ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, April 27, 2010

ਸੰਦੀਪ ਸੀਤਲ - ਨਜ਼ਮ

ਸਾਹਿਤਕ ਨਾਮ: ਸੰਦੀਪ ਸੀਤਲ

ਅਜੋਕਾ ਨਿਵਾਸ: ਯੂ.ਐੱਸ.ਏ.

ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਹਾਲੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।

-----

ਦੋਸਤੋ! ਅੱਜ ਸੰਦੀਪ ਸੀਤਲ ਜੀ ਨੇ ਆਰਸੀ ਪਰਿਵਾਰ ਨਾਲ਼ ਕੁਝ ਰਚਨਾਵਾਂ ਭੇਜ ਕੇ ਪਹਿਲੀ ਵਾਰ ਸਾਹਿਤਕ ਸਾਂਝ ਪਾਈ ਹੈ। ਆਰਸੀ ਪਰਿਵਾਰ ਵੱਲੋਂ ਸੀਤਲ ਜੀ ਨੂੰ ਖ਼ੁਸ਼ਆਮਦੀਦ ਆਖਦਿਆਂ ਉਹਨਾਂ ਵੱਲੋਂ ਘੱਲੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਅੱਜ ਦੀ ਪੋਸਟ ਵਿਚ ਸ਼ਾਮਿਲ ਕਰ ਰਹੀ ਹਾਂ। ਬਾਕੀ ਰਚਨਾਵਾਂ ਆਉਣ ਵਾਲ਼ੇ ਦਿਨਾਂ 'ਚ ਸਾਂਝੀਆਂ ਕਰਦੇ ਰਹਾਂਗੇ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਕਸ਼ਮਕਸ਼

ਨਜ਼ਮ

ਹੁਣ ਤੁਸੀਂ
ਮੈਨੂੰ ਖ਼ਾਮੋਸ਼ੀ ਦੇ ਜਜ਼ੀਰਿਆਂ
'
ਚੋਂ ਵਾਪਸ ਨਾ ਬੁਲਾਓ
ਇਹ ਮੌਨ ਜੰਗਲ
ਜੋ ਮੇਰੇ ਆਸ ਪਾਸ
ਕਿਧਰੇ ਪਸਰਿਆ ਹੋਇਆ ਹੈ
ਇਸ ਦੀ ਭਿਆਨਕ ਚੁੱਪ ਅੰਦਰ
ਮੈਨੂੰ ਇਕ
ਅਜਬ ਜਿਹਾ ਸਕੂਨ ਮਿਲਦਾ ਹੈ......
...........
ਹੁਣ ਮੈਂ... ਉਦਾਸ ਫ਼ਿਜ਼ਾਵਾਂ ਨੂੰ
ਸ਼ੋਖ ਰੰਗਾਂ ਨਾਲ
ਰੰਗਣਾ ਨਹੀਂ ਚਾਹੁੰਦੀ ...
ਨਿੱਤ ਬਦਲਦੇ ਮੌਸਮ
ਮੈਨੂੰ ਪਰੇਸ਼ਾਨ ਕਰ ਦਿੰਦੇ ਨੇ.....
.............
ਹੁਣ ਮੈਂ ..ਸ਼ਬਦਾਂ ਨੂੰ ਜੋੜ ਜੋੜ
ਉਪਮਾ 'ਤੇ ਅਲੰਕਾਰ
ਘੜਨਾ ਨਹੀ ਚਾਹੁੰਦੀ ...
ਕੋਰੇ ਕਾਗ਼ਜ਼ ਦੀ ਹਿੱਕ ਉੱਤੇ
ਉੱਕਰੇ ਸ਼ਬਦਾਂ ਦੇ
ਮੁਖ਼ਤਲਿਫ਼ ਜਿਹੇ ਅਰਥ
ਮੈਨੂੰ ਉਲਝਾ ਦਿੰਦੇ ਨੇ ....
.............
ਹੁਣ ਮੈਂ.. ਡੁੱਬਦੇ ਸੂਰਜ ਦੀਆਂ
ਟੁਕੜੇ ਟੁਕੜੇ ਕਿਰਨਾਂ ਨੂੰ ਸਮੇਟ
ਕੋਈ ਗੀਤ ਲਿਖਣਾ ਨਹੀ ਚਾਹੁੰਦੀ ..
ਸੰਧੂਰੀ ਸ਼ਾਮਾਂ ਨਾਲ ਸੰਜੀਦਾ ਸੰਵਾਦ
ਮੈਨੂੰ ਬੇਚੈਨ ਕਰ ਦਿੰਦੇ ਨੇ.....
..........
ਕਤਰਾ ਕਤਰਾ ਸਮੁੰਦਰ
ਨਾਲ਼ ਹੁਣ ਮੇਰੀ
ਪਿਆਸ ਨਹੀ ਬੁਝਦੀ ....
ਵਗਦੇ ਪਾਣੀਆਂ ਵਿਚ
ਲਹਿਰਾਂ ਦੇ ਗੀਤ
ਮੇਰੇ ਅੰਦਰ
ਖਲਬਲੀ ਜਿਹੀ ਮਚਾ ਦਿੰਦੇ ਨੇ ....
..........
ਓਹ
ਮੁੱਠੀ ਭਰ ਬਾਰਿਸ਼ ....
ਚੰਦ ਫੁੱਲ ਪੱਤੀਆਂ ....
ਛਿਣ-ਭੰਗਰੀ ਮ‌ਹਿਕ ....
ਰੰਗ ਬਦਲਦੇ ਮੌਸਮ ...
ਏਕਮ ਦਾ ਚੰਨ ....
ਜ਼ਰਾ ਸਿਤਾਰਾ ....
ਪਲ ਭਰ ਦਾ ਉਜਾਲਾ ....
ਬੂੰਦ ਬੂੰਦ ਸਾਗਰ ....
ਦੋ ਚਾਰ ਸ਼ੋਖ਼ ਤਿਤਲੀਆਂ ....
ਕੁਝ ਟਿਮਟਿਮਾਉਂਦੇ ਜੁਗਨੂੰ ....
ਕੁਝ ਵੀ ਤਾਂ ਨਹੀ ਚਾਹੀਦਾ ....
ਹੁਣ ਮੈਨੂੰ....
..........
ਰੰਗਹੀਣ ਮੌਸਮਾਂ ਨੇ ਮੈਨੂੰ
ਆਪਣਾ ਹਾਣੀ ਜੋ ਬਣਾ ਲਿਆ ਏ ......
ਸਿਆਹ ਹਨੇਰਿਆਂ ਦੇ ਸੱਨਾਟੇ ਅੰਦਰ
ਹੁਣ ਮੈਨੂੰ ਖ਼ੌਫ਼ ਮਹਿਸੂਸ ਨਹੀ ਹੁੰਦਾ
ਕਾਲ਼ੀਆਂ ਰਾਤਾਂ ਨੇ ਮੈਨੂੰ
ਆਪਣਾ ਰਾਜ਼ਦਾਰ ਜੋ ਬਣਾ ਲਿਆ ਏ...
ਭਟਕਦੀਆਂ ਰੂਹਾਂ ਨਾਲ਼
ਮੇਰੀ ਗਹਿਰੀ ਦੋਸਤੀ ਹੋ ਗਈ ਏ
ਘੁੱਪ ਹਨੇਰੇ
ਮੈਨੂੰ ਹੁਣ ਰਾਸ ਆ ਗਏ ਨੇ ....
ਕਿਸੇ ਨਿਪੱਤਰੇ ਰੁੱਖ ਦੀ ਮੁਰਝਾਈ ਛਾਂ
ਹੁਣ ਮੈਨੂੰ ਨਹੀਂ ਚਾਹੀਦੀ ....
ਮੋਮ ਤੋਂ ਪੱਥਰ ਜੋ ਹੋ ਗਈ ਹਾਂ ਮੈਂ
ਕੜਕਦੀ ਧੁੱਪ
ਮੈਨੂੰ ਹੁਣ ਰਾਸ ਆ ਗਈ ਏ .....
.........
ਹੁਣ ਮੈਂ
ਮਾਰੂਥਲ ਦੀ ਤੱਤੀ ਰੇਤ ਉੱਤੇ
ਰੰਗ ਬਰੰਗੀਆਂ ਇਬਾਰਤਾਂ
ਲਿਖਣਾ ਨਹੀ ਚਾਹੁੰਦੀ ..
ਸ਼ੋਖ ਰੰਗ ਮੇਰਾ ਸਕੂਨ ਭੰਗ ਕਰ ਦਿੰਦੇ ਨੇ
ਜ਼ਰਦ ਰੰਗ ਮੇਰੇ ਤੇ ਹਾਵੀ ਹੋ ਗਏ ਨੇ ......
ਸੁਫ਼ਨਿਆਂ ਦੇ ਚਮਕਦੇ ਰੰਗ ਵੀ ਤਾਂ
ਹੁਣ ਫ਼ਿੱਕੇ ਪੈ ਗਏ ਨੇ....
.........

ਹੁਣ ਮੈਂ
ਕਸ਼ਮਕਸ਼-ਏ-ਜ਼ਿੰਦਗੀ ਤੋਂ
ਆਜ਼ਾਦ ਹੋਣਾ ਚਾਹੁੰਦੀ ਹਾਂ....
ਹੁਣ ਤੁਸੀਂ
ਮੈਨੂੰ ਖ਼ਾਮੋਸ਼ੀ ਦੇ ਜਜ਼ੀਰਿਆਂ
'
ਚੋਂ ਵਾਪਸ ਨਾ ਬੁਲਾਓ
ਮੈਂ ਹੁਣ
ਪਰਤਣਾ ਨਹੀਂ ਚਾਹੁੰਦੀ ....

=====

ਸੋਨ ‌ਚਿੜੀ

ਨਜ਼ਮ

ਸੋਨੇ ਦੀ ਚੁੰਝ ਵਾਲ਼ੀ ਸੋਨ ‌ਚਿੜੀ

ਸੱਤ ਸਮੁੰਦਰ ਪਾਰ ਕਰ

ਹੰਸਾਂ ਸੰਗ ਮਾਨ ਸਰੋਵਰ ਵਿਚੋਂ

ਅੰਮ੍ਰਿਤ ਜਲ ਲਿਆਉਣ ਸੀ ਗਈ

ਨਿੱਕੀ ਜਿਹੀ ਡਾਰ ਵਿਚ ਰਲ਼ ਕੇ ......

...........

ਸਿਕੰਦਰ ਵਾਂਗ ਨਹੀਂ

ਜੋ ਆਬਿ-ਹਯਾਤ ਦੇ ਚਸ਼ਮੇ ਤੇ ਪੁੱਜ ਕੇ ਵੀ

ਤ੍ਰਿਹਾਇਆ ਪਰਤ ਆਇਆ ਸੀ

ਉਹ ਤਾਂ ਸਗੋਂ ਅੰਮ੍ਰਿਤ-ਮੰਥਨ ਲਈ ਗਈ ਸੀ

ਇਸ ਆਸਥਾ ਨਾਲ਼...

ਕਿ ਪਰਤਣ ਸਮੇਂ

ਉਸ ਦੀ ਚੁੰਝ ਵਿਚ ਸੋਲ਼ਾਂ ਰਤਨ ਹੋਣਗੇ

ਅਤੇ ਸੁਨ‌ਹਿਰੀ ਕਿਰਨਾਂ

ਉਸ ਦੇ ਪਰਾਂ ਦੇ ਫੜਫੜਾੳਣ ਨਾਲ਼

ਉਸ ਦਾ ਰਾਹ ਰੌਸ਼ਨ ਕਰਨਗੀਆਂ

ਅਤੇ ਪ੍ਰਕਿਰਤੀ ਉਸ ਦੀ ਸ਼ਕਤੀ ਹੋਵੇਗੀ .......

...........

ਐਪਰ!

ਪ੍ਰਕਿਰਤੀ ਨੇ ਸਹਿਜੇ ਸਹਿਜੇ

ਬੜੀ ਹੀ ਕਲਾਕਾਰੀ ਨਾਲ਼

ਉਸ ਨੂੰ ਆਪਣੇ ਕਲ਼ਾਵੇ ਵਿਚ ਲੈ

ਸੋਨ ਪਿੰਜਰੇ ਵਿਚ ਕੈਦ ਕਰ ਲਿਆ

ਤੇ ਫਿਰ ਉਸ ਦੇ ਸੁਨ‌ਹਿਰੀ ਖੰਭ

ਸੋਨ ਪਿੰਜਰੇ ਦੀਆਂ ਬੰਦ ਸਲਾਖ਼ਾਂ ਅੰਦਰ ਹੀ

ਇਕ ਇਕ ਕਰ ਕੇ ਛਿਟਕ ਗਏ .....

1 comment:

Unknown said...

ਕਮਾਲ !!!
ਹੁਣ ਤੁਸੀਂ
ਮੈਨੂੰ ਖ਼ਾਮੋਸ਼ੀ ਦੇ ਜਜ਼ੀਰਿਆਂ
'ਚੋਂ ਵਾਪਸ ਨਾ ਬੁਲਾਓ
ਇਹ ਮੌਨ ਜੰਗਲ
ਜੋ ਮੇਰੇ ਆਸ ਪਾਸ
ਕਿਧਰੇ ਪਸਰਿਆ ਹੋਇਆ ਹੈ
ਇਸ ਦੀ ਭਿਆਨਕ ਚੁੱਪ ਅੰਦਰ
ਮੈਨੂੰ ਇਕ
ਅਜਬ ਜਿਹਾ ਸਕੂਨ ਮਿਲਦਾ ਹੈ......

ਸੰਦੀਪ ਜੀ ਤੁਹਾਡੀ ਕਸ਼ਮਕਸ਼ ਕਵਿਤਾ ਮੇਰੀਆਂ ਮਨਪਸੰਦ ਕਵਿਤਾਵਾਂ ਵਿੱਚ ਸ਼ਾਮਲ ਹੋ ਗਈ ਹੈ। ਹੁਣ ਤੁਹਾਡੀ ਕਿਤਾਬ ਦੀ ਉਡੀਕ ਰਹੇਗੀ ।