ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, May 7, 2010

ਸ਼ਿਵ ਕੁਮਾਰ ਬਟਾਲਵੀ - ਲੂਣਾ ਦਾ ਸਹੇਲੀਆਂ ਨਾਲ਼ ਸੰਵਾਦ - ਬਰਸੀ 'ਤੇ ਵਿਸ਼ੇਸ਼

ਦੋਸਤੋ! ਕੱਲ੍ਹ ਪੰਜਾਬੀ ਦੇ ਸਿਰਮੌਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜੀ ਦੀ ਬਰਸੀ ਸੀ। ਅੱਜ ਅਸੀਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦਿਆਂ, ਉਹਨਾਂ ਦੀ ਕਲਮ ਨੂੰ ਸਲਾਮ ਕਰਦਿਆਂ, ਨਿੱਘੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਉਹਨਾਂ ਦੀਆਂ ਨਜ਼ਮਾਂ, ਗੀਤ, ਗ਼ਜ਼ਲਾਂ ਤਾਂ ਆਮ ਹੀ ਪੜ੍ਹਨ ਨੂੰ ਮਿਲ਼ ਜਾਂਦੇ ਹਨ, ਪਰ ਮੈਂ ਸੋਚਿਆ ਇਸ ਵਾਰ ਉਹਨਾਂ ਦੀ ਸ਼ਾਹਕਾਰ ਰਚਨਾ ਮਹਾਂ-ਕਾਵਿ ਲੂਣਾ ਚੋਂ ਲੂਣਾ ਦੇ ਉਹ ਦਿਲ-ਚੀਰਵੇਂ ਸੰਵਾਦ ਤੁਹਾਡੇ ਨਾਲ਼ ਸਾਂਝੇ ਕਰਾਂ, ਜਦੋਂ ਭਰ ਜੋਬਨ ਮੁਟਿਆਰ ਲੂਣਾ ਦਾ ਬੁੱਢੇ ਰਾਜੇ ਸਲਵਾਨ ਨਾਲ ਵਿਆਹ ਹੋ ਜਾਂਦਾ ਹੈ। ਲੂਣਾ ਇਸ ਬੇਜੋੜ ਵਿਆਹ ਤੋਂ ਨਾ-ਖ਼ੁਸ਼ ਹੈ। ਆਪਣੇ ਦਿਲ ਦੀ ਭਾਵਨਾਵਾਂ, ਸਹੁਰੇ ਜਾਣ ਤੋਂ ਪਹਿਲਾਂ ਆਪਣੀਆਂ ਸਖੀਆਂ ਨਾਲ਼ ਇਸ ਅੰਦਾਜ਼ ਚ ਸਾਂਝੀਆਂ ਕਰਦੀ ਹੈ ਕਿ ਪੱਥਰ-ਅੱਖ ਵੀ ਭਰ ਆਉਂਦੀ ਹੈ। ਇਹੋ-ਜਿਹੀ ਰਚਨਾ ਮੁੜ ਕਿਸੇ ਨਹੀਂ ਲਿਖ ਸਕਣੀ, ਮੈਂ ਜਿੰਨੀ ਵਾਰ ਵੀ ਲੂਣਾ ਪੜ੍ਹਾਂ, ਲਗਦੈ ਕਿ ਸ਼ਿਵ ਇਕ ਮਰਦ ਹੁੰਦਿਆਂ ਹੋਇਆਂ ਵੀ ਲੂਣਾ ਦੇ ਕਿਰਦਾਰ ਨਾਲ਼ ਜਿਹੜਾ ਇਨਸਾਫ਼ ਕਰ ਗਿਆ ਹੈ, ਕਿਸੇ ਨਹੀਂ ਕਰ ਸਕਣਾ। ਕੋਸ਼ਿਸ਼ ਰਹੇਗੀ ਕਿ ਆਉਣ ਵਾਲ਼ੇ ਸਮੇਂ ਚ ਇਸੇ ਮਹਾਂ-ਕਾਵਿ ਚੋਂ ਹੋਰ ਸੰਵਾਦ ਵੀ ਪੋਸਟ ਕੀਤੇ ਜਾਣ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਲੂਣਾ 1

ਸਹੇਲੀਆਂ ਨਾਲ਼ ਸੰਵਾਦ

ਮੈਂ ਅੱਗ ਤੁਰੀ ਪਰਦੇਸ

ਨੀ ਸਈਉ!

ਅੱਗ ਟੁਰੀ ਪਰਦੇਸ

ਇਕ ਛਾਤੀ ਮੇਰਾ ਹਾੜ੍ਹ ਤਪੰਦਾ

ਦੂਜੀ ਤਪਦਾ ਜੇਠ

ਨੀ ਮੈਂ ਅੱਗ ਤੁਰੀ

ਪਰਦੇਸ

........

ਅੱਗ ਦੀ ਉਮਰੇ

ਹਰ ਅੱਗ ਟੁਰਦੀ

ਜਾ ਬਹਿੰਦੀ ਪਰਦੇਸ

ਹਰ ਅੱਗ ਦੇ, ਬਾਬਲ ਦੇ ਚੁੱਲ੍ਹੇ

ਸਦਾ ਨਾ ਉਸਦਾ ਸੇਕ

ਹਰ ਅੱਗ ਦੇ

ਬਾਬਲ ਦੀ ਜਾਈ

ਟੁਰ ਜਾਏ ਦੂਰ ਹਮੇਸ਼

ਇਹ ਕੀਹ ਅੱਗ ਦੇ ਲੇਖ,

ਨੀ ਸਈਓ!

ਇਹ ਕੀ ਅੱਗ ਦੇ ਲੇਖ?

.........

ਹਰ ਘਰ ਦੀ

ਕੰਜਕ ਦੀ ਆਵੇ

ਜਦ ਵੀ ਅਗਨ-ਵਰੇਸ

ਹਰ ਬਾਬਲ ਦੀ ਨੀਂਦ ਗਵਾਚੇ

ਬਲ਼ਦਾ ਵਿਹੜਾ ਵੇਖ

ਹਰ ਬਾਬਲ

ਵਰ ਢੂੰਡਣ ਜਾਵੇ

ਹਰ ਅਗਨੀ ਦੇ ਮੇਚ

ਹਰ ਅੱਗ ਹੀ, ਛੱਡ ਜਾਵੇ ਸਈਉ

ਹਰ ਬਾਬਲ ਦਾ ਦੇਸ

ਲਾ ਤਲ਼ੀਆਂ ਤੇ

ਬਲ਼ਦੀ ਮਹਿੰਦੀ

ਪਾ ਕੇ ਅੱਗ ਦਾ ਵੇਸ

ਨੀ ਮੈਂ ਅੱਗ ਟੁਰੀ ਪਰਦੇਸ...

..........

ਪਰ ਸਈਉ!

ਮੈਂ ਕੈਸੀ ਅੱਗ ਹਾਂ

ਕੈਸੇ ਮੇਰੇ ਲੇਖ

ਇਕ ਤਾਂ ਮੁੱਖ ਦਾ, ਸੂਰਜ ਬਲ਼ਦਾ

ਦੂਜੇ ਥਲ ਪੈਰਾਂ ਦੇ ਹੇਠ

ਤੀਜੇ ਬੈਠੀ,

ਮੱਚਦੀ ਦੇਹ ਦੇ

ਅਗਨ-ਬਿਰਛ ਦੇ ਹੇਠ

ਫਿਰ ਵੀ ਸਈਉ

ਬੁਝਦਾ ਜਾਂਦਾ

ਇਸ ਅਗਨੀ ਦਾ ਸੇਕ

ਜੋ ਬਾਬਲ, ਵਰ ਢੂੰਡ ਲਿਆਇਆ

ਸੋ ਨਾ ਆਇਆ ਮੇਚ

ਨੀ ਮੈਂ ਅੱਗ ਟੁਰੀ

ਪਰਦੇਸ

=====

ਲੂਣਾ 2

ਸਹੇਲੀਆਂ ਨਾਲ਼ ਸੰਵਾਦ

ਮੈਨੂੰ ਭਿੱਟ-ਅੰਗੀ ਨੂੰ

ਭਿੱਟ-ਅੰਗਾ ਵਰ ਦੇਵੋ

ਮੋੜ ਲਵੋ ਇਹ ਫੁੱਲ

ਤਲ਼ੀ ਸੂਲ਼ਾਂ ਧਰ ਦੇਵੋ

ਖੋਹ ਲਉ ਮਹਿਲ-ਚੁਬਾਰੇ

ਤੇ ਝਿੱਕਾ ਘਰ ਦੇਵੋ

ਜਿਸ ਕੰਧੀ ਦੀ ਇੱਟ ਮੈਂ

ਓਥੇ ਹੀ ਜੜ ਦੇਵੋ

ਮੈਨੂੰ ਭਿੱਟ-ਅੰਗੀ ਨੂੰ

ਭਿੱਟ-ਅੰਗਾ ਵਰ ਦੇਵੋ

..............

ਬੇ-ਸ਼ੱਕ ਚੰਬਾ, ਚੰਬਾ,

ਪਰ ਕੁਮਲ਼ਾਇਆ ਮੰਦਾ

ਮਹਿਕ-ਨਖੁੱਟੇ ਚੰਬੇ ਤੋਂ

ਵਣ-ਗੇਂਦਾ ਚੰਗਾ

ਬਿਨਾ ਹਾਣ,

ਜਿਸਮਾਂ ਦਾ ਪਾਣੀ

ਬਣੇ ਨਾ ਗੰਗਾ

ਅਧ-ਅੰਗੇ ਤੋਂ ਚੰਗਾ ਨੀ

ਮੈਨੂੰ ਭਿੱਟ-ਅੰਗਾ

ਮੈਨੂੰ ਭਿੱਟ-ਅੰਗੀ ਨੂੰ

ਭਿੱਟ-ਅੰਗਾ ਵਰ ਦੇਵੋ

..............

ਅੱਧ-ਅੰਗੇ ਦੀ, ਰਾਣੀ ਤੋਂ,

ਮੈਂ ਭਲੀ ਚਮਾਰੀ

ਬੁਝੇ ਹਵਨ-ਕੁੰਡ ਤੋਂ

ਚੁੱਲ੍ਹੇ ਦੀ ਅੰਗਾਰੀ

ਚੰਨ ਚੌਥ ਦੇ ਕੋਲ਼ੋਂ

ਚੰਗੀ ਰਾਤ-ਅੰਧਾਰੀ

ਹਾਣ ਨੂੰ ਕਹਿੰਦੇ ਹਾਣ

ਅੱਗ ਨੂੰ ਅੱਗ ਪਿਆਰੀ

ਮੈਨੂੰ ਭਿੱਟ-ਅੰਗੀ ਨੂੰ

ਭਿੱਟ-ਅੰਗਾ ਵਰ ਦੇਵੋ

ਨੀ ਮੈਂ ਅੱਗ ਨਿਰੀ

ਤੇ ਅੱਗ ਤਲ਼ੀ ਧਰ ਦੇਵੋ

=====

ਲੂਣਾ 3

ਸਹੇਲੀਆਂ ਨਾਲ਼ ਸੰਵਾਦ

ਸਈਏ ਨੀ!

ਸੁਣ ਮੇਰੀਏ ਸਈਏ!

ਅੱਗ ਦੀ ਪੀੜ

ਪਛਾਣੇ ਕਿਹੜਾ?

ਅੱਗ ਦੇ ਦੁੱਖ ਨੂੰ ਜਾਣੇ ਕਿਹੜਾ?

ਸਈਏ ਜਦ ਵੀ

ਅੱਗ ਜੰਮਦੀ ਹੈ

ਅੱਗ ਦੀ ਅੰਬੜੀ ਰੋ ਪੈਂਦੀ ਹੈ

ਹਰ ਅੰਬੜੀ ਦੀ,

ਕੁੱਖ ਵਿਚ ਸਈਏ

ਪੁੱਤਰ ਦੀ ਖੁਸ਼ਬੋ ਰਹਿੰਦੀ ਹੈ

ਅੱਗ ਜੰਮੇ,

ਤਾਂ ਦੁੱਧ ਸੁੱਕ ਜਾਂਦਾ

ਵਿਚ ਕਲੇਜੇ ਖੋਹ ਪੈਂਦੀ ਹੈ

ਬਾਬਲ ਦੀ

ਪੱਗ ਦਾ ਰੰਗ ਖੁਰਦਾ

ਕੰਨੀਂ ਮੰਦੀ ਸੋਅ ਪੈਂਦੀ ਹੈ

ਜਨਮ-ਦਿਹਾੜੇ

ਬੂਹਿਓਂ ਕੱਢਣ

ਦੀ ਬਸ ਚਿੰਤਾ ਹੋ ਜਾਂਦੀ ਹੈ

.................

ਅੱਗ ਦੀ ਪੀੜ ਪਛਾਣੇ ਕਿਹੜਾ

ਅੱਗ ਨੂੰ ਪੀੜ

ਸਦਾ ਰਹਿੰਦੀ ਹੈ

ਕੋਈ ਨਾ ਐਸੀ ਨਾਰ ਧਰਤ ਤੇ

ਜੋ ਕਿ ਪੀੜ-ਵਿਛੁੰਨੀ ਹੋਵੇ

ਸੀਖੇ ਵਾਂਗ ਕਬਾਬਾਂ ਲਾ ਕੇ

ਜੋ ਨਾ ਮਰਦਾਂ

ਭੁੰਨੀ ਹੋਵੇ

ਕਿਸੇ ਦੇਸ ਵਿਚ ਨਾਰ ਨਾ ਐਸੀ

ਜੋ ਨਾ ਹੱਕ਼ ਤੋਂ

ਰੁੰਨੀ ਹੋਵੇ

ਕੋਈ ਨਾ ਨਾਰ,

ਜੋ ਏਸ ਜਹਾਨੇ

ਵਾਂਗ ਕ਼ਬਰ ਨਾ ਸੁੰਨੀ ਹੋਵੇ

ਜੇ ਕਈ ਹੈ,

ਤਾਂ ਮੈਂ ਕਹਿੰਦੀ ਹਾਂ

ਅੱਜ ਉਹ ਮੇਰੇ ਸਾਹਵੇਂ ਆਵੇ

ਸਣੇ ਸੰਧੂਰੀ ਮਾਂਗ ਮੇਰੀ ਦੇ

ਮੇਰੀ ਉਮਰਾ

ਵੀ ਲੈ ਜਾਵੇ...

=====

ਲੂਣਾ 4

ਸਹੇਲੀਆਂ ਨਾਲ਼ ਸੰਵਾਦ

ਸਇਉ! ਨਾਰੀ ਕੀਹ ਰਚਦੀ ਹੈ

ਅਗਨ-ਵਰੇਸ ਜਦੋਂ ਮੱਚਦੀ ਹੈ

ਵਾਂਗ ਫ਼ਲ਼ਾਂ ਦੇ

ਆ ਰਸਦੀ ਹੈ

ਝੂਠੀ ਡਾਰ ਮੁਹੱਬਤ ਵਾਲ਼ੀ

ਉਸ ਦਾ ਪਿੰਡਾ

ਆ ਪੱਛਦੀ ਹੈ

ਚਾਹਿਆਂ; ਅਣਚਾਹਿਆਂ ਧਰਤੀ ਤੇ

ਹੱਡ ਮਾਸ ਦਾ

ਬੁੱਤ ਰਚਦੀ ਹੈ

ਮਜਬੂਰੀ ਤਾਂ ਰਚਨਾ ਨਾਹੀਂ

ਨਾਰੀ ਇਸ ਤੇ

ਖ਼ੁਦ ਹੱਸਦੀ ਹੈ

=====

ਲੂਣਾ 5

ਸਹੇਲੀਆਂ ਨਾਲ਼ ਸੰਵਾਦ

ਨੀ ਸਈਉ, ਨੀ ਕੂੰਜੜੀਉ

ਮੈਨੂੰ ਐਸਾ ਤਾਲਾ ਮਾਰੋ

ਨਾ ਖੁੱਲ੍ਹੇ ਨਾ ਭੱਜੇ ਭਾਵੇਂ

ਲੱਖ ਹਥੌੜਾ ਮਾਰੋ

..........

ਦੰਦ-ਖੰਦ ਦਾ ਭੰਨੋ ਚੂੜਾ

ਕੌਡ ਕਲੀਰੇ ਸਾੜੋ

ਹੁਕਮ ਕਰੋ ਮੇਰੇ ਬਾਬਲੇ

ਜਾ ਰਾਜੇ ਅਰਜ਼ ਗੁਜ਼ਾਰੋ

ਲੈ ਚੱਲੋ ਕੋਟ-ਸਿਆਲ ਨੂੰ

ਇਕ ਅੱਗ ਦੀ ਲਾਸ਼ ਕੁਹਾਰੋ...

*******

ਦੋਸਤੋ! ਸ਼ਿਵ ਕੁਮਾਰ ਬਟਾਲਵੀ ਜੀ ਦਾ ਇਹ ਚਿੱਤਰ ਯੂ.ਐੱਸ.ਏ. ਵਸਦੇ ਚਿੱਤਰਕਾਰ ਉਮਰਾਓ ਗਿੱਲ ਸਾਹਿਬ ਨੇ ਸ਼ਿਵ ਦੀ ਪਤਨੀ ਸ਼੍ਰੀਮਤੀ ਅਰੁਣਾ ਜੀ ਦੇ ਕਹਿਣ 'ਤੇ ਬਹੁਤ ਸਾਲ ਪਹਿਲਾਂ ਬਣਾਇਆ ਸੀ। ਇਹ ਚਿੱਤਰ ਉਹਨਾਂ ਨੇ ਸ਼ਰਧਾਂਜਲੀ ਵਜੋਂ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ, ਗਿੱਲ ਸਾਹਿਬ ਦਾ ਬੇਹੱਦ ਸ਼ੁਕਰੀਆ।No comments: