ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, April 16, 2010

ਅੰਮ੍ਰਿਤ ਸਮਿਤੋਜ - ਨਜ਼ਮ

ਸਾਹਿਤਕ ਨਾਮ: ਅੰਮ੍ਰਿਤ ਸਮਿਤੋਜ

ਅਜੋਕਾ ਨਿਵਾਸ: ਮਾਨਸਾ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਸ਼ਬਦਾਂ ਨਾਲ਼ ਮੁਹੱਬਤ ਪ੍ਰਕਾਸ਼ਿਤ ਹੋ ਚੁੱਕਿਆ ਹੈ।

-----

ਦੋਸਤੋ! ਅੱਜ ਬਲਜੀਤਪਾਲ ਜੀ ਨੇ ਮਾਨਸਾ ਵਸਦੇ ਸ਼ਾਇਰ ਅੰਮ੍ਰਿਤ ਸਮਿਤੋਜ ਜੀ ਦੀਆਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ, ਫੋਟੋ ਅਤੇ ਸਾਹਿਤਕ ਵੇਰਵੇ ਸਹਿਤ ਘੱਲੀਆਂ ਹਨ, ਜਿਨ੍ਹਾਂ ਨੂੰ ਅੱਜ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਲਜੀਤ ਪਾਲ ਜੀ ਦਾ ਬੇਹੱਦ ਸ਼ੁਕਰੀਆ। ਸਮਿਤੋਜ ਜੀ ਨੂੰ ਆਰਸੀ ਤੇ ਨਿੱਘੀ ਜੀਅ ਆਇਆਂ।

-----

ਸਮਿਤੋਜ ਜੀ! ਤੁਹਾਡੀਆਂ ਸਾਰੀਆਂ ਹੀ ਨਜ਼ਮਾਂ ਬਹੁਤ ਪਿਆਰੀਆਂ ਹਨ। ਰੰਗਾਂ ਦੀਆਂ ਕੰਧਾਂ ਨਜ਼ਮ ਤਾਂ ਮੇਰੀਆਂ ਮਨ-ਪਸੰਦੀਦਾ ਨਜ਼ਮਾਂ ਚ ਸ਼ਾਮਿਲ ਹੋ ਗਈ ਹੈ, ਮੁਬਾਰਕਬਾਦ ਕਬੂਲ ਕਰੋ। ਆਸ ਹੈ ਤੁਸੀਂ ਭਵਿੱਖ ਵਿਚ ਵੀ ਹਾਜ਼ਰੀ ਲਵਾਉਂਦੇ ਰਹੋਗੇ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਰੰਗਾਂ ਦੀਆਂ ਕੰਧਾਂ

ਨਜ਼ਮ

ਉਹ ਜਦ ਵਿਹੜੇ 'ਚ ਬੈਠੀ

ਕੱਢਦੀ ਹੈ ਰੀਝਾਂ ਦੀ ਚਾਦਰ

ਹੁੰਦੇ ਨੇ ਬਹੁਤ ਰੰਗ

ਮਨ ਦੇ ਰੰਗਾਂ 'ਚ ਘੁਲ਼ੇ

.............

ਕਿਸੇ ਗੱਭਰੂ ਦੀ ਪੱਗ ਦੇ

ਰੰਗ ਵਰਗਾ ਪਾਉਂਦੀ ਹੈ ਫੁੱਲ

ਤੇ ਪੱਤੀ ਪੱਤੀ ਖਿੜ ਜਾਂਦੈ

ਉਹਦੇ ਚਿਹਰੇ ਦਾ ਸੂਹਾ ਗੁਲਾਬ

............

ਮਾਂ ਜਦ ਦੇਖਦੀ

ਧੀ ਦੀ ਕੱਢੀ ਚਾਦਰ

ਤਾਂ ਪੱਤੀ ਪੱਤੀ ਝੜ

ਹੋ ਜਾਂਦੈ ਰੁੰਡ ਮਰੁੰਡ

ਉਹਦੇ ਜੁੱਸੇ ਦਾ ਬੁੱਢਾ ਬਿਰਖ

ਹੋ ਜਾਂਦੀ ਇਕ ਦਮ ਖ਼ਾਮੋਸ਼

ਜਦ ਦੇਖਦੀ ਧੀ ਦੀਆਂ

ਸ਼ਰਬਤੀ ਅੱਖਾਂ 'ਚ.......

...........

ਧੀ ਜੋ ਜਾਣਦੀ ਹੈ ਮੁੱਢੋਂ ਹੀ

ਮਾਂ ਦੀਆਂ ਅੱਖਾਂ ਦੀ ਭਾਸ਼ਾ

..............

ਫਿਰ ਉਹ ਬਾਪੂ ਦੀ ਪੱਗ ਰੰਗੇ

ਧਾਗੇ ਨਾਲ ਚਾਦਰ ਦੇ ਚੌਹੀਂ ਪਾਸੀਂ

ਹਾਸ਼ੀਆ ਮਾਰਦੀ ਹੈ

ਉਹ ਜਾਣ ਗਈ ਹੈ

ਕਿ ਰੰਗਾਂ ਦੀਆਂ

ਕੰਧਾਂ ਵੀ ਹੁੰਦੀਆਂ ਨੇ

=====

ਫੁੱਲ, ਬੁੱਤ ਤੇ ਉਹ

ਨਜ਼ਮ

ਉਹ

ਫੁੱਲ ਤੋੜ, ਦੌੜ

ਮੇਰੇ ਕੋਲ਼ ਆਈ

"ਮੈਂ ਤੈਨੂੰ

ਭੇਂਟ ਕਰਦੀ ਹਾਂ ਫੁੱਲ"

..........

ਮੈਂ ਕਿਹਾ

"ਫੁੱਲ ਤਾਂ ਸੋਂਹਦੇ ਨੇ

ਟਹਿਣੀ ਤੇ"

ਉਹ ਖ਼ਾਮੋਸ਼ ਹੋ ਗਈ

...........

ਫਿਰ ਬੋਲੀ

"ਆਦਮੀ ਨਾਲ਼ੋਂ

ਕਿੰਨੇ ਚੰਗੇ ਹੁੰਦੇ ਬੁੱਤ

ਜੋ ਸਵੀਕਾਰ ਲੈਂਦੇ ਨੇ ਫੁੱਲਾਂ ਨੂੰ"

...........

ਉਸਦੀ ਗੱਲ ਸੁਣ

ਮੈਂ ਬੁੱਤ ਹੋ ਗਿਆ

=====

ਬੱਤਖਾਂ ਤੇ ਮਨੁੱਖ

ਨਜ਼ਮ

ਕੇਹਾ ਤਲਾਅ

ਜੋ ਆਪਣੇ '

ਅੰਬਰ ਨੂੰ ਸਾਂਭ ਲੈਂਦੈ

...........

ਨਹਾਉਣ

ਆਇਆ ਸੂਰਜ

ਧੁੱਪ ਦੇ ਰੇਸ਼ਮੀ ਬਸਤਰ ਉਤਾਰ

ਸਹਿਜ ਮਤੇ ਅਛੋਪਲੇ ਜਿਹੇ

ਡੁੱਬ ਜਾਂਦੈ

ਤੇ ਦਿਨ ਭਰ ਡੁੱਬਿਆ ਹੀ ਰਹਿੰਦੈ

..........

ਬੱਤਖਾਂ

ਡੁੱਬਕੀਆਂ ਮਾਰ

ਲੱਭ ਰਹੀਆਂ ਸੂਰਜ

ਚਾਹੁੰਦੀਆਂ ਚੁਗ ਜਾਣਾ....

............

ਜਿਉਂ ਰਹੀਆਂ

ਮਨੁੱਖ ਵਾਂਗ

...........

ਮਨੁੱਖ ਜਿਉਂ ਰਿਹੈ

ਬੱਤਖਾਂ ਵਾਂਗ....।

=====

ਸ਼ਬਦਾਂ ਬਗੈਰ ਖ਼ਤ

ਨਜ਼ਮ

ਮੈਂ ਜਵਾਨੀ 'ਚ ਪੈਰ ਧਰਿਆ

ਉਸਨੇ ਖ਼ਤ ਲਿਖਿਆ ਪਹਿਲਾ

ਮੈਂ ਸਮਝਦੀ ਹਾਂ

ਤੂੰ ਮੈਨੂੰ ਚਾਹੁੰਨੈ

ਚਾਹੁੰਦੀ ਮੈਂ ਵੀ ਤੈਨੂੰ ਬਹੁਤ ਹਾਂ

ਪਰ ਮਜ਼ਬੂਰ ਹਾਂ

ਬਾਪੂ ਦੀ ਪੱਗ ਤੋਂ ਡਰਦੀ ਵੀ ਹਾਂ

ਮੇਰੇ ਭਾਈ ਤੈਨੂੰ ਵੱਢ ਨਾ ਦੇਣ

.............

ਕੁਝ ਮਹੀਨਿਆਂ ਬਾਅਦ

ਮਿਲ਼ੀ ਉਹ ਮੈਨੂੰ

ਸੂਹੀ ਫੁਲਕਾਰੀ '

ਲਿਖਿਆ ਉਸਨੇ ਦੂਸਰਾ ਖ਼ਤ

ਮੈਂ ਜਾਣਦੀ ਹਾਂ

ਤੂੰ ਮੈਨੂੰ ਪਿਆਰ ਕਰਦੈਂ

ਮੈਂ ਵੀ ਤੈਨੂੰ ਬਹੁਤ ਕਰਦੀ ਹਾਂ

ਪਰ ਬੇਵੱਸ ਹਾਂ

ਮੈਂ ਨਹੀਂ ਚਾਹੁੰਦੀ

ਮੇਰੇ ਪਤੀ ਦੇਵ ਦਾ ਸਿਰ ਝੁਕੇ

.............

ਕਈ ਵਰ੍ਹਿਆਂ ਬਾਅਦ

ਮਿਲੀ ਮੈਨੂੰ ਬੱਚਿਆਂ ਨਾਲ਼

ਲਿਖਿਆ ਤੀਸਰਾ ਖ਼ਤ

ਮੈਂ ਮਹਿਸੂਸ ਕਰਦੀ ਹਾਂ

ਤੂੰ ਮੈਨੂੰ ਮੁਹੱਬਤ ਕਰਦੈਂ

ਮੈਂ ਵੀ ਤੈਨੂੰ ਕਰਦੀ ਹਾਂ ਮੁਹੱਬਤ

ਲਾਚਾਰ ਹਾਂ

ਬੱਚਿਆਂ ਲਈ ਕਲੰਕ

ਨਹੀਂ ਬਣਨਾ ਚਾਹੁੰਦੀ

.............

ਇਹ ਅਣ-ਲਿਖੇ ਖ਼ਤ

ਉਸ ਨੇ ਮਨ ਵਿਚ ਚਿਤਵੇ

ਮਨ ਮੇਰੇ ਦੀਆਂ ਅੱਖਾਂ ਨੇ

ਸ਼ਬਦਾਂ ਬਗੈਰ ਪੜ੍ਹ ਲਏ

2 comments:

Davinder Punia said...

behad kamaal diaan nazmaa parhke bahut hi khushi hoi, shabdaan vich bhavaan di siddhi peshkash nalon manobirtiaan de rangaan de jalviaan nu sanketak roop vich pesh karna kavita nu ziada uchai dinda hai. shair Samitoj kol ih hunarmandi bahut shiddat naal hazar hai. bahut hi khoobsoorat nazmaa......

ਦਰਸ਼ਨ ਦਰਵੇਸ਼ said...

Khulke hassan wala tu aapne ander rooh naal rajke rehnda hain. tere naal umeed da pani main bahuat vaar behas karda vekheya hai.. tere uuche haase mainu aksar hi tere anderle yogi di silli hoi ret vikhaunde ne.
Darshan Darvesh