ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, June 9, 2010

ਹਰਭਜਨ ਸਿੰਘ ਮਾਂਗਟ - ਗ਼ਜ਼ਲ

ਦੋਸਤੋ! ਕੁਝ ਮਹੀਨੇ ਪਹਿਲਾਂ ਸਰੀ, ਕੈਨੇਡਾ ਵਸਦੇ ਲੇਖਕ ਸ: ਹਰਭਜਨ ਸਿੰਘ ਮਾਂਗਟ ਜੀ ਦੀਆਂ ਦੋ ਕਿਤਾਬਾਂ ਗ਼ਜ਼ਲ-ਸੰਗ੍ਰਹਿ: ਦਸਤਕ ਗ਼ਜ਼ਲਾਂ ਦੀ ਅਤੇ ਕਾਵਿ-ਸੰਗ੍ਰਹਿ ਬਿੱਛੂ ਬੂਟੀ ਆਰਸੀ ਲਈ ਪਹੁੰਚੇ ਸਨ। ਕਾਵਿ-ਸੰਗ੍ਰਹਿ ਚੋਂ ਚੰਦ ਨਜ਼ਮਾਂ ਸ਼ਾਮਿਲ ਕਰਨ ਵਕ਼ਤ ਮੈਂ ਲਿਖਿਆ ਸੀ ਕਿ ਮਾਂਗਟ ਸਾਹਿਬ ਦੀਆਂ ਗ਼ਜ਼ਲਾਂ ਵੀ ਜਲਦੀ ਸ਼ਾਮਿਲ ਕਰਾਂਗੇ, ਪਰ ਰੁਝੇਵੇਂ ਅਜਿਹੇ ਚੱਲ ਰਹੇ ਹਨ, ਕਿ ਬਹੁਤ ਕੁਝ ਭੁੱਲ ਜਾਂਦਾ ਰਿਹਾ ਹੈ । ਅੱਜ ਉਹਨਾਂ ਦੇ ਏਸੇ ਗ਼ਜ਼ਲ-ਸੰਗ੍ਰਹਿ ਵਿੱਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਦੀ ਪੋਸਟ ਚ ਸ਼ਾਮਿਲ ਕਰ ਰਹੀ ਹਾਂ। ਕਿਤਾਬਾਂ ਲਈ ਮਾਂਗਟ ਸਾਹਿਬ ਦਾ ਇਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਗ਼ਜ਼ਲ

ਨਾ ਝੱਖੜ, ਨਾ ਬਾਰਿਸ਼ ਕਿਧਰੇ, ਪੰਛੀ ਬੇਪਰ ਹੋ ਗਏ।

ਨਾ ਜੰਗਾਂ, ਨਾ ਸੰਨ ਸੰਤਾਲ਼ੀ, ਬੰਦੇ ਬੇ-ਘਰ ਹੋ ਗਏ।

-----

ਨਾ ਪੱਤਝੜ ਨੇ ਫੇਰਾ ਪਾਇਆ, ਨਾ ਆਫ਼ਤ ਅਸਮਾਨੀਂ,

ਹਸਦੇ ਹਸਦੇ ਗੁਲਸ਼ਨ ਦੇ, ਫਿਰ ਕਿਉਂ ਪੱਥਰ ਹੋ ਗਏ।

-----

ਸਾਰੇ ਧਰਮ ਬਰਾਬਰ ਹੁੰਦੇ, ਪੁੱਤਰ ਇੱਕੋ ਰੱਬ ਦੇ,

ਫਿਰ ਕਿਉਂ ਨਫ਼ਰਤ ਦੇ ਹੀ ਏਥੇ, ਗੂਹੜੇ ਅੱਖਰ ਹੋ ਗਏ।

-----

ਪਰਜਾਤੰਤਰ ਸਿਸਟਮ ਕੈਸਾ, ਹਰ ਥਾਂ ਹੇਰਾ ਫੇਰੀ,

ਅਪਰਾਧੀ ਚੋਟੀ ਦੇ ਰਾਤੋ-ਰਾਤ ਮਨਿਸਟਰ ਹੋ ਗਏ।

-----

ਮਾਂਗਟ ਫਿਰ ਵੀ ਤੁਰਿਆ ਜਾਵੇ, ਇਕ ਦਿਨ ਮੰਜ਼ਿਲ ਪਾਉਣੀ,

ਨੇਕੀ, ਮਿਹਨਤ, ਸੱਚ ਨੇ ਭਾਵੇਂ, ਰਾਹ ਦੇ ਕੰਕਰ ਹੋ ਗਏ।

=====

ਗ਼ਜ਼ਲ

ਜ਼ਿੰਦਗੀ ਵਿਚ ਕੁਝ ਨਾ ਕੁਝ ਤਾਂ ਸੁਲ਼ਗਦਾ ਵੀ ਰੱਖ ਤੂੰ।

ਆਪਣੇ ਦਿਲ ਦਾ ਸਮੁੰਦਰ ਉਛਲ਼ਦਾ ਵੀ ਰੱਖ ਤੂੰ।

-----

ਅੱਖ ਤੇਰੀ ਵਿਚ ਸਮੋਇਆ, ਮੇਘਲ਼ਾ ਮੰਨਾਂ ਕਿਵੇਂ?

ਇਕ ਸੁਰਾਹੀ ਵਾਂਗ ਅੱਖ ਨੂੰ, ਛਲਕਦਾ ਵੀ ਰੱਖ ਤੂੰ।

-----

ਨ੍ਹੇਰਿਆਂ ਚੋਂ ਹੋਏਗਾ, ਇਕ ਦਿਨ ਪਸਾਰਾ ਨੂਰ ਦਾ,

ਆਪਣੇ ਮੱਥੇ ਦਾ ਸੂਰਜ ਡਲ੍ਹਕਦਾ ਵੀ ਰੱਖ ਤੂੰ।

-----

ਠੀਕ ਹੈ ਜੇ ਗ਼ਮਾਂ ਚ ਉਸ ਦੇ ਜ਼ਿੰਦਗੀ ਡੁੱਬੀ ਏ ਅੱਜ,

ਪਰ ਜ਼ਰਾ ਗ਼ਮ ਦਿਲ ਚ ਆਪਣੇ ਖਲਕ ਦਾ ਵੀ ਰੱਖ ਤੂੰ।

-----

ਹਾਰਦੇ ਨਾ ਹਿੰਮਤੀ ਜੋ ਜ਼ਿੰਦਗੀ ਵਿਚ ਮਾਂਗਟਾ!

ਦਿਲ ਚ ਆਪਣੇ ਲਕਸ਼ ਉੱਚਾ ਫਲਕ ਤੋਂ ਵੀ ਰੱਖ ਤੂੰ।

No comments: