
ਅਦਬ ਸਹਿਤ
ਤਨਦੀਪ ਤਮੰਨਾ
*******
ਬੁੱਢਾ ਮਾਹੀਗੀਰ
ਨਜ਼ਮ
1.ਬੁੱਢਾ ਮਾਹੀਗੀਰ,
ਕੂਲ਼ੀਆਂ ਕੂਲ਼ੀਆਂ ਮੱਛੀਆਂ ਪਲ਼ੋਸਦਾ,
ਉਨ੍ਹਾਂ ਦੀਆਂ ਅੱਖੀਆਂ ‘ਚ ਝਾਕਦਾ,
ਸਮੁੰਦਰਾਂ ਦੀ ਥਾਹ ਪਾ ਰਿਹਾ!
ਆਕਾਸ਼ ਤੋਂ ਪਾਤਾਲ ਤਕ,
ਜ਼ਿੰਦਗੀ ਦਾ ਗੀਤ ਗਾ ਰਿਹਾ!
=====
2.ਨਵੇਂ ਤੇ ਜਵਾਨ ਮਛੇਰੇ,
ਬਾਰ ਬਾਰ ਦੱਸਦੇ ਹਨ:
ਇਹ ਬੁੱਢਾ ਮਾਹੀਗੀਰ,
ਜਾਲ ਤੇ ਜਹਾਜ਼ –
ਮੁੱਢ ਕਦੀਮ ਤੋਂ ਹੀ ਏਥੇ ਹਨ!
ਨਾ ਮੱਛੀਆਂ ਮੁੱਕੀਆਂ,
ਨਾ ਪਕੜ!
ਬੁੱਢਾ ਮਾਹੀਗੀਰ,
ਜਵਾਨੀਆਂ ਨੂੰ ਜ਼ਿੰਦਗੀ ਦੀ ਜਾਗ ਲਾ ਰਿਹਾ!
=====
3.ਬੁੱਢਾ ਮਾਹੀਗੀਰ,
ਸਮੁੰਦਰ ‘ਚ ਵੇਖਦਾ –
ਤਾਰੇ ਗਿਣਦਾ,
ਗਿਣਦਾ ਰਿਹਾ ਹੈ!
ਸੂਰਜ ਵਿਖਾਵੇ,
ਕਦੇ ਚੰਦ ਨੂੰ ਛੁਪਾਵੇ!
ਕਦੇ ਆਪ ਭੁੱਲ ਜਾਵੇ,
ਕਦੇ ਸਭ ਨੂੰ ਭੁਲਾਵੇ!
ਬੁੱਢਾ ਮਾਹੀਗੀਰ,
ਲਹਿਰਾਂ ਨੂੰ ਉਛਾਲਦਾ,
ਨਿਖੇੜਦਾ ਤੇ ਜੋੜਦਾ,
ਖੜ੍ਹਨੇ ਤੋਂ ਹੋੜਦਾ –
ਆਪੋਂ ਪਰ੍ਹੇ, ਆਪ ਤਕ,
ਸਫ਼ਰਾਂ ਦੇ ਰਾਹ ਪਾ ਰਿਹਾ!
ਬੁੱਢਾ ਮਾਹੀਗੀਰ,
ਜ਼ਿੰਦਗੀ ਦਾ ਗੀਤ ਗਾ ਰਿਹਾ!
=====
ਝੀਲ ਤੇ ਦਰਿਆ
ਨਜ਼ਮ
ਝੀਲ ਦੇ ਪਾਣੀ ‘ਚ,
ਦਰਿਆ ਵਹਿ ਰਿਹਾ ਹੈ!
.............
ਪਰਬਤ ਆਪਣੀ ਚੁੱਪ ਦਾ ਭੇਦ,
ਵਣ ‘ਚੋਂ ਤੇਜ਼ ਗਤੀ ‘ਤੇ ਲੰਘਦੀ,
ਪਵਨ ਨੂੰ ਕਹਿ ਰਿਹਾ ਹੈ!
.............
ਬਰਫ਼ ਦੇ ਘਰਾਂ ‘ਚ ਨਿੱਘ ਜਾਗਦਾ ਹੈ,
ਅਸਕੀਮੋਆਂ 1 ਦਾ ਜਗਰਾਤਾ ਚੁਗਣ ਲਈ!
............
ਇਹ ਹੀ ਬਰਫ਼,
ਬਾਹਰ,
ਬਰਫ਼ ਦੇ ਘਰਾਂ ਤੋਂ ਬਾਹਰ,
ਧਰਤ ਜਮਾ ਦਿੰਦੀ ਹੈ;
ਅਣ-ਸੁਰੱਖਿਅਤ ਅੰਗਾਂ ਨੂੰ,
ਸੁੱਕੇ ਪੱਤਰਾਂ ਵਾਂਗ ਝੜਨ ਦਾ,
ਰੋਗ ਲਗਾ ਦਿੰਦੀ ਹੈ!
...............
ਉੱਤਰੀ ਤੇ ਦੱਖਣੀ ਧਰੁੱਵ ਦੇ
ਮੁੰਜਮਿਦ 2 ਸਾਗਰ ਹੀ –
ਹਿੰਦ, ਸ਼ਾਂਤ ਤੇ ਅੰਧ ਮਹਾਂ ਸਾਗਰ ਦਾ ਵਿਸਥਾਰ ਹਨ!
.............
ਪਾਣੀ: ਭਾਫ਼ ਹੈ, ਬੱਦਲ, ਬਰਖਾ ਤੇ ਬਰਫ਼!
ਇਨਸਾਨ: ਗ਼ੁੱਸਾ ਹੈ, ਹਿੰਸਾ ਹੈ, ਅੱਥਰੂ ਤੇ ਮੌਨ!
.............
ਹਰ ਦਰਿਆ ਵਿਚ ਇਕ ਸ਼ਾਂਤ ਝੀਲ ਹੁੰਦੀ ਹੈ,
ਸਮਾਧੀ ਵਾਂਗ
ਖ
ੜੋ
ਤੀ!
ਸੁਰਤੀ,
ਇਕ ਨੁਕਤੇ ਨੂੰ,
ਕਈ ਕੋਨਾਂ ਤੋਂ ਵੇਖਦੀ ਹੈ!
.................
ਝੀਲ ਦੇ ਪਾਣੀ ‘ਚ
ਦਰਿਆ ਵਹਿ ਰਿਹਾ ਹੈ!
******
ਔਖੇ ਸ਼ਬਦਾਂ ਦੇ ਅਰਥ: *1. ਅਸਕੀਮੋ – ਅਲਾਸਕਾ ਦੇ ਮੂਲ ਵਾਸੀ ਜੋ ਬਰਫ਼ ਦੇ ਘਰਾਂ ‘ਚ ਨਿਵਾਸ ਕਰਦੇ ਹਨ, 2 ਮੁੰਜਮਿਦ – ਜੰਮਿਆ ਹੋਇਆ, ਫਰੋਜ਼ਨ
No comments:
Post a Comment