ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, June 7, 2010

ਪਾਲ ਢਿੱਲੋਂ - ਗ਼ਜ਼ਲ

ਦੋਸਤੋ! ਗੂਗਲ / ਬਲੌਗਰ ਦੀ ਕੱਲ੍ਹ ਦੀ ਕੋਈ ਤਕਨੀਕੀ ਅਪਡੇਟ ਚੱਲ ਰਹੀ ਹੋਣ ਕਰਕੇ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਆਰਸੀ 'ਤੇ ਕੱਲ੍ਹ ਕੋਈ ਵੀ ਰਚਨਾ ਪੋਸਟ ਨਾ ਹੋ ਸਕੀ। ਤੁਹਾਡੀਆਂ ਬਹੁਤ ਸਾਰੀਆਂ ਈਮੇਲਜ਼ ਆਈਆਂ ਨੇ, ਮੈਂ ਤਹਿ-ਦਿਲੋਂ ਧੰਨਵਾਦੀ ਹਾਂ। ਅੱਜ ਹੁਣੇ ਹੀ ਗੂਗਲ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਬਲੌਗਰ ਵਾਲ਼ੀ ਸਮੱਸਿਆ ਹੱਲ ਕਰ ਲਈ ਗਈ ਹੈ, ਸੋ ਅੱਜ ਦੀ ਅਪਡੇਟ ਹਾਜ਼ਿਰ ਹੈ।

*****

ਪਿਛਲੇ ਦਿਨੀਂ ਵਰਨਨ, ਬੀ.ਸੀ. ਕੈਨੇਡਾ ਵਸਦੇ ਗ਼ਜ਼ਲਗੋ ਪਾਲ ਢਿੱਲੋਂ ਜੀ ਜੀ ਸਾਡੇ ਗ੍ਰਹਿ ਵਿਖੇ ਪਧਾਰੇ ਅਤੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਦਿੱਤੀਆਂ, ਜਿਨ੍ਹਾਂ ਚ ਹਾਲ ਹੀ ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਖੰਨਿਓਂ ਤਿੱਖਾ ਸਫ਼ਰ (2010 ), ਕਾਵਿ-ਸੰਗ੍ਰਹਿ ਬਰਫ਼ਾਂ ਲੱਦੇ ਰੁੱਖ ( 2004 ) ਅਤੇ ਗ਼ਜ਼ਲ-ਸੰਗ੍ਰਹਿ ਖ਼ੁਸ਼ੀ ਖ਼ੁਸ਼ਬੂ ਖ਼ੁਮਾਰੀ ( 2005 )ਸ਼ਾਮਿਲ ਹਨ। ਉਹਨਾਂ ਦਾ ਬੇਹੱਦ ਸ਼ੁਕਰੀਆ। ਅੱਜ ਉਹਨਾਂ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਖੰਨਿਓਂ ਤਿੱਖਾ ਸਫ਼ਰ ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਕੇ ਢਿੱਲੋਂ ਸਾਹਿਬ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ ਤੇ ਸਮੂਹ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ ਪੇਸ਼ ਕਰ ਰਹੀ ਹਾਂ। ਜੇਕਰ ਤੁਸੀਂ ਵੀ ਇਸ ਗ਼ਜ਼ਲ-ਸੰਗ੍ਰਹਿ ਨੂੰ ਆਪਣੀ ਦਾ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਸਬਜ਼ ਪੱਤਰ ਬਿਰਖ਼ ਦਾ ਆਖੀਰ ਨੂੰ ਸੁਕਣਾ ਜ਼ਰੂਰ।

ਰਾਖ਼ ਬਣ ਸਭ ਨੇ ਸਿਵੇ ਦੀ ਜਿਸ ਤਰ੍ਹਾਂ ਉਡਣਾ ਜ਼ਰੂਰ।

-----

ਝੱਖੜਾਂ ਅੱਗੇ ਜਿਵੇਂ ਹਰ ਬਿਰਖ਼ ਨੇ ਲਿਫ਼ਣਾ ਜ਼ਰੂਰ।

ਮੌਤ ਅੱਗੇ ਹਰ ਬਸ਼ਰ ਨੇ ਇਸ ਤਰ੍ਹਾਂ ਝੁਕਣਾ ਜ਼ਰੂਰ।

-----

ਨਾ ਮੈਂ ਅਗਨੀ ਨਾ ਮੈਂ ਚਾਨਣ ਨਾ ਹਵਾ ਤੇ ਨਾ ਹੀ ਜਲ,

ਖ਼ਤਮ ਹਾਂ ਹੁਣ ਜਾਪਦਾ ਮੈਂ ਰਾਖ਼ ਹੈ ਬਣਨਾ ਜ਼ਰੂਰ।

-----

ਤਿੜਕਿਆ ਹੋਇਆ ਘੜਾ ਹੈ ਜ਼ਿੰਦਗੀ ਆਖੀਰ ਨੂੰ,

ਅੱਜ ਭਰਿਆ ਨੀਰ ਇਸ ਵਿਚ ਕੱਲ੍ਹ ਨੂੰ ਮੁਕਣਾ ਜ਼ਰੂਰ।

-----

ਇਹ ਨਾ ਸੋਚੋ ਡਿਗ ਪਏ ਤੋਂ ਉਠ ਨਹੀਂ ਹੋਣਾ ਮਗਰ,

ਡਿਗ ਪਏ ਵਿਚ ਜੇ ਹੈ ਹਿੰਮਤ ਓਸ ਨੇ ਉਠਣਾ ਜ਼ਰੂਰ।

-----

ਚਲ ਰਿਹਾ ਜੋ ਨਾਲ਼ ਮੇਰੇ ਅੱਜ ਨਿਰੰਤਰ ਹਰ ਸਮੇਂ

ਕਾਫ਼ਲਾ ਸੋਚਾਂ ਤੇ ਸਾਹਾਂ ਦਾ ਕਦੇ ਰੁਕਣਾ ਜ਼ਰੂਰ।

-----

ਰੌਸ਼ਨੀ ਭਾਵੇਂ ਨਹੀਂ ਮੇਰੇ ਨਸੀਬੀਂ ਫੇਰ ਵੀ,

ਨਾਮ ਮੇਰਾ ਦੀਵਿਆਂ ਵਿਚ ਪਾਲ ਨੇ ਲਿਖਣਾ ਜ਼ਰੂਰ।

=====

ਗ਼ਜ਼ਲ

ਸ਼ੁਆ ਜੇਕਰ ਹਨੇਰਾ ਚੀਰਦੀ ਹੋਈ ਗੁਜ਼ਰ ਜਾਂਦੀ।

ਜ਼ਰਾ ਭਰ ਖ਼ੌਫ਼ ਦੀ ਚਾਦਰ ਦਿਲਾਂ ਉੱਤੋਂ ਉਤਰ ਜਾਂਦੀ।

-----

ਮਿਰਾ ਵੀ ਅਕਸ ਉਸ ਨੂੰ ਆਰਸੀ ਵਿੱਚੋਂ ਨਜ਼ਰ ਆਉਂਦਾ,

ਜੇ ਉਸ ਦੀ ਆਰਸੀ ਦੇ ਵਲ ਜ਼ਰਾ ਭਰਵੀਂ ਨਜ਼ਰ ਜਾਂਦੀ।

-----

ਨਾ ਕਿਧਰੇ ਖ਼ੌਫ਼ ਤਨਹਾਈ ਦਾ ਸੰਨਾਟਾ ਨਜ਼ਰ ਆਉਂਦੈ,

ਹਨੇਰੀ ਰਾਤ ਜੇ ਰੰਗਾਂ ਦੇ ਜੰਗਲ਼ ਚੋਂ ਗੁਜ਼ਰ ਜਾਂਦੀ।

-----

ਜਦੋਂ ਸੂਰਜ ਦੀ ਅੱਖ ਲਗਦੀ ਚਿਰਾਗ਼ਾਂ ਦੇ ਸਮੇਂ ਵੇਲ਼ੇ,

ਸੁਭਾਵਕ ਹੀ ਹਰਿਕ ਜੁਗਨੂੰ ਨੂੰ ਇਸ ਦੀ ਹੋ ਖ਼ਬਰ ਜਾਂਦੀ।

-----

ਜਦੋਂ ਕਿਧਰੇ ਖ਼ਿਜ਼ਾ ਅੰਦਰ ਹੈ ਕਈ ਪੁੱਲ ਖਿੜ ਜਾਂਦਾ,

ਤਾਂ ਅੰਦਰ ਤੀਕ ਹਰ ਤਿਤਲੀ ਖ਼ੁਸ਼ੀ ਦੇ ਨਾਲ਼ ਭਰ ਜਾਂਦੀ।

-----

ਨਦੀ ਗੁਜ਼ਰੀ ਪਹਾੜਾਂ, ਜੰਗਲ਼ਾਂ ਚੋਂ ਠੀਕ ਹੀ ਹੋਇਆ,

ਜੇ ਥਲ ਵਿੱਚੋਂ ਗੁਜ਼ਰਦੀ ਤਾਂ ਇਹ ਥਲ ਅੰਦਰ ਹੀ ਮਰ ਜਾਂਦੀ।


1 comment:

rup said...

Dhillon Sahib,Bahut khoob-Rup Daburji