
ਚੁੱਪ ਚੁਪੀਤਾ ਬੱਦਲ਼ ਵਾਦੀ ਉਤੋਂ ਗੁਜ਼ਰ ਗਿਆ।
ਲੰਘਦੇ ਹੀ ਪਰ ਹੰਝੂ ਹੰਝੂ ਹੋ ਕੇ ਬਰਸ ਪਿਆ।
-----
ਉਸ ਰੁੱਖ ਕੋਲ਼ੇ ਪੰਛੀ ਦੱਸੀ ਦੁੱਖਾਂ ਦੀ ਵਿਥਿਆ,
ਜਿਸਦਾ ਆਪਣਾ ਝੱਖੜ ਦੇ ਵਿਚ ਪੱਤਾ ਨਾ ਬਚਿਆ।
-----
ਇਕ ਮਿਤਰ ਦੀਆਂ ਗੱਲਾਂ ਸਾਨੂੰ ਛਮਕਾਂ ਵਾਂਗੂੰ ਲੱਗੀਆਂ,
ਕਦੇ ਨਾ ਏਨਾ ਤਨ ਲੁੱਛਿਆ ਸੀ ਮਨ ਨਾ ਸੀ ਭਰਿਆ।
-----
ਤੂਫ਼ਾਨਾਂ ਨਾਲ਼ ਘੁਲ਼ ਰਾਤੀਂ ਉਹ ਬੇਫ਼ਿਕਰਾ ਹੋ ਸੁੱਤਾ,
ਲਹਿਰਾਂ ਆਖਣ ਧੰਨ ਨੀ ਅੜੀਓ ਬਾਬਲ ਦਾ ਜਿਗਰਾ।
-----
ਡੁੱਬਣ ਪਿਛੋਂ ਲਾਸ਼ ਤਾਂ ਲੋਕਾਂ ਦੇ ਹੱਥ ਆ ਗਈ ਯਾਰੋ,
ਉਸ ਦੀਆਂ ਅੱਖਾਂ ਵਿਚ ਡੁੱਬਾ ਪਰ ਸ਼ਾਇਰ ਨਾ ਮਿਲ਼ਿਆ।
-----
ਚੰਨ ਸਿਤਾਰੇ ਰੌਸ਼ਨੀਆਂ ਮੈਂ ਸਭ ਝੋਲ਼ੀ ਵਿਚ ਪਾਏ,
ਮਨ ਬਸ ਸਾਡਾ ਜ਼ਿਦੀਆ ਬੱਚਾ ਕਿਥੇ ਇਹ ਵਿਰਿਆ।
-----
ਬਾਣੀ ਵਰਗੇ ਸੁੱਚੇ ਸਾਨੂੰ ਮਿੱਤਰਾਂ ਦੇ ਸਿਰਨਾਵੇਂ,
ਵੱਖਰੀ ਗੱਲ ਹੈ ਕਦੇ ਕਿਸੇ ਨੂੰ ਖ਼ਤ ਨਾ ਹੁਣ ਲਿਖਿਆ।
No comments:
Post a Comment