ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, May 10, 2010

ਅਮਰਜੀਤ ਸਿੰਘ ਸੰਧੂ - ਕਾਵਿ-ਵਿਅੰਗ - ਬੈਂਤ

ਦੋਸਤੋ! ਅੱਜ ਬਦੇਸ਼ਾ ਸਾਹਿਬ ਦੇ ਮਜ਼ਾਹੀਆ ਖ਼ਤ ਦੇ ਨਾਲ਼-ਨਾਲ਼ ਸੋਚਿਆ ਕਿ ਦਕੋਹਾ, ਜਲੰਧਰ ਵਸਦੇ ਉਸਤਾਦ ਸ਼ਾਇਰ ਸ: ਅਮਰਜੀਤ ਸਿੰਘ ਸੰਧੂ ਸਾਹਿਬ ਦੀ ਕਿਤਾਬ ਜੋਬਨ ਯਾਦਾਂ ਵਿੱਚੋਂ ਬੇੱਹਦ ਖ਼ੂਬਸੂਰਤ ਕਾਵਿ-ਵਿਅੰਗ ਤੁਹਾਡੇ ਨਾਲ਼ ਸਾਂਝੇ ਕੀਤੇ ਜਾਣ। ਹੈ ਨਾ ਸੋਨੇ ਤੇ ਸੁਹਾਗਾ? ਇਹ ਕਾਵਿ-ਵਿਅੰਗ ਵੀ ਸ਼ਾਇਰੀ ਦੀ ਇਕ ਵੰਨਗੀ 'ਬੈਂਤ' ਦੇ ਰੂਪ ਚ ਲਿਖੇ ਗਏ ਹਨ, ਜਿਸਦੀ ਕੁਝ ਦਿਨ ਪਹਿਲਾਂ ਮੈਂ ਗੱਲ ਕੀਤੀ ਸੀ। ਸੰਧੂ ਸਾਹਿਬ ਦੀ ਕਲਮ ਨੂੰ ਸਲਾਮ ਕਰਦਿਆਂ, ਅੱਜ ਦੀ ਪੋਸਟ ਚ ਇਹਨਾਂ ਨੂੰ ਸ਼ਾਮਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

**********

ਚਾਰ ਅਤੇ ਛੇ ਕਲੀਏ ਬੈਂਤ

ਤੁਰੀ ਜਾਂਦੈ

ਬੈਂਤ

ਬੀਵੀ ਕਵੀ ਦੀ ਸਾਧ ਦੇ ਕੋਲ਼ ਪਹੁੰਚੀ,

ਕਹਿੰਦੀ, ਬਾਬਾ ਜੀ! ਸੰਧੂ ਤਾਂ ਖੁਰੀ ਜਾਂਦੈ।

ਐਨਾ ਹੋਇਆ ਕਮਜ਼ੋਰ ਕਿ ਕੀ ਦੱਸਾਂ,

ਜਿੱਥੇ ਹੱਥ ਲਾਈਏ, ਉੱਥੋਂ ਭੁਰੀ ਜਾਂਦੈ।

ਬਾਬੇ ਆਖਿਆ, ਕਲਮ ਜਦ ਚੱਲਦੀ ਏ,

ਚੱਲਣ ਜੋਗਾ ਨਹੀਂ ਛੱਡਦੀ ਆਦਮੀ ਨੂੰ,

ਤੇਰਾ ਆਦਮੀ ਤਾਂ ਸਖ਼ਤ ਜਾਨ ਹੋਣੈਂ,

ਤੁਰਦੀ ਕਲਮ ਦੇ ਨਾਲ਼ ਜੋ ਤੁਰੀ ਜਾਂਦੈ।

=====

ਕਾਗ਼ਜ਼ਾਂ ਦੀ ਬੇੜੀ

ਬੈਂਤ

ਮੀਂਹ ਪਵੇ, ਸਕੂਲ ਦਾ ਵਕ਼ਤ ਹੋਇਆ,

ਸੰਧੂ ਬਹਿ ਗਿਆ ਢੇਰੀਆਂ ਢਾਹ ਕੇ ਜੀ।

ਧੱਕੇ ਨਾਲ਼ ਸਕੂਲ ਨੂੰ ਤੋਰ ਦਿੱਤਾ,

ਬੀਵੀ ਹੋਣ ਨਾ ਦਿੱਤੀਆਂ ਦੇਰੀਆਂ ਜੀ।

ਗਿਆ ਭਿੱਜਦਾ, ਆਇਆ ਬੁਖ਼ਾਰ ਲੈ ਕੇ,

ਪੈਣ ਬੀਵੀ ਦੇ ਚਿੱਤ ਨੂੰ ਘੇਰੀਆਂ ਜੀ।

ਆਇਆ ਵੈਦ ਤੇ ਤਾੜ ਕੇ ਕਹਿਣ ਲੱਗਾ,

ਸੱਭੇ ਗ਼ਲਤੀਆਂ ਨੇ ਬੀਬੀ ਤੇਰੀਆਂ ਜੀ।

ਬੇੜੀ ਕਾਗ਼ਜ਼ਾਂ ਦੀ ਤੇਰਾ ਪਤੀ ਬੀਬੀ,

ਇਹਦੇ ਨਾਲ਼ ਸੰਭਲ਼ ਕੇ ਖੇਲ੍ਹਿਆ ਕਰ।

ਇਹ ਨਹੀਂ ਝਨਾਅ ਚੋਂ ਪਾਰ ਲੰਘਾਉਣ ਜੋਗਾ,

ਇਹਨੂੰ ਪਾਣੀ ਦੇ ਵਿਚ ਨਾ ਠੇਲ੍ਹਿਆ ਕਰ।

=====

ਚਾਅ ਈ ਕੋਈ ਨਹੀਂ

ਬੈਂਤ

ਜੀਵਨ ਸਾਥਣੇ! ਹੋਣ ਹੁਸੀਨ ਜੋਬਨ,

ਏਸ ਉਮਰ ਵਿਚ ਆਪਾਂ ਨੂੰ ਭਾਅ ਈ ਕੋਈ ਨਹੀਂ।

ਦੂਰੋਂ ਦਿਸਦੀ ਨਹੀਂ ਏ ਚੀਜ਼ ਕੋਈ,

ਤੇ ਲਾਗੇ ਆਉਣ ਦਾ ਕਿਸੇ ਨੂੰ ਚਾਅ ਈ ਕੋਈ ਨਹੀਂ।

ਗੋਡੇ ਉੱਠਦੇ ਨਹੀਂ, ਚੂਲੇ ਚੱਲਦੇ ਨਹੀਂ,

ਫਿਰਨ-ਤੁਰਨ ਦਾ ਲਗਦਾ ਦਾਅ ਈ ਕੋਈ ਨਹੀਂ।

ਦੱਸ, ਅਸੀਂ ਕੀਹਦੇ ਲਾਗੇ ਲੱਗਣਾ ਏ,

ਦੁਨੀਆਂ ਨਾਲ਼ ਹੁਣ ਰਿਹਾ ਲਗਾਅ ਈ ਕੋਈ ਨਹੀਂ।

ਬੁੱਢੇ-ਵਾਰੇ ਤੂੰ ਰੋਕ ਨਾ ਰੋਕ ਅੜੀਏ!

ਮੈਂ ਵੀ ਸਮਝਦਾ ਹਾਂ ਮੇਰਾ ਫ਼ਰਜ਼ ਕੀ ਏ।

ਪਿਛਲਾ ਕੋਈ ਮਹਿਬੂਬ ਜੇ ਆ ਈ ਜਾਵੇ,

ਤਾਂ ਸੰਧੂ ਓਸ ਨੂੰ ਮਿਲ਼ਣ ਵਿਚ ਹਰਜ਼ ਕੀ ਏ?

====

ਨਵੀਂ ਸਕੀਮ

ਬੈਂਤ

ਚਾਕੂ ਚੱਲਿਆ, ਲਹੂ ਦੀ ਧਾਰ ਚੱਲੀ,

ਪਲੋ-ਪਲੀ ਮੈਂ ਤਾਂ ਪੀਲ਼ਾ ਈ ਹੋਈ ਜਾਵਾਂ।

ਕੱਟੀ ਉਂਗਲ਼ੀ ਮੂੰਹ ਵਿਚ ਪਾ ਚੂਸਾਂ,

ਟੂਟੀ ਹੇਠ ਦੇ ਕੇ ਨਾਲ਼ੇ ਧੋਈ ਜਾਵਾਂ।

ਬੀਵੀ ਵੇਖਿਆ ਤਾਂ ਝਿੜਕਾਂ ਹੋਰ ਦੇਊ,

ਨਾਲ਼ੇ ਡਰੀ ਜਾਵਾਂ, ਨਾਲ਼ੇ ਰੋਈ ਜਾਵਾਂ।

ਬੀਵੀ ਕਿਹਾ, ਵਿਖਾ ਖਾਂ,ਕੀ ਹੋਇਐ?

ਤੇ ਡਰਦਾ ਓਸ ਤੋਂ ਉਂਗਲ਼ ਲਕੋਈ ਜਾਵਾਂ।

ਬੀਵੀ ਕਿਹਾ ਕਿ ਕੰਮ ਤੋਂ ਬਚਣ ਦੇ ਲਈ,

ਕੋਈ ਨਵੀਂ ਸਕੀਮ ਬਣਾ ਲਈ ਊ?

ਤੈਨੂੰ ਆਖਿਆ ਸੀ ਸਬਜ਼ੀ ਕੱਟਣੇ ਨੂੰ,

ਤੇ ਟੋਟੇ ਹੋਣਿਆਂ ਉਂਗਲ਼ ਕਟਾ ਲਈ ਊ?

=====

ਫਟਕੜੀ ਫੁੱਲ ਹੋ ਗਈ

ਬੈਂਤ

ਲਾਈਨ ਵਿਚ ਖਲੋਤਾ ਸਵੇਰ ਦਾ ਸੀ,

ਘੜੀ-ਘੜੀ ਉਹਦੀ ਯੁੱਗਾਂ ਤੁੱਲ ਹੋ ਗਈ।

ਮਸਾਂ-ਮਸਾਂ ਸੀ ਖਿੜਕੀ ਦੇ ਕੋਲ਼ ਪਹੁੰਚਾ,

ਕਿ ਬੁੱਢੇ ਬਦਨ ਅੰਦਰ ਹਿੱਲ-ਜੁੱਲ ਹੋ ਗਈ।

ਘਰੋਂ ਗਿਆ ਸੀ ਬਿਜਲੀ ਦਾ ਬਿੱਲ ਤਾਰਨ,

ਤੇ ਉਹਦੀ ਜ਼ਿੰਦਗੀ ਦੀ ਬੱਤੀ ਗੁੱਲ ਹੋ ਗਈ।

ਬੀਵੀ ਪਿੱਟਦੀ ਪਿੱਟਦੀ ਕਹੀ ਜਾਵੇ,

ਜਾਂਦਾ ਜਾਂਦਾ ਕੋਈ ਕੰਮ ਈ ਸਵਾਰ ਜਾਂਦੋ।

ਮੈਨੂੰ ਪਊ ਹੁਣ ਲਾਈਨ ਦੇ ਵਿਚ ਖੜ੍ਹਨਾ,

ਡੁੱਬ ਜਾਣਿਆਂ ਬਿੱਲ ਤਾਂ ਤਾਰ ਜਾਂਦੋ।"

3 comments:

ਤਨਦੀਪ 'ਤਮੰਨਾ' said...

ਸੰਧੂ ਸਾਹਿਬ ਦੇ ਬੈਂਤ ਵੀ ਪੜ੍ਹੇ। ਬਦੇਸ਼ਾ ਜੀ ਦਾ ਖ਼ਤ ਤੇ ਇਹ ਬੈਂਤ ਇਕ ਦੂਜੇ ਨੂੰ compliment ਕਰਦੇ ਹਨ। ਬਹੁਤ ਵਧੀਆ। ਹਾਸ-ਰਸ ਤੇ ਵਿਅੰਗ ਵੀ ਲਾਉਂਦੇ ਰਿਹਾ ਕਰੋ।
ਹਿਤੂ
ਸੁਰ ਖ਼ੁਆਬ

Jagjit said...

ਬਹੁਤ ਵਧੀਆ ਸੰਧੂ ਸਾਹਿਬ, ਹਰ ਛੇ ਕਲੀਏ ਦੀ ਕਲੀ ਕਲੀ ਸੁਗੰਧ ਹੈ।

Amarjit said...

Mere bait tusan pasand keete. Dhanwad ji.
Amarjit Singh Sandhu.