ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, June 3, 2010

ਦਾਦਰ ਪੰਡੋਰਵੀ - ਗ਼ਜ਼ਲ

ਗ਼ਜ਼ਲ

ਸ਼ੂਕਦੀ ਫਿਰਦੀ ਹੈ ਭਾਵੇਂ ਸ਼ਹਿਰ ਵਿਚ ਪਾਗਲ ਹਵਾ

ਤੂੰ ਬੁਝਣ ਦੇ ਖ਼ੌਫ਼ ਤੋਂ ਨਾ ਡਰ ਤੇ ਉਠ ਦੀਵੇ ਜਗਾ।

-----

ਨਾਂ ਦੇ ਬਾਕੀ ਰਿਸ਼ਤਿਆਂ ਸੰਗ ਨਿਭ ਨਹੀਂ ਸਕਦੇ ਅਸੀਂ,

ਜਾਂ ਬਣਾ ਕੇ ਨੇੜਤਾ ਰਖ, ਜਾਂ ਵਧਾ ਲੈ ਫ਼ਾਸਲਾ।

-----

ਅੱਗ ਜੰਗਲ ਨੂੰ ਪਈ ਤਾਂ ਆਲ੍ਹਣੇ ਸਭ ਸੜਨਗੇ,

ਕੀ ਕਰਾਂਗੇ ਜੇ ਉਨ੍ਹਾਂ ਦਾ ਸੇਕ ਘਰ-ਘਰ ਆ ਗਿਆ?

-----

ਸ਼ਹਿਰ ਤੇਰੇ ਸੂਰਜਾਂ ਨੂੰ ਕੰਮ ਪੈਂਦੇ ਨੇ ਬਹੁਤ,

ਸਾਡੇ ਪਿੰਡੀਂ ਆਉਂਦੇ-ਆਉਂਦੇ ਇਹ ਦਿੰਦੇ ਨੇ ਦਿਨ ਚੜ੍ਹਾ।

-----

ਸ਼ਰਤ ਉਸਦੀ ਸੀ ਵਚਿੱਤਰ, ਮੈਂ ਵੀ ਨਾ ਕੀਤੀ ਕਬੂਲ,

ਤੀਰ-ਅੰਦਾਜ਼ੀ ਸਿਖਾ ਕੇ, ਕਹਿੰਦੈ ਅੰਗੂਠਾ ਕਟਾ।

-----

ਦਿਲਜਲੇ ਲੋਕਾਂ ਦੀਆਂ ਅੱਖਾਂ ਚ ਐਨੀ ਅੱਗ ਹੈ,

ਜਾਣਗੇ ਜਿੱਧਰ ਨੂੰ ਵੀ ਹੁਣ ਦੇਣਗੇ ਭਾਂਬੜ ਮਚਾ।

-----

ਇਕ ਨਦੀ ਤਾਂ ਬਹੁਤ ਘੱਟ ਹੈ, ਤਿਸ਼ਨਗੀ ਮੇਰੀ ਲਈ,

ਮੈਂ ਕਿਨਾਰੇ ਤੋਂ ਕਿਨਾਰੇ ਤੀਕ ਨਾਂ ਹਾਂ ਪਿਆਸ ਦਾ।

-----

ਭੰਨ ਸੁਟਦੇ ਨੇ ਚਿਰਾਗ਼ਾਂ ਨੂੰ ਇਹ ਲੋਕੀ ਦਿਨ ਚੜ੍ਹੇ,

ਵੇਖ ਕੇ ਘਿਰਦਾ ਹਨੇਰ੍ਹਾ ਸ਼ਾਮੀਂ ਪੈਂਦੇ ਤਿਲਮਿਲਾ।

-----

ਨਾ ਭੁਲਾ ਦੇਵੀਂ ਤੂੰ ਕਿਧਰੇ ਪਿੰਡ ਦੀਆਂ ਪਗਡੰਡੀਆਂ,

ਕੀ ਪਤੈ, ਜਾਵੇ ਬਦਲ ਕਦ ਸ਼ਹਿਰ ਦੀ ਆਬੋ-ਹਵਾ।

-----

ਖੌਰੇ ਕਿੰਨੀਆਂ ਕੀਮਤਾਂ ਦੇ ਰੂ-ਬ-ਰੂ ਹੋਏ ਨੇ ਉਹ,

ਮੇਲਿਆਂ ਤੋਂ ਆ ਰਹੇ ਨੇ ਲੋਕ ਹੋ ਕੇ ਗ਼ਮਜ਼ਦਾ।

2 comments:

Gurmel Sra said...

ਦਾਦਰ,ਬੱਲੇ ਬੱਲੇ!

rup said...

Dadar Sahib,Wah....Rup Daburji