰਾ ਰੰਗ ਲੈ ਕੇ ਪੇਸ਼ ਹੁੰਦੀ ਹੈ। ਹੋ ਸਕੇ ਤਾਂ ਜਲਦੀ ਹੋਰ ਵੀ ਪੋਸਟ ਕਰਿਓ।
ਜਸਵੰਤ ਸਿੰਘ
ਸਰੀ, ਕੈਨੇਡਾ
ਬਲਵਿੰਦਰ ਸੰਧੂ ਹੁਰਾਂ ਦੇ ਖਿਆਲ ਹਮੇਸ਼ਾ ਅਛੂਤੇ ਤੇ ਬਿੰਬ ਕਮਾਲ ਦੇ ਹੁੰਦੇ ਹਨ , ਉਹਨਾ ਨੂੰ ਪੇਸ਼ ਕਰਨ ਲਈ ਤੁਹਾਡਾ ਧੰਨਵਾਦ |
Post a Comment