ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, May 5, 2010

ਰਵਿੰਦਰ ਰਵੀ - ਨਜ਼ਮ

ਐਕਸ-ਰੇ: ਇਕ ਐਬਸਰਡ ਮਨੋ-ਸਥਿਤੀ

ਨਜ਼ਮ

ਅੱਖਰ ਲਿਖ ਲਿਖ ਸ਼ਬਦ ਬਣਾਏ,

ਲੀਕਾਂ ਪਾ ਪਾ ਅਰਥ ਮਿਟਾਏ!

ਸ਼ੀਸ਼ੇ ਵਿਚ ਜੋ ਵੀ ਬਿੰਬ ਉੱਭਰੇ,

ਉਹੀਓ ਮੇਰਾ ਮੁੱਖ ਝੁਠਲਾਏ!

-----

ਜ਼ਿੰਦਗੀ ਧਰਤ ਦਰਾੜਾਂ ਪਾਟੀ,

ਵਿੱਚ ਦਰਾੜਾਂ, ਅਗਨੀ, ਥਲ;

ਮੈਂ ਡਿੱਗਾਂ, ਤਾਂ ਭਾਫ਼ ਬਣਾਂ,

ਬੀ ਡਿੱਗੇ, ਤਾਂ ਸੁਆਹ ਹੋ ਜਾਏ!

-----

ਕੋਰਾ ਕਾਗ਼ਜ਼, ਤੇਜ਼ ਉਸਤਰਾ,

ਵਾਲ਼, ਵਾਲ਼ ਦੀ ਵਿੱਥ ਤੇ ਲੀਕਾਂ;

ਦੇਹ ਚੋਂ ਛਣਕੇ ਅਲਫ਼ ਚਾਨਣੀ,

ਹਉਂ ਦਾ ਆਰ ਪਾਰ ਦਿਖਲਾਏ!

-----

ਲਹੂ ਮਾਸ ਵਿਚ ਪਿੰਜਰ ਝੂਲੇ,

ਅੱਖਵਾਨੇ ਵਿਚ1. ਅੰਨ੍ਹਾ ਯੁੱਗ

ਜ਼ਿਹਨੋਂ ਸੱਖਣੀ ਖੋਪਰੀ ਹੇਠਾਂ,

ਕਿੰਜ ਅਹੋਂਦਾ2. ਮੌਸਮ ਆਏ!

-----

ਭੁਰਦੇ ਪੱਤਰ, ਟੁੱਟਣ ਟਾਹਣਾਂ,

ਚੁਭਣ ਸੂਈਆਂ, ਖਿੰਡਣ ਸੋਚਾਂ

ਆਪੇ ਵਿਚ ਇਕੱਲੀ ਜਿੰਦ ਨੇ,

ਦਿਲ ਨੂੰ ਪਿਆਸੇ ਹੋਠ ਛੁਆਏ!

-----

ਸੱਭੋ ਰੰਗ ਅਜਨਬੀ ਜਾਪਣ,

ਗਣਿਤ, ਸਾਇੰਸ, ਦਰਸ਼ਨ3. ਦੇ ਸੂਤਰ4. -

ਲੱਕੜ ਜਦੋਂ ਸੁਆਹ ਹੁੰਦੀ ਹੈ,

ਭਾਂਬੜ ਦੀ ਛਾਂ ਹੱਥ ਨਾ ਆਏ!

-----

ਆਪਣੇ ਆਪ ਤੋਂ ਖਿਝ ਮੈਂ ਆਪਣੇ,

ਅੰਦਰ ਵਲ ਜਾਂ ਹੱਥ ਵਧਾਏ;

ਮਹਾਂ-ਨ੍ਹੇਰ ਵਿਚ ਗੁੰਮ ਚੁੱਕੇ ਸਨ,

ਰੌਸ਼ਨੀਆਂ ਤੇ ਕਾਲ਼ੇ ਸਾਏ!

-----

ਅੱਖਰ ਲਿਖ ਲਿਖ ਸ਼ਬਦ ਬਣਾਏ,

ਲੀਕਾਂ ਪਾ ਪਾ ਅਰਥ ਮਿਟਾਏ!

ਸ਼ੀਸ਼ੇ ਵਿਚ ਜੋ ਵੀ ਬਿੰਬ ਉੱਭਰੇ,

ਉਹੀਓ ਮੇਰਾ ਮੁੱਖ ਝੁਠਲਾਏ!

******

ਔਖੇ ਸ਼ਬਦਾਂ ਦੇ ਅਰਥ: ਅੱਖਵਾਨੇ ਵਿਚ In the Eye-Socket, 2. ਅਹੋਂਦਾ ਬਿਨਾਂ ਹੋਂਦ ਤੋਂ 3. ਦਰਸ਼ਨ ਫ਼ਲਸਫਾ, 4. ਸੂਤਰ - ਫਾਰਮੂਲਾ

1 comment:

Amrao said...

ਮਹਾਂ-ਨ੍ਹੇਰ ਵਿਚ ਗੁੰਮ ਚੁੱਕੇ ਸਨ
ਰੌਸ਼ਨੀਆਂ ਦੇ ਕਾਲੇ ਸਾਏ
ਲਾ-ਜਵਾਬ..ਖੂਬਸੂਰਤ ਨਜ਼ਮ