ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, April 28, 2010

ਸੰਤੋਖ ਧਾਲੀਵਾਲ - ਨਜ਼ਮ

ਬੀਮਾਰ ਮਾਂ

ਨਜ਼ਮ

ਮਾਂ...!!

ਮੈਨੂੰ ਕੀ ਪਤਾ ਸੀ

ਕਿ ਤਪਦਿਕ

ਕੀ ਹੁੰਦੀ ਹੈ

ਕਿਉਂ ਮੈਨੂੰ

ਰੋਕਿਆ ਜਾਂਦਾ ਤੈਨੂੰ ਮਿਲ਼ਣ ਤੋਂ

.............

ਤੂੰ ਚੁਬਾਰੇ ਚ ਇਕੱਲੀ

ਸ਼ਾਇਦ ਉਡੀਕਦੀ ਹੋਵੇਂਗੀ

ਤੇਰੇ ਕੰਨ ਸ਼ਾਇਦ ਸਾਰਾ ਦਿਨ

ਆਵਾਜ਼ਾਂ ਦੇ ਝੁਰਮਟ ਚੋਂ

ਸਿਆਨਣ ਚ ਮਸਰੂਫ਼ ਹੁੰਦੇ ਹੋਣਗੇ

ਮੇਰੇ ਨਿੱਕੇ ਨਿੱਕੇ ਪੈਰਾਂ ਦੀ ਆਹਟ

.............

ਤੂੰ ਤੜਪਦੀ ਹੋਵੇਂਗੀ

ਕਿ ਹਜ਼ਾਰ ਮੰਨਤਾਂ ਬਾਅਦ

ਮਿਲ਼ਿਆ ਪੁੱਤ

ਹੁਣ ਤੈਨੂੰ

ਮਿਲ਼ਣ ਕਿਉਂ ਨਹੀਂ ਆਉਂਦਾ

.............

ਇਸ ਚ ਮੇਰਾ ਕੋਈ ਦੋਸ਼ ਨਹੀਂ ਸੀ ਮਾਂ

ਚੁਬਾਰੇ ਨੂੰ ਚੜ੍ਹਦੀ ਪੌੜੀ ਦੇ

ਪਹਿਲੇ ਡੰਡੇ ਤੇ

ਪੈਰ ਧਰਦਿਆਂ ਹੀ

ਦਾਦੀ ਦੀ ਕੁਰੱਖਤ ਚੀਕ

ਰੋਕ ਦੇਂਦੀ ਸੀ ਮੇਰੇ ਪੈਰ...

..........

ਨਹੀਂ ਜਾਣਾ ਤੂੰ ਉੱਪਰ ਚੁਬਾਰੇ

ਉਹ ਤੇਰੀ ਮਾਂ ਨਹੀਂ

ਡੈਣ ਹੈ

ਖਾ ਜਾਵੇਗੀ ਤੈਨੂੰ ਤੇ

ਇਸ ਘਰ ਦੇ ਹਰ ਇੱਕ ਜੀਅ ਨੂੰ

ਨਾਮੁਰਾਦ

ਪਤਾ ਨਹੀਂ ਕਿਉਂ ਮੇਰੇ ਪੁੱਤ ਦੇ

ਮੱਥੇ ਦੀਆਂ ਲਕੀਰਾਂ

ਹੋਣਾ ਸੀ ਇਸਦਾ ਪ੍ਰਵੇਸ਼...

................

ਦਾਦੀ ਵੀ ਤਾਂ ਮਾਂ ਸੀ

ਮਾਂ ਵੀ ਏਡੀ ਕਰੋਪੀ ਹੋ ਸਕਦੀ ਹੈ

ਮੈਂ ਹਾਲੀ ਤੱਕ ਵੀ ਸਮਝ ਨਹੀਂ ਸਕਿਆ

.............

ਮੈਂ ਜਦੋਂ ਵੀ ਦਾਦੀ ਤੋਂ ਚੋਰੀ

ਪੌੜੀਆਂ ਚੜ੍ਹ ਤੈਨੂੰ ਮਿਲ਼ਣ ਆਉਂਦਾ

ਤੇਰੀਆਂ ਅੱਖਾਂ ਦੀ ਤਲਖ਼ੀ ਤੇ

ਤੇਰੀ ਘੂਰ ਮੈਥੋਂ ਝੱਲੀ ਨਾ ਜਾਂਦੀ

.......

ਕਿਉਂ ਨਹੀਂ ਆਉਂਦਾ ਤੂੰ

ਮੈਨੂੰ ਮਿਲ਼ਣ..?

ਤੂੰ ਗ਼ੁੱਸੇ ਚ ਮੈਨੂੰ ਆਪਣੇ ਕੋਲ਼ੇ ਖਿੱਚ ਕੇ ਕਹਿੰਦੀ

ਪਰ

ਆਪਣੇ ਸਾਹਾਂ ਤੋਂ ਸਦਾ ਪਰੇ ਹੀ ਰੱਖਦੀ

ਸ਼ਾਇਦ ਤੇਰੇ ਅੰਦਰ ਵੀ ਕੋਈ ਡਰ ਸੀ

ਕਿ ਤੇਰੀ ਬੀਮਾਰੀ

ਕਿਧਰੇ ਤੇਰੇ ਪੁੱਤ ਨੂੰ ਨਾ ਲੱਗ ਜਾਵੇ

............

ਤੇਰਾ ਹਿਰਖ ਜਾਇਜ਼ ਸੀ

ਪਰ-ਤੈਨੂੰ ਗ਼ੁੱਸੇ ਨਾਲ ਭਰੀ ਵੇਖ

ਮੈਂ ਤੈਥੋਂ ਹੋਰ ਡਰਨ ਲਗਦਾ

ਤੇ ਤੂੰ ਮੈਨੂੰ ਸੱਚੀਂ

ਦਾਦੀ ਵਾਲੀ ਡੈਣ ਲੱਗਣ ਲਗਦੀ

ਤੇ ਮਨ ਹੀ ਮਨ ਚ ਕਹਿੰਦਾ

ਨਹੀਂ ਆਉਣਾ ਹੁਣ ਫੇਰ ਮੈਂ ਇਸਨੂੰ ਮਿਲ਼ਣ

ਤੂੰ ਗ਼ੁੱਸਾ ਕਰਦੀ ਕਿ ਮੈਂ ਕਿਉਂ

ਮਿਲ਼ਣ ਨਹੀਂ ਆਉਂਦਾ

ਤੇ ਮੈਂ ਤੈਥੋਂ ਡਰਦਾ ਪੌੜੀਆਂ ਚੜ੍ਹਨ

ਤੋਂ ਸਹਿਮਿਆ ਰਹਿੰਦਾ

............

ਪਰ ਅੱਜ ਸੋਚਦਾ ਹਾਂ

ਤੇ ਜਾਣ ਗਿਆ ਹਾਂ

ਕਿ ਕਿਉਂ ਘੂਰਦੀ ਸੀ ਤੂੰ ਮੈਨੂੰ

ਤੇ ਉਹ ਤੇਰੀ ਘੂਰ

ਬਹੁਤ ਪਿਆਰੀ ਲਗਦੀ ਹੈ ਹੁਣ

............

ਕਾਸ਼!

ਮੈਂ ਉਦੋਂ ਬੁੱਢਾ ਹੋ ਚੁੱਕਿਆ ਹੁੰਦਾ

ਦਾਦੀ ਦੇ ਰੋਕਣ ਤੇ ਵੀ

ਤੇ ਤੇਰੇ ਗ਼ੁੱਸੇ ਹੋਣ 'ਤੇ ਵੀ

ਮੈਂ ਤੈਨੂੰ

ਰੋਜ਼ ਮਿਲਣ ਆਉਂਦਾ

6 comments:

Amrao said...

..ਇੱਕ ਵਾਰ ਫਿਰ ਅੱਖਾਂ ਨਮ ਕਰ ਗਈ ਤੁਹਾਡੀ ਨਜ਼ਮ..!

ਤਨਦੀਪ 'ਤਮੰਨਾ' said...

ਬਚਪਨ ਦੀਆਂ ਯਾਦਾਂ ਨੂੰ ਭਾਵਾਨਤਮਕ ਰੰਗ 'ਚ ਰੰਗਦੀ, ਧੁਰ ਦਿਲਾਂ ਨੂੰ ਝਿੰਜੋੜਦੀ, ਇਕ ਬੇਹਤਰੀਨ ਕਵਿਤਾ।
ਆਰਸੀ ਦਾ ਹਿਤੂ
ਸੁਰ ਖ਼ੁਆਬ

ਤਨਦੀਪ 'ਤਮੰਨਾ' said...

ਸੰਤੋਖ ਧਾਲੀਵਾਲ ਦੀ ਕਵਿਤਾ ਇਕ ਵਾਰ ਫੇਰ ਸੋਚਾਂ 'ਚ ਪਾ ਗਈ। ਅਜਕਲ ਦੇ ਬੱਚਿਆਂ ਨੇ ਉਹ ਵਕਤ ਨਹੀਂ ਵੇਖਿਆ ਜਦੋਂ ਕੋਈ ਅਜੇਹੀ ਬੀਮਾਰੀ ਹੋਣ ਤੇ ਉਸ ਵਿਅਕਤੀ ਨੂੰ ਪਰਿਵਾਰ ਨਾਲੋਂ ਅਲੈਹਿਦਾ ਕਰ ਦਿੱਤਾ ਜਾਂਦਾ ਸੀ। ਹੁਣ ਲੱਖ ਇਲਾਜ਼ ਹਨ, ਪਰ ਉਦੋਂ ਬੀਮਾਰੀ ਦੀ ਨਾ ਪੂਰੀ ਵੈਦਾਂ-ਹਕੀਮਾਂ ਨੂੰ ਸਮਝ ਸੀ ਨਾ ਨਾ ਦਵਾਈਆਂ ਹੁੰਦੀਆ ਸਨ। ਕਵਿਤਾ ਵਿਚਲਾ ਬੱਚਾ ਕਿੰਨਾ ਲਾਚਾਰ ਹੁੰਦਾ ਹੋਵੇਗਾ, ਜੋ ਤਿਲ-ਤਿਲ ਮਰਦੀ ਮਾਂ ਨੂੰ ਵੇਖ ਰਿਹਾ ਸੀ, ਕਰ ਕੁਝ ਨਹੀਂ ਸਕਦਾ। ਇਸ ਕਵਿਤਾ ਨੂੰ ਪੜ੍ਹ ਕੇ ਜਜ਼ਬਾਤ ਦੀ ਨ੍ਹੇਰੀ ਜਿਹੀ ਆ ਗਈ। ਤਨਦੀਪ ਬੇਟਾ ਤੂੰ ਚੰਗਾ ਸਾਹਿਤ ਆਰਸੀ ਤੇ ਪੋਸਟ ਕਰਕੇ ਅਜੇਹੀ ਮਿਸਾਲ ਕਾਇਮ ਕਰਦੀ ਜਾ ਰਹੀ ਹੈਂ, ਜੋ ਸਾਡਾ ਸਭ ਦਾ ਸਿਰ ਮਾਣ ਨਾਲ਼ ਉਚਾ ਕਰਦੀ ਹੈ।
ਜਸਵੰਤ ਸਿੰਘ
ਸਰੀ, ਕੈਨੇਡਾ

Unknown said...

ਮੈਂ ਕੱਲ ਵੀ ਇਹ ਕਵਿਤਾ ਪੜ੍ਹੀ ਸੀ ਪਰ ਕੋਈ ਕੁਮੈਂਟ ਕਰਨ ਦਾ ਹੀਆ ਨਹੀਂ ਪਿਆ। ਕਵਿਤਾ ਨੇ ਮੈਨੂੰ ਧੁਰ ਅੰਦਰ ਤੱਕ ਵਿੰਨ ਦਿੱਤਾ ਸੀ। ਅੱਜ ਕੁਝ ਕੁਮੈਂਟ ਪੜ੍ਹਕੇ ਹੋਂਸਲਾ ਪਿਆ ਹੈ।
ਏਨਾ ਵੱਡਾ ਦਰਦ ਬਿਆਨ ਕਰਨਾ ਬਹੁਤ ਔਖਾ ਹੁੰਦਾ ਹੈ ਤੇ ਇਸਦੀ ਨਜ਼ਾਕਤ ਨੂੰ ਸਮਝਦਿਆਂ ਇਸਤੇ ਕੋਈ ਕੁਮੈਂਟ ਕਰਨਾ ਹੋਰ ਵੀ ਔਖਾ।
ਏਨਾ ਦਰਦ ਪਹਿਲਾਂ ਮੈਂ Victor Hugo ਦਾ Les Miserables ਅਤੇ ਸ. ਸੋਜ਼ ਦਾ ਨਾਵਲ ਪਾਤਰ ਵਿਪਾਤਰ ਪੜ੍ਹਦਿਆਂ ਮਹਿਸੂਸ ਕੀਤਾ ਸੀ। ਇਸ ਕਵਿਤਾ ਵਿੱਚ ਇੱਕ ਬਹੁਤ ਵਧੀਆ ਨਾਵਲ ਦਾ ਪਲਾਟ ਪਿਆ ਹੈ।
ਧਾਲੀਵਾਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਕੇ ਉਸ ਦਰਦ ਦੀ ਤੌਹੀਨ ਨਹੀ ਕਰਨੀ ਚਾਹੁੰਦਾ ਜਿੰਨਾਂ ਪਲਾਂ 'ਚ ਗੁਜ਼ਰ ਕੇ ਤੁਸੀਂ ਇਹ ਕਵਿਤਾ ਸਿਰਜੀ ਹੋਵੇਗੀ ਪਰ ਤਨਦੀਪ ਜੀ ਤੁਹਾਡਾ ਧੰਨਵਾਦ ਕੀਤੇ ਬਿਨਾਂ ਇਹ ਕੁਮੈਂਟ ਅਧੂਰਾ ਰਹੇਗਾ ........ ।

Unknown said...

Dhaliwal Sahib,tushin dard di tasvir banaun 'ch kamjab hoe ho-Rup Daburji

Unknown said...

Dhaliwal Sahib tushin dard di tasvir banuan 'ch kamjab hoe ho-Rup Daburji