
ਪ੍ਰਕਾਸ਼ਿਤ ਕਿਤਾਬਾਂ - ਆਪਣੇ ਆਪਣੇ ਸੱਚ (ਕਾਵਿ-ਸੰਗ੍ਰਹਿ-2010)
ਅਜੋਕਾ ਨਿਵਾਸ: ਯੂ.ਐੱਸ.ਏ. ਪਿਛੋਕੜ-ਕਪੂਰਥਲਾ
ਤਰਲੋਕਬੀਰ ਜੀ ਪੰਜਾਬ ਸਿੰਧ ਬੈਂਕ ਦੀ ਨੌਕਰੀ ਦੌਰਾਨ ਜਲੰਧਰ, ਕਪੂਰਥਲਾ, ਦਿੱਲੀ ਵਿਚ ਰਹੇ। ਦਿੱਲੀ ਦੇ ਸਾਹਿਤਕ ਮਾਹੌਲ ਨੇ ਉਹਨਾਂ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਨੂੰ ਘੜਿਆ। ਉਹਨਾਂ ਦੀ ਸ਼ਾਇਰੀ ਬਾਰੇ ਸਤਿੰਦਰ ਸਿੰਘ ਨੂਰ ਦਾ ਕਹਿਣਾ ਹੈ-‘ਤਰਲੋਕ ਬੀਰ ਨੇ ਆਪਣੀ ਕਵਿਤਾ ਵਿਚ ਜੀਵਨ ਦੇ ਸੱਚ ਨੂੰ ਪਰਿਭਾਸ਼ਿਤ ਕਰਨ ਦੇ ਨਾਲ ਨਾਲ ਕਈ ਥਾਂ ’ਤੇ ਕਵਿਤਾ ਨੂੰ ਵੀ ਪਰਿਭਾਸ਼ਿਤ ਕੀਤਾ ਹੈ। ਅਜਿਹੀਆਂ ਕਵਿਤਾਵਾਂ ਵਿਚ ਉਸਨੇ ਆਪਣੀ ਕਵਿਤਾ ਦੀ ਪਰਿਭਾਸ਼ਾ ਅਤੇ ਕਾਵਿ-ਸ਼ਬਦਾਂ ਦੀ ਵਿਸਥਾਰ ਨਾਲ ਗੱਲ ਕੀਤੀ ਹੈ।’
-----
ਦੋਸਤੋ! ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਜੀ ਨੇ ਨਿਊਯਾਰਕ ਵਸਦੇ ਇੱਕ ਹੋਰ ਸ਼ਾਇਰ ਤਰਲੋਕਬੀਰ ਜੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਭੇਜ ਕੇ ‘ਆਰਸੀ’ ਦੇ ਪਾਠਕਾਂ /ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। । ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਤਰਲੋਕਬੀਰ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਜੀਅ ਆਇਆਂ ਆਖਦਿਆਂ ਨਜ਼ਮ ਨੂੰ ਅੱਜ ਦੀ ਪੋਸਟ 'ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਸੋਹਲ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਬਰਾਬਰੀ ਦਾ ਆਧਾਰ
ਨਜ਼ਮ
ਲਹੂ ਦੀ ਲਾਲੀ
ਜੇ ਬਰਾਬਰੀ ਦਾ ਆਧਾਰ ਹੁੰਦੀ
ਤਾਂ ਮੈਂ ਵੀ ਉਹਨਾਂ ਵਰਗਾ ਈ ਸਾਂ
ਉਹ ਮੇਰੇ ਘੜੇ ਤਖ਼ਤ ’ਤੇ ਬੈਠ ਕੇ
ਹਾਕਮ ਬਣ ਗਏ
ਤੇ ਮੈਂ ਸਾਹਮਣੇ ਖੜ੍ਹਾ ਮੁਜਰਮ
ਮੇਰੇ ਮੋਢਿਆਂ ’ਤੇ ਆਪਣਾ ਸਿਰ ਸੀ
ਤੇ ਉਹਨਾਂ ਦੇ ਹੱਥ 'ਚ ਰੱਸੀ
ਭਲਾ ਕਿਹੜੇ ਹਾਕਮ ਨੂੰ
ਬੰਦੇ ਦੇ ਮੋਢਿਆਂ ’ਤੇ
ਆਪਣਾ ਸਿਰ ਚੰਗਾ ਲਗਦੈ
ਰੱਸੀ ਮੇਰੇ ਗਲ਼ ਦੇ ਮੇਚ ਦੀ ਕੀਤੀ ਗਈ
ਜਿਸ ਵਿਚ ਸਾਡੀ ਬੇਵਕੂਫ਼ੀ
ਅੱਜ ਤੱਕ ਝੂਲਦੀ ਹੈ
ਅੱਜ ਸਮਝ ਆਇਆ
ਲਹੂ ਆਪਣਾ ਰੰਗ ਵਿਖਾਵੇ
ਤਾਂ ਲਹੂ ਹੁੰਦੈ
ਵਰਨਾ ਲਹੂ ਦੀ ਨਿਰੀ ਲਾਲੀ
ਬਰਾਬਰੀ ਦਾ ਆਧਾਰ ਨਹੀਂ ਹੁੰਦੀ...।
1 comment:
bahut khoob
Post a Comment