ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, June 11, 2010

ਮਰਹੂਮ ਉਸਤਾਦ ਸ: ਗੁਰਦੇਵ ਸਿੰਘ ਮਾਨ - ਗੀਤ

ਸਾਹਿਤਕ ਨਾਮ: ਗੁਰਦੇਵ ਸਿੰਘ ਮਾਨ

ਜਨਮ: 4 ਦਸੰਬਰ, 1918 ( ਲਾਇਲਪੁਰ ਪਾਕਿਸਤਾਨ ) 14 ਜੂਨ, 2004 ( ਐਬਟਸਫੋਰਡ, ਬੀ.ਸੀ. ਕੈਨੇਡਾ )

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਮਹਿਫ਼ਲ ਮਿੱਤਰਾਂ ਦੀ, ਮੈਂ ਜੱਟੀ ਪੰਜਾਬ ਦੀ, ਮਾਨ ਸਰੋਵਰ, ਪੀਂਘਾਂ, ਨਵੇਂ ਗੀਤ, ਉਸਾਰੂ ਗੀਤ, ਸੂਲ਼ ਸੁਰਾਹੀ, ਬਾਲ ਸਾਹਿਤ: ਪੰਜਾਬ ਦੇ ਮੇਲੇ, ਤਿਉਹਾਰਾਂ ਦੇ ਗੀਤ, ਮਹਾਂ-ਕਾਵਿ: ਤੇਗ਼ ਬਹਾਦਰ ਬੋਲਿਆ, ਚੜ੍ਹਿਆ ਸੋਧਣ ਧਰਤ ਲੋਕਾਈ, ਹੀਰ, ਗੀਤ ਸੰਗ੍ਰਹਿ: ਮਾਣ ਜਵਾਨੀ ਦਾ, ਫੁੱਲ ਕੱਢਦਾ ਫੁਲਕਾਰੀ, ਜੱਟ ਵਰਗਾ ਯਾਰ, ਸਤਸੰਗ ਦੋ ਘੜੀਆਂ, ਮੈਂ ਅੰਗਰੇਜ਼ੀ ਬੋਤਲ, ਮਾਂ ਦੀਏ ਰਾਮ ਰੱਖੀਏ, ਵਾਰਤਕ ਸੰਗ੍ਰਹਿ: ਕੁੰਡਾ ਖੋਲ੍ਹ ਬਸੰਤਰੀਏ, ਰੇਡੀਓ ਰਗੜਸਤਾਨ, ਵਿਅੰਗ: ਹਾਸ-ਵਿਅੰਗ ਦਰਬਾਰ, ਸ਼ਬਦ-ਚਿੱਤਰ: ਚਿਹਨ ਚਿੱਤਰ, ਵਾਰਤਕ: ਦਾਤਾ ਤੇਰੇ ਰੰਗ, ਸੋ ਪ੍ਰਭ ਨੈਣੀਂ ਡਿੱਠਾ, ਨਾਵਲ: ਅਮਾਨਤ, ਨਾਟਕ: ਕੱਠ ਲੋਹੇ ਦੀ ਲੱਠ, ਰਾਹ ਤੇ ਰੋੜੇ ਪ੍ਰਕਾਸ਼ਿਤ ਹੋ ਚੁੱਕੇ ਹਨ।

-----

ਇਨਾਮ-ਸਨਮਾਨ: 300 ਸਾਲਾ ਸ਼ਤਾਬਦੀ ਦਿਵਸ ਦੌਰਾਨ ਉਰਦੂ, ਪੰਜਾਬੀ, ਪਂਜਾਬੀ, ਅੰਗਰੇਜ਼ੀ ਜ਼ੁਬਾਨ ਚੋਂ ਮਹਾਂ-ਕਾਵਿ ਤੇਜ਼ ਬਹਾਦਰ ਬੋਲਿਆ ਨੂੰ ਮੋਹਨ ਸਿੰਘ ਐਵਾਰਡ, ਕੈਲੇਫੋਰਨੀਆ, ਬਰਮਿੰਘਮ, ਟਰਾਂਟੋ, ਕੈਲਗਰੀ ਆਦਿ ਸ਼ਹਿਰਾਂ ਵਿਚ ਅਨੇਕਾਂ ਵਾਰ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ( ਵਿਦੇਸ਼ੀ) ਪੁਰਸਕਾਰ ਨਾਲ਼ ਸਾਹਿਤ ਵਿਚ ਪਾਏ ਵਿਲੱਖਣ ਯੋਗਦਾਨ ਲਈ ਮਾਨ ਸਾਹਿਬ ਨੂੰ ਸਨਮਾਨਿਆ ਗਿਆ।

-----

ਦੋਸਤੋ! ਸ਼ਰੋਮਣੀ ਸਾਹਿਤਕਾਰ ਮਰਹੂਮ ਸ: ਗੁਰਦੇਵ ਸਿੰਘ ਮਾਨ ਜੀ ਦੀ ਯਾਦ ਨੂੰ ਸਮਰਪਿਤ ਕਿਤਾਬਗੁਰਦੇਵ ਸਿੰਘ ਮਾਨ ਜੀਵਨ ਤੇ ਰਚਨਾ ( ਸੰਪਾਦਕ: ਡਾ: ਭਗਵੰਤ ਸਿੰਘ ਅਤੇ ਗਿੱਲ ਮੋਰਾਂਵਾਲ਼ੀ) ਕੇਂਦਰੀ ਪੰਜਾਬੀ ਲੇਖਕ ਸਭਾ, ਉੱਤਰੀ ਅਮਰੀਕਾ ਦੇ ਸਹਿਯੋਗ ਨਾਲ਼ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਵੱਲੋਂ ਛਾਪੀ ਗਈ ਹੈ। ਪਿਛਲੇ ਦਿਨੀਂ ਨੌਰਥ ਵੈਨਕੂਵਰ ਵਸਦੇ ਲੇਖਕ ਗਿੱਲ ਮੋਰਾਂਵਾਲ਼ੀ ਸਾਹਿਬ ਨੇ ਇਹ ਕਿਤਾਬ ਮੈਨੂੰ ਆਰਸੀ ਦੀ ਲਾਇਬ੍ਰੇਰੀ ਲਈ ਦਿੱਤੀ ਸੀ, ਮੈਂ ਉਹਨਾਂ ਦੀ ਅਤੇ ਪੰਜਾਬੀ ਲੇਖਕ ਸਭਾ, ਉੱਤਰੀ ਅਮਰੀਕਾ ਦੀ ਸ਼ੁਕਰਗੁਜ਼ਾਰ ਹਾਂ। ਇਹ ਕਿਤਾਬ ਕੱਲ੍ਹ 12 ਜੂਨ, 2010 ਨੂੰ ਬਾਅਦ ਦੁਪਹਿਰ 12:30 ਵਜੇ ਤੋਂ ਸ਼ਾਮ 4:00 ਵਜੇ ਤੱਕ ਉਲੀਕੇ ਸਮਾਗਮ ਵਿਚ ਸਰੀ ਦੇ ਪ੍ਰੋਗਰੈਸਿਵ ਕਲਚਰ ਸੈਂਟਰ ਵਿਖੇ ਰਿਲੀਜ਼ ਕੀਤੀ ਜਾਵੇਗੀ। ਇਸ ਮੌਕੇ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਕਿਤਾਬ ਰਿਲੀਜ਼ ਸਮਾਗਮ ਉਪਰੰਤ ਚਾਹ-ਪਾਣੀ ਦਾ ਪ੍ਰਬੰਧ ਹੋਵੇਗਾ।

-----

ਸ਼ਾਇਦ ਕੋਈ ਹੀ ਪੰਜਾਬੀ ਹੋਵੇਗਾ ਜਿਸਨੇ ਮਾਨ ਸਾਹਿਬ ਦੇ ਲਿਖੇ ਇਹ ਗੀਤ.. ਕੋਠੇ ਉੱਪਰ ਕੋਠੜਾ ਹੇਠ ਵਗੇ ਦਰਿਆ, ਮੈਂ ਮਛਲੀ ਦਰਿਆ ਦੀ ਤੂੰ ਬਗਲਾ ਬਣਕੇ ਆ, ਘੜੀ ਹੱਸ ਨਾ ਗਿਓਂ, ਗੱਲਾਂ ਦੱਸ ਨਾ ਗਿਓਂ, ਚੱਕ ਲਿਆ ਮੋਰ ਬਣਕੇ, ਮੇਰੀ ਡਿੱਗ ਪਈ ਚਰ੍ਹੀ ਵਿਚ ਗਾਨੀ, ਮੋਟਰ ਮਿੱਤਰਾਂ ਦੀ, ਚੱਲ ਬਰਨਾਲ਼ੇ ਚੱਲੀਏ', 'ਦੋਸ਼ਾਲਾ ਮੇਰਾ ਰੇਸ਼ਮੀ, ਮੈਂ ਕਿਹੜੀ ਕਿੱਲੀ ਟੰਗਾਂ, ਦਿਸਦਾ ਰਹਿ ਮਿੱਤਰਾ, ਰੱਬ ਵਰਗਾ ਆਸਰਾ ਤੇਰਾ, ਆਦਿ ਗੀਤ ਨਾ ਸੁਣੇ ਹੋਣ। ਅੱਜ ਏਸੇ ਕਿਤਾਬ ਵਿਚੋਂ ਸ: ਗੁਰਦੇਵ ਸਿੰਘ ਮਾਨ ਜੀ ਦੀ ਕਲਮ ਨੂੰ ਸਲਾਮ ਕਰਦਿਆਂ, ਉਹਨਾਂ ਦੇ ਲਿਖੇ ਦੋ ਬੇਹੱਦ ਖ਼ੂਬਸੂਰਤ ਅਤੇ ਅਤਿ ਮਕਬੂਲ ਗੀਤਾਂ ਨੂੰ ਆਰਸੀ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਮਾਨ ਸਾਹਿਬ ਵਰਗੇ ਉਸਤਾਦ ਲੇਖਕਾਂ ਦੀ ਹਾਜ਼ਰੀ ਆਰਸੀ ਲਈ ਬਹੁਤ ਵੱਡੇ ਮਾਣ ਵਾਲ਼ੀ ਗੱਲ ਹੈ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਗੀਤ

ਗੋਰੀ:- ਬਹੁਤੀਆਂ ਜ਼ਮੀਨਾਂ ਵਾਲ਼ਿਆ,

ਵੇ ਮੇਰਾ ਆਰਸੀ ਬਿਨਾ ਹੱਥ ਖ਼ਾਲੀ।

-----

ਗੱਭਰੂ:- ਬਹੁਤਿਆਂ ਭਰਾਵਾਂ ਵਾਲ਼ੀਏ,

ਗੱਡਾ ਆਇਆ ਸੀ ਸੰਦੂਕੋਂ ਖ਼ਾਲੀ।

----

ਗੋਰੀ:- ਨਿੰਦ ਕੇ ਸੰਦੂਕ ਤੇਰੇ ਬਾਪੂ ਨੇ ਲੁਹਾਇਆ ਸੀ,

ਤਿੰਨ ਸੌ ਰੁਪਈਆ ਉਹਦੀ ਥਾਂ ਗਿਣਵਾਇਆ ਸੀ।

ਬੋਬੇ ਵਿਚ ਪਾ ਲਿਆ ਰੁਪਈਆ ਤੇਰੀ ਅੰਬੜੀ ਨੇ,

ਜੁੜੀ ਸਾਡੇ ਨਾ ਕੰਨਾਂ ਨੂੰ ਵਾਲ਼ੀ...

ਬਹੁਤੀਆਂ ਜ਼ਮੀਨਾਂ ਵਾਲ਼ਿਆ,

ਵੇ ਮੇਰਾ ਆਰਸੀ ਬਿਨਾ....।

-----

ਗੱਭਰੂ:- ਦਾਤ ਦਾ ਰੁਪਈਆ ਤੂੰ ਬਣਾਇਆ ਸੰਦੂਕ ਦਾ,

ਮਾਰਦੀ ਏਂ ਮਿਹਣੇ ਮੈਂ ਨਹੀਂ ਤਿੰਨ ਸੌ ਨੂੰ ਫ਼ੂਕਦਾ।

ਆਹ ਚੱਕ ਪੈਸੇ ਮੱਥੇ ਮਾਰ ਬਾਪੂ ਆਪਣੇ ਦੇ,

ਨਹੀਓਂ ਕੋਲ਼ਿਆਂ ਦੀ ਕਰਨੀ ਦਲਾਲੀ...

ਬਹੁਤਿਆਂ ਭਰਾਵਾਂ ਵਾਲ਼ੀਏ,

ਗੱਡਾ ਆਇਆ ਸੀ...।

-----

ਗੋਰੀ:- ਪੈਸੇ ਕਾਹਨੂੰ ਮੋੜਦੈਂ ਤੂੰ ਆਰਸੀ ਘੜਾ ਦੇ ਖਾਂ,

ਟੋਭੇ ਵਾਲ਼ੀ ਟਾਹਲੀ ਦਾ ਸੰਦੂਕ ਬਣਵਾ ਦੇ ਖਾਂ।

ਕਾਸ ਤੋਂ ਪੁਆੜੇ ਪਾਉਨੈ ਸਹੁਰਿਆਂ ਤੇ ਪੇਕਿਆਂ

ਪਿੱਛੋਂ ਗੱਲ ਨਹੀਂ ਜਾਣੀ ਵੇ ਸੰਭਾਲ਼ੀ....

ਬਹੁਤੀਆਂ ਜ਼ਮੀਨਾਂ ਵਾਲ਼ਿਆ,

ਵੇ ਮੇਰਾ ਆਰਸੀ ਬਿਨਾ....।

-----

ਗੱਭਰੂ:- ਸਿੱਧੀ ਹੋ ਕੇ ਗੱਲ ਕਰੇਂ, ਡੰਝਾਂ ਮੈਂ ਲੁਹਾ ਦਿਆਂ,

ਆਰਸੀ ਕੀ ਸੋਨੇ ਵਿਚ ਸਾਰੀ ਨੂੰ ਮੜ੍ਹਾ ਦਿਆਂ।

ਅਸਲੀ ਤਾਂ ਮਾਲਿਕ ਮੁਰੱਬਿਆਂ ਦੀ ਤੂੰ ਹੀ ਏਂ ਨੀ,

ਮਾਨ ਤੇ ਵਿਚਾਰਾ ਤੇਰੈ ਹਾਲ਼ੀ...

ਬਹੁਤਿਆਂ ਭਰਾਵਾਂ ਵਾਲ਼ੀਏ,

ਗੱਡਾ ਆਇਆ ਸੀ...।

=====

ਗੀਤ

ਕਰੀਰ ਦਾ ਵੇਲਣਾ, ਮੈਂ ਵੇਲ ਵੇਲ ਥੱਕੀ।

ਸੂਹੇ ਚੀਰੇ ਵਾਲ਼ਿਆ, ਲਹੂ ਰਿਹਾ ਨਾ ਰੱਤੀ।

-----

ਸੱਸ ਮੇਰੀ ਨੇ ਪਾ ਕੇ ਨੱਥਾਂ, ਟੱਬਰੀ ਕਿੱਲੇ ਬੱਧੀ।

ਆਪ ਤਾਂ ਝੁਲ਼ਸੇ ਛੇ ਛੇ ਮੰਨੀਆਂ, ਮੈਨੂੰ ਟਿੱਕੀ ਅੱਧੀ।

ਟੱਬਰ ਖਾਂਦਾ ਕਣਕ ਫਾਰਮੀ, ਮੈਨੂੰ ਚਿੱਟੀ ਮੱਕੀ....

ਕਰੀਰ ਦਾ ਵੇਲਣਾ, ਮੈਂ ਵੇਲ ਵੇਲ....

-----

ਜੇ ਮੈਂ ਥੱਕ ਕੇ ਡੁਸਕਣ ਲੱਗਾਂ, ਬੋਲੇ ਮਕਰਾਂ ਪਿੱਟੀ।

ਸਦਕੇ ਜਾਵਾਂ ਤੂੰ ਕਿਉਂ ਹੋ ਗਈ, ਪੂਣੀ ਵਰਗੀ ਚਿੱਟੀ।

ਛੱਡ ਵੇਲਣਾ ਝੋਨਾ ਛੜ ਲੈ, ਮੈਨੂੰ ਲੱਗਦੀ ਏਂ ਥੱਕੀ....

ਕਰੀਰ ਦਾ ਵੇਲਣਾ, ਮੈਂ ਵੇਲ ਵੇਲ....

-----

ਨਰਮਾਂ ਦੇਸੀ ਵੇਲ ਮੁਕਾਏ, ਛੜਿਆ ਝੋਨਾ ਸਾਰਾ।

ਸੱਸ ਕਹੇ ਤੇਰੇ ਸੁਹਰੇ ਤਾਈਂ, ਹੋਇਆਂ ਫਿਰੇ ਅਫਾਰਾ।

ਨੂੰਹੇਂ ਪੀਰ ਦਾ ਮੰਨ ਪਕਾਉਣੈ, ਛੋਹ ਰਤਾ ਕੁ ਚੱਕੀ...

ਕਰੀਰ ਦਾ ਵੇਲਣਾ, ਮੈਂ ਵੇਲ ਵੇਲ....

-----

ਘਰ ਆਵੇ ਪਰਦੇਸੀ ਢੋਲਾ, ਰੋ ਰੋ ਹਾਲ ਸੁਣਾਵਾਂ।

ਸੁਟ ਸੁਟਕੇ ਮਣ ਮਣ ਦੇ ਹੰਝੂ, ਰੱਜ ਰੱਜ ਗਲ਼ ਲੱਗ ਜਾਵਾਂ।

ਮਾਨ ਅਸਾਨੂੰ ਵਸਣ ਨਾ ਦੇਂਦੀ, ਨਣਦ ਅਸਾਡੀ ਸੱਕੀ....

ਕਰੀਰ ਦਾ ਵੇਲਣਾ, ਮੈਂ ਵੇਲ ਵੇਲ....


1 comment:

Unknown said...

Mann Sahib ji de geet parh ke sachin ruh sarsar ho gi.Tamanna ji is taran dian wadmulian rachnawan pathakan de sanmuk karn li main dili dhanwai han-Rup Daburji