
ਮਹਿਫ਼ਲਾਂ ਫਿਰ ਸਜਣੀਆਂ ਤੂੰ ਝਾਂਜਰਾਂ ਨੂੰ ਸਾਂਭ ਲੈ।
ਵਾਦਕਾਂ ਨੇ ਪਰਤ ਆਉਣਾ, ਸਰਗਮਾਂ ਨੂੰ ਸਾਂਭ ਲੈ।
-----
ਸਾੜ ਦਿੱਤੇ ਮੌਸਮਾਂ ਨੇ ਵੇਲ-ਬੂਟੇ ਜੇ ਕਿਤੇ,
ਬੀਜ ਲਾਂਗੇ ਵਿਹੜਿਆਂ ਵਿਚ, ਗਮਲਿਆਂ ਨੂੰ ਸਾਂਭ ਲੈ।
-----
ਜਦ ਖਿੜੂ ਗੁਲਜ਼ਾਰ ਆਪਾਂ ਫਿਰ ਉੜਾਵਾਂਗੇ ਕਦੀ,
ਪੋਟਿਆਂ ‘ਤੇ ਉਸ ਸਮੇਂ ਤੱਕ ਤਿਤਲੀਆਂ ਨੂੰ ਸਾਂਭ ਲੈ।
-----
ਹੈ ਨਜ਼ਰ ਜੇ ਅਰਸ਼ ਵੱਲ, ਉੜ ਜਾ ਪਰਿੰਦੇ ਵਾਂਗਰਾਂ,
ਛੱਡ ਖਹਿੜਾ ਧਰਤ ਦਾ, ਜਾ ਕਹਿਕਸ਼ਾਂ ਨੂੰ ਸਾਂਭ ਲੈ।
-----
ਸੁਪਨਿਆਂ ਦੇ ਅੰਬਰੀਂ ਦਿਨ ਚੜ੍ਹਨ ਤੋਂ ਜੇ ਮੁੱਕਰਿਆ,
ਰਾਤ ਦੇ ਵਿਚ ਜੜਨ ਲਈ ਕੁੱਝ ਤਾਰਿਆਂ ਨੂੰ ਸਾਂਭ ਲੈ।
No comments:
Post a Comment