ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, April 13, 2010

ਜਗਜੀਤ ਸੰਧੂ – ਅੱਜ ਵਿਸਾਖੀ ‘ਤੇ ਵਿਸ਼ੇਸ਼ - ਨਜ਼ਮ

ਕਿਸਾਨ ਕਥਾ

(ਵਿਸਾਖੀ 'ਤੇ ਵਿਸ਼ੇਸ਼)

ਨਜ਼ਮ

ਇਕ ਦੂਜੇ ਨੂੰ ਆਖਣ, “ਅੜਿਆ! ਇਸ ਰੁੱਤੇ ਹੀ ਪਰਤੀਦਾ

ਇਕ ਹਰਿਆਈ ਕਣਕ ਦੀ ਬੱਲੀ, ਇੱਕ ਖਿੜਿਆ ਫੁੱਲ ਅਲਸੀ ਦਾ

ਇਸ ਰੁੱਤੇ ਕਿਉਂ ਸੂਰਜ ਤੋਂ ਬੱਦਲ਼ਾਂ ਦੀ ਬੁੱਕਲ਼ ਲਹਿ ਜਾਵੇ?

ਇਸ ਰੁੱਤੇ ਕਿਉਂ ਧੁੱਪ ਦੀਆਂ ਉਂਗਲ਼ਾਂ ਵਿੱਚ ਕੋਸਾਪਨ ਆਵੇ?

-----

ਇਹ ਜੋ ਸਾਨੂੰ ਸਿੰਜ ਰਿਹਾ ਹੈ ਇਸ ਕੋਲ਼ੋਂ ਸਭ ਪੁੱਛਾਂਗੇ

ਦਿਨੋ-ਦਿਨੀਂ ਕਿਉਂ ਜਾਣ ਉਲ਼ਝਦੇ ਕੁੰਡਲ਼ ਤੇਰੀਆਂ ਮੁੱਛਾਂ ਦੇ

ਕੌਣ ਹੈ ਇਹ ਜੋ ਖੇਤ ਪੂਰਦਾ ਪਰ ਖ਼ੁਦ ਮੁੱਕਦਾ ਰਹਿੰਦਾ ਹੈ ?

ਜਿਸਦੇ ਮੋਢੀਂ ਅਜ਼ਲ ਤੋਂ ਟੰਗਿਆ ਕੁੜਤਾ ਸੁੱਕਦਾ ਰਹਿੰਦਾ ਹੈ

-----

ਇਹ ਕਿਰਸਾਨ ਜੋ ਸਾਨੂੰ ਬੀਜੇ, ਸਿੰਜੇ, ਗੁੱਡੇ, ਗਾਹੇ, ਵੇਚੇ

ਜਿਸਦੇ ਸੁਪਨੇ ਸੱਚ ਹੋ ਕੇ ਵੀ ਮੰਡੀ ਦੇ ਵਿੱਚ ਜਾਣ ਪਰੇਤੇ

ਅੰਦਰ ਹੀ ਵਿਹੁ ਪਾਲ਼ੀ ਜਾਵੇ ਜੇਰਾ ਰੱਖੇ ਕੁਝ ਨਾ ਬੋਲੇ

ਹਵਾ ਦੇ ਨਾਲ਼ ਪਰਾਲ਼ੀ ਸਾੜੇ ਪੌਣਾਂ ਦੇ ਵਿੱਚ ਮਹੁਰਾ ਘੋਲ਼ੇ

-----

ਸ਼ੁਕਰ ਹੈ ਭੈਣਾ ਜ਼ਹਿਰ ਏਸਦੇ ਨੂੰ ਏਦਾਂ ਕੁਝ ਮੋੜ ਤਾਂ ਪੈਂਦਾ

ਖਵਰੇ ਕਿੰਨੇ ਢਿੱਡਾਂ ਦੇ ਸੰਸੇ ਬੇਖ਼ਬਰਾ ਸਿਰ ਲੈ ਲੈਂਦਾ

ਹਾਲ ਤੀਕ ਤਾਂ ਕੀਤਾ ਇਸਨੇ ਰੱਬ ਜੇਡਾ ਧਰਵਾਸ ਕੁੜੇ

ਹਾਲ ਤੀਕ ਤਾਂ ਇਸਦੇ ਬੋਲੀਂ ਉਣੀ ਹੋਈ ਅਰਦਾਸ ਕੁੜੇ

-----

ਜੀਣਾ ਮੁਸ਼ਕਲ ਕਰ ਨਾ ਦੇਵਣ ਬੈਂਕਾਂ ਅਤੇ ਤਕਾਵੀਆਂ ਵਾਲ਼ੇ

ਮਧੂਮੱਖੀਆਂ ਪਾਲ਼ਦਾ ਕਿਧਰੇ ਸੁੱਚੇ ਦਿਲ ਵਿੱਚ ਡੰਗ ਨਾ ਪਾਲ਼ੇ

ਕੰਬਦੇ ਹੱਥੀਂ ਰਗੜ ਖਰੇ ਕੀ ਬੁੱਲ੍ਹਾਂ ਪਿੱਛੇ ਰੱਖਿਆ ਏਹਨੇ

ਕੀੜੇ ਮਾਰ ਦਵਾਈ ਨੂੰ ਫਿਰ ਸਿੱਲ੍ਹੇ ਨੈਣੀਂ ਤੱਕਿਆ ਏਹਨੇ

-----

ਪੁੱਤਰ ਇਹਦਾ ਖਵਰੇ ਅੱਜ ਕੱਲ੍ਹ ਖੇਤਾਂ ਵੱਲ ਨਾ ਮੂੰਹ ਕਰਦਾ ਏ

ਗਹਿਣੇ ਕੀਤੀ ਵਿੱਚ ਉਸਦਾ ਜੀ ਗਰਕ ਹੋਣ ਜਾਵਣ ਨੂੰ ਕਰਦਾ ਏ

ਚੰਗੇ ਨੰਬਰ ਲੈ ਕੇ ਵੀ ਸੀ ਬਾਪੂ ਦੇ ਨਾਲ਼ ਹੱਥ ਵਟਾਓਂਦਾ

ਰਾਖਵੀਆਂ ਸੀਟਾਂ ਮਗਰੋਂ ਪਰ ਏਹਨਾਂ ਹਿੱਸੇ ਕੁਝ ਨਾ ਆਓਂਦਾ

-----

ਜਿਗਰੇ ਵਾਲ਼ੀ ਧੀ ਇਸਦੀ ਜੋ ਥੋੜ ਕੀਤਿਆਂ ਘਰ ਨਾ ਬੈਠੇ

ਅਸਲ ਚ ਉਹ ਇਹ ਵੇਖਣ ਆਵੇ ਕਿ ਡੈਡੀ ਕੁਝ ਕਰ ਨਾ ਬੈਠੇ

ਰਿਸ਼ਵਤਖੋਰਾਂ ਔਰਤਬਾਜ਼ਾਂ ਨੌਕਰੀਆਂ ਦੀ ਬੋਲੀ ਲਾਈ

ਇਹ ਅਫ਼ਸਰ ਦੀ ਪੱਗ ਲਹਿਰਾਉਂਦੀ ਦਫ਼ਤਰ ਚੋਂ ਬਾਹਰ ਭੱਜ ਆਈ

-----

ਸਾਰੀ ਦੁਨੀਆ ਦਾ ਅੰਨਦਾਤਾ ਜਦ ਖ਼ੁਦ ਸੁੱਕ ਕੇ ਡਰਨਾ ਬਣਦਾ

ਉਦੋਂ ਮਨ ਵਿੱਚ ਭੈਅ ਆਉਂਦਾ ਹੈ, ‘ਤੇ ਵੈਸੇ ਭੈਅ ਕਰਨਾ ਬਣਦਾ

ਚਲ ਸੂਰਜ ਵੀ ਨੀਵਾਂ ਹੋਇਆ, ਗੂੰਜ ਰਹੀ ਰਹਿਰਾਸ ਕੁੜੇ

ਇਸਦੇ ਦੁਖਸੁਖ ਫੇਰ ਕਰਾਂਗੇ, ਦੇਵਾਂਗੇ ਧਰਵਾਸ ਕੁੜੇ

No comments: