ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, April 29, 2010

ਜਸਵੰਤ ਦੀਦ - ਕੈਨੇਡਾ ਫੇਰੀ 'ਤੇ ਆਰਸੀ ਪਰਿਵਾਰ ਵੱਲੋਂ 'ਜੀਅ ਆਇਆਂ' - ਨਜ਼ਮ

ਦੋਸਤੋ! ਸੁਪ੍ਰਸਿੱਧ ਸ਼ਾਇਰ ਜਸਵੰਤ ਦੀਦ ਜੀ ਇਹਨੀਂ ਦਿਨੀਂ ਜਲੰਧਰ, ਪੰਜਾਬ ਤੋਂ ਕੈਨੇਡਾ ਦੀ ਫੇਰੀ ਤੇ ਆਏ ਹੋਏ ਹਨ ਅਤੇ ਬਰੈਂਪਟਨ, ਓਂਕਾਰਪ੍ਰੀਤ ਜੀ ਕੋਲ਼ ਠਹਿਰੇ ਹੋਏ ਹਨ। ਕੁਝ ਦਿਨਾਂ ਬਾਅਦ ਉਹ ਐਲਬਰਟਾ ਅਤੇ ਫੇਰ ਬੀ.ਸੀ. ਵੀ ਆਉਣਗੇ। ਕੱਲ੍ਹ ਉਹਨਾਂ ਨਾਲ਼ ਫ਼ੋਨ ਤੇ ਗੱਲ ਹੋਈ ਸੀ। ਮੈਂ ਆਰਸੀ ਪਰਿਵਾਰ ਵੱਲੋਂ ਦੀਦ ਸਾਹਿਬ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ ਕਮੰਡਲ ਚੋਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਕੈਨੇਡਾ ਪਧਾਰਨ ਤੇ ਜੀਅ ਆਇਆਂ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਜਨਵਰੀ-ਫਰਵਰੀ

ਨਜ਼ਮ

ਅੱਜ ਕੋਈ ਤਿਓਹਾਰ ਹੈ ਸ਼ਾਇਦ!

...........

ਇਸੇ ਲਈ ਸਵੇਰ ਦਾ ਮੈਂ

ਖ਼ਾਮੋਸ਼ ਹਾਂ...

..........

ਤੂੰ ਏਨੀ ਚੁੱਪ ਚ ਹੀ ਆ ਸਕਦੀ ਸੈਂ...

...........

ਇਸੇ ਲਈ ਮੌਨ ਸਾਂ

ਕਈ ਜਨਮਾਂ ਤੋਂ...

..........

ਤੇ ਹੁਣ ਤੂੰ ਮੈਨੂੰ ਦੇਖੀ ਜਾ ਰਹੀ ਹੈਂ

ਲਗਾਤਾਰ

..........

ਮੈਂ ਤੇਰੀਆਂ ਅੱਖਾਂ ਅੰਦਰ

ਪੂਰਾ ਕਿਉਂ ਨਹੀਂ ਝਾਕ ਸਕਦਾ?

..........

ਕਿਉਂ ਲਗਦਾ ਹੈ ਇਹ ਨੀਲਾ ਸਮੁੰਦਰ

ਕਦੀ ਜਾਮਨੀ ਕਦੇ ਪਹਾੜੀ ਹਰਾ

ਕਦੀ ਕਾਲ਼ਾ ਸਿਆਹ

ਹੁੰਦਾ ਜਾ ਰਿਹਾ ਹੈ

ਤੇ ਮੈਂ ਰੁੜ੍ਹਿਆ ਜਾ ਰਿਹਾ ਹਾਂ

ਪਾਰ ਧਰਤੀਆਂ ਮੁਲਕਾਂ ਬੰਨਿਆਂ ਬੰਨ੍ਹਾਂ ਤੋਂ

ਪਾਰ...

.............

ਤੇ ਤੂੰ ਹੱਸੀ ਜਾ ਰਹੀ ਹੈਂ

ਲਗਾਤਾਰ

======

ਮੋੜ

ਨਜ਼ਮ

ਤੂੰ ਆਪਣਾ ਹੱਥ ਛੁਡਾ ਕੇ

ਸਮੁੰਦਰ ਵੱਲ ਨੂੰ ਹੋ ਤੁਰੀ...

..........

ਮੇਰੀ ਚੁੱਪ ਦੀ ਹਲਕੀ ਹਲਕੀ ਧੁੰਦ

ਅਜੇ ਵੀ ਪੱਸਰੀ ਹੋਈ ਉੱਥੇ

ਤੇ ਹੱਥ ਮੇਰਾ ਅਜੇ ਵੀ

ਪਰੇਸ਼ਾਨ ਹਵਾ ਅੰਦਰ ਅਟਕਿਆ

ਤੈਨੂੰ ਜਾਂਦਿਆਂ ਤੱਕਦਾ...

...........

ਮੈਂ ਉੱਥੇ ਪਿਛਲੇ ਕਈ ਵਰ੍ਹਿਆਂ ਤੋਂ

ਲੰਘ ਰਿਹਾਂ

ਹਰ ਵਾਰ ਉੱਥੋਂ ਧਰਤੀ ਦੀ

ਇਕ ਗਾਚੀ ਪੱਟਦਾ ਹਾਂ

ਉਸ ਅੰਦਰ ਕੁਝ ਰੱਖਦਾ ਹਾਂ

ਤੇ ਪਰਤ ਆਉਂਦਾ ਹਾਂ

..........

ਉੱਥੇ ਇਕ ਸੰਘਣੀ ਬੇਰੀ ਕੋਲ਼

ਇੱਥੇ ਸਮੁੰਦਰ ਕੋਲ਼

ਆਪਾਂ ਕਿਸਨੂੰ ਲੱਭ ਰਹੇ ਹਾਂ?

.........

ਧਰਤੀ ਦੀ ਗਾਚੀ ਹਿੱਲ ਰਹੀ ਹੈ...

=====

ਆਨੰਦ

ਨਜ਼ਮ

ਹਟੇ ਹੀ ਨਾ ਸਮੁੰਦਰ

ਉੱਛਲਣੋਂ

...........

ਕਿੰਨੀ ਲਿਸ਼ਕ, ਵੇਗ

ਤੇ ਬੱਦਲ਼ ਨਾਲ਼ ਕਰਿੰਗੜੀ ਪਾਈ

ਹਿੱਲੇ...

..........

ਚਿੱਟੀਆਂ ਭਰੀਆਂ ਭਰਾਈਆਂ ਬੱਤਖਾਂ

ਤਰਦੀਆਂ ਉੱਛਲ਼ਦੀਆਂ ਬਹਿੰਦੀਆਂ

ਹਟਣ ਹੀ ਨਾ ਮੈਨੂੰ ਝਾਕਣੋਂ

ਮੈਂ ਅੱਖਾਂ ਮੀਟੀਆਂ....

............

ਸਮੁੰਦਰ ਹੱਸਿਆ

ਛਿੱਟੇ ਉਸਦੇ ਚਾਂਦੀ ਰੰਗੇ

ਚਿਹਰੇ ਮੇਰੇ ਤੇ

ਮੈਂ ਝਰਨਾਹਟ ਚ ਖਿੱਚਿਆ ਗਿਆ...

............

ਪੈਰ ਨੰਗੇ ਰੇਤ ਤੇ ਰੱਖੇ

ਠੰਡਕ ਨੇ ਮੈਨੂੰ ਮੇਰੀਆਂ ਜੜਾਂ ਨਾਲ਼ ਜੋੜਿਆ

ਅਨੰਤ ਇਕ ਵਜਦ ਅੰਦਰ

ਮੈਂ ਉੱਪਰ ਵੱਲ ਨੂੰ ਉੱਠਿਆ

ਤੇ ਅਚਾਨਕ ਧਰਤੀ ਅੰਦਰੋਂ

ਯੁੱਗਾਂ ਪੁਰਾਣਾ ਲਾਵਾ ਲੈ ਕੇ

ਸਮੁੰਦਰ ਅੰਦਰ ਲਹਿ ਗਿਆ...

=====

ਨਾਗ

ਨਜ਼ਮ

ਕੌਡੀਆਂ ਚੋਂ ਤੇਰੇ ਨਕਸ਼ ਹਿੱਲਦੇ

ਡੰਗ ਨਾਲ਼

ਹਵਾ ਸ਼ੂਕਦੀ

...........

ਤੇਰੇ ਸਾਹਾਂ

ਕੁੰਡਲੀ ਮਾਰੀ ਬੈਠਾ

ਸਦੀਆਂ ਤੋਂ

ਪਟਾਰੀ ਅੰਦਰੋਂ ਜਾਣ ਦਿਹ ਇਸਨੂੰ

.............

ਜੰਗਲ਼ ਖੋਲ੍ਹ ਦੇ...

1 comment:

Sandip Sital said...

ਦੀਦ ਦੀਆਂ ਕਵਿਤਾਵਾਂ ਪੜ੍ਹ ਕੇ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ. ਦੀਦ ਤੇ ਮੈਂ ਇਕੱਠੇ ਪੰਜਾਬੀ ਯੂਨਿਵਰਸਟੀ ਵਿਚ ਪੜ੍ਹਦੇ ਹੁੰਦੇ ਸਾਂ ਤੇ ਕਈ ਵਾਰੀ ਕਵਿਤਾਵਾਂ ਰਾਹੀਂ ਸਾਡੀ ਲੜਾਈ ਵੀ ਹੁੰਦੀ ਸੀ. ਸੰਦੀਪ