ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, June 18, 2010

ਹਰਜੀਤ ਦੌਧਰੀਆ - ਨਜ਼ਮ

ਦੋਸਤੋ! ! ਸਰੀ ਕੈਨੇਡਾ ਵਸਦੇ ਲੇਖਕ ਹਰਜੀਤ ਦੌਧਰੀਆ ਜੀ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ਤੁੰਮਿਆਂ ਵਾਲ਼ੀ ਜਮੈਣ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਪਿਛਲੇ ਐਤਵਾਰ ਸਰੀ ਚ ਹੋਏ ਸਾਹਿਤਕ ਸਮਾਗਮ ਦੌਰਾਨ ਦਿੱਤਾ ਸੀ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਸੰਪਰਕ ਪੈਦਾ ਕਰ ਸਕਦੇ ਹੋ।

-----

ਦੌਧਰੀਆ ਸਾਹਿਬ ਨੂੰ ਇਸ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਤੇ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ ਪੇਸ਼ ਕਰਦੀ ਹੋਈ, ਅੱਜ ਏਸੇ ਕਿਤਾਬ ਵਿਚੋਂ ਕੁਝ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਚ ਸ਼ਾਮਿਲ ਕਰ ਰਹੀ ਹਾਂ। ਬਾਕੀ ਰਚਨਾਵਾਂ ਆਉਣ ਵਾਲ਼ੇ ਦਿਨਾਂ ਚ ਸਾਂਝੀਆਂ ਕਰਦੇ ਰਹਾਂਗੇ। ਦੌਧਰੀਆ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਪਹਿਲਾਂ

ਨਜ਼ਮ

ਪਹਿਲਾਂ

ਮੇਰੇ ਨਹੁੰਆਂ

ਜੰਮਣ ਭੋਂ ਦੀ ਮਿੱਟੀ ਪਈ

ਮੈਂ...

ਨਹੁੰ ਕੁਤਰ ਲਏ

ਫੇਰ ਪ੍ਰਵਾਸ ਦੀ ਮਿੱਟੀ ਰਲ਼ੀ

ਮੈਂ....

ਨਹੁੰ ਕਟਵਾਏ

............

ਹੁਣ

ਮੇਰੇ ਨਹੁੰਆਂ

ਪ੍ਰਵਾਸ-ਆਵਾਸ ਦੀ ਮਿੱਟੀ ਜੰਮੀ ਹੋਈ ਹੈ

ਮੈਂ....

ਨਹੁੰ ਟੁੱਕਦਾ ਹਾਂ

ਅਕਸਰ ਮਿੱਟੀ ਫ਼ਰੋਲ਼ਦਾ ਹਾਂ

ਤੇ ਮਿੱਟੀ ਰੋਲ਼ਦਾ ਹਾਂ

ਮਿੱਟੀ ਦੀਆਂ ਭਰ ਭਰ ਮੁੱਠੀਆਂ

ਭਰ ਭਰ ਕੇ ਬੁੱਕ

ਕੇਰਦਾ ਹਾਂ

ਖਲੇਰਦਾ ਹਾਂ

ਹਵਾਵਾਂ ਦਾ ਰੁਖ਼ ਵੇਖਦਾ ਹਾਂ

ਤੇ ਫ਼ਾਸਲੇ ਮੇਚਦਾ ਹਾਂ....

=====

ਚੁਕੰਨੇ ਰਹਿਓ

ਨਜ਼ਮ

ਮੁੱਦਤਾਂ ਦਾ ਝਗੜਾ ਅਜੇ ਜਾਰੀ ਏ

ਬਹੁਤੇ ਸਵਾਲਾਂ ਦਾ ਜਵਾਬ

ਅਜੇ ਨਾਂਹ ਚ ਈ ਏ

ਰੁੱਤਾਂ ਭਾਵੇਂ ਫਿਰ ਗਈਆਂ ਨੇ

ਪਰਛਾਵੇਂ ਵੀ ਢਲ਼ ਚੁੱਕੇ ਨੇ

ਪਰ ਰਾਤ ਅਜੇ ਬਾਕੀ ਏ

............

ਆਉਂਦੀ ਮੱਸਿਆ ਨੂੰ ਭਰੀ ਕਚਹਿਰੀ ਵਿਚ

ਰੁੱਖਾਂ ਨੇ ਵੀ ਗਵਾਹੀਆਂ ਦੇਣੀਆਂ ਨੇ

ਤੇ ਚੁੱਪ ਟੁੱਟ ਜਾਣੀ ਏ

............

ਉਹ ਵਕਤੀ ਤੌਰ ਤੇ

ਕਬਜ਼ੇ ਛੱਡਣ ਦੇ ਬਿਆਨ ਦੇਣਗੇ

ਰਾਜ਼ੀ ਬੰਦਿਆਂ ਦਾ ਜਤਨ ਕਰਨਗੇ

ਹੱਥ ਮਿਲਾਉਣ ਮਗਰੋਂ ਉਂਗਲ਼ਾਂ ਗਿਣ ਲੈਣਾ

ਮੁੱਠ ਖਿੱਲਾਂ ਦੀ ਵੇਖ

ਖਿੜ-ਖਿੜਾਅ ਕੇ ਨਾ ਹੱਸਣਾ

..............

ਉਹ ਸਲਾਹ-ਸਲਾਹੁਤਾਂ ਦੇ

ਕੁਝ ਨਵੇਂ ਸ਼ਬਦ ਵਰਤਣਗੇ

ਜਿਨ੍ਹਾਂ ਚੋਂ

ਵੀਹ ਤਰ੍ਹਾਂ ਦੇ ਮਤਲਬ ਨਿਕਲ਼ਣਗੇ

ਉਹਨਾਂ ਦੀਆ ਖਾਧੀਆਂ ਕਸਮਾਂ ਤੇ

ਯਕੀਨ ਨਾ ਕਰਿਓ

ਠੰਢੀ ਕਸ਼ਮਕਸ਼ ਅਜੇ ਵੀ ਜਾਰੀ ਏ

ਸ਼ਾਇਦ ਭਖ ਵੀ ਪਵੇ

............

ਮਗਰੋਂ ਉਦਾਸੀ ਨਾ ਫੜ ਲੈਣਾ

ਤੇ ਵੈਰਾਗੀ ਨਾ ਬਣ ਜਾਣਾ

ਮਿੱਤਰਾਂ ਵਿਰੁੱਧ,

ਵੈਰੀਆਂ ਪਿੱਛੇ ਨਾ ਤੁਰ ਪੈਣਾ

ਚੇਤੇ ਰੱਖਿਓ!

ਕਿਸੇ ਨਾ ਕਿਸੇ ਸੂਕਟਰ ਵਿਚ

ਜੰਗ ਸਦਾ ਜਾਰੀ ਰਹਿੰਦੀ ਏ

ਅਵੇਸਲੇ ਨਾ ਹੋਇਓ

ਬਿੜਕ ਰੱਖਿਓ,

ਚੁਕੰਨੇ ਰਹਿਓ....

======

ਹੱਡ ਬੀਤੀ ਜੱਗ ਬੀਤੀ

ਨਜ਼ਮ

ਉਹ ਜਦੋਂ ਮੀਟਿੰਗ ਵਿਚ ਆਈ

ਤਾਂ ਕਾਰਲ ਮਾਰਕਸ ਤੇ

ਵਿਚਾਰ ਹੋ ਰਹੀ ਸੀ

....ਤੇ ਜਦੋਂ ਗੱਲ

ਵਿਚਾਰਾਂ ਦੀ ਗ਼ੁਰਬਤ ਤੇ ਪਹੁੰਚੀ

ਤਾਂ ਉਹਨੇ ਧੁੜਧੁੜੀ ਲਈ

.... ਅਤੇ ਹੌਲ਼ੀ ਜਿਹੀ

ਬਾਹਰ ਨਿਕਲ਼ ਗਈ

No comments: