ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, July 2, 2010

ਦਰਸ਼ਨ ਦਰਵੇਸ਼ - ਨਜ਼ਮ

ਬੁੱਢਾ ਦਰਿਆ

ਨਜ਼ਮ

ਜੀਹਦੇ ਕੰਢਿਆਂ ਨੂੰ ਕਾਫ਼ਿਲਾ

ਅਲਵਿਦਾ ਕਹਿ ਕੇ ਤੁਰ ਗਿਆ ਸੀ

ਤੂੰ ਅਜੇ ਵੀ

ਉਹਨਾਂ ਹੀ ਕੰਢਿਆਂ ਤੇ ਖੜ੍ਹਾ

ਪਿਘਲ਼ ਰਿਹੈਂ

...........

ਜੀਹਦੇ ਕੰਢਿਆਂ ਤੇ ਖੜ੍ਹ ਕੇ

ਕਾਫ਼ਿਲੇ ਨੇ

ਮਿਰਜ਼ੇ ਦੇ ਤੀਰਾਂ ਨੂੰ ਭੰਨਿਆ ਸੀ

ਚੀਣਾ ਚੀਣਾ ਹੋਏ ਤੀਰਾਂ ਨੂੰ

ਤੂੰ ਅਜੇ ਵੀ

ਉੱਥੇ ਹੀ ਬੈਠਾ ਚੁਗ ਰਿਹੈਂ

ਪਰ ਬੁੱਢਾ ਦਰਿਆ

ਉਦੋਂ ਤੋਂ ਤੇਰੇ ਸਾਹਵੇਂ

ਖ਼ਾਮੋਸ਼ ਵਧਦਾ ਜਾ ਰਿਹੈ

.............

ਉਸਦਾ ਇਤਿਹਾਸ ਦੱਸਦਾ ਹੈ:

ਜਦੋਂ ਕਦਮਾਂ ਚ ਉੱਗੀ

ਈਸਾ ਦੀ ਸਲੀਬ ਉੱਤੇ

ਉਹਦਾ ਨਾਂ ਖੁਣਿਆ ਗਿਆ ਸੀ

ਤਾਂ ਯਾਰ ਪਤਾ ਨਹੀਂ

ਕਿੰਨ੍ਹਾਂ ਕਮਰਿਆਂ ਚ ਜਾ ਲੁਕੇ ਸਨ

ਕਿ ਪੌਣਾਂ ਚ ਖੜ੍ਹੇ ਕੀਤੇ

ਸ਼ੀਸ਼ ਮਹਿਲ

ਇਕ ਇਕ ਕਰਕੇ

ਉਹਦੀਆਂ ਅੱਖਾਂ ਅੱਗੇ ਤਿੜਕੇ ਸਨ

.............

ਜਦੋਂ ਉਸਨੇ

ਤਲ਼ੀ ਤੇ ਸਿਰ ਧਰ ਕੇ

ਹਵਾ ਚ ਮੁੱਕਾ ਲਹਿਰਾਇਆ ਸੀ

ਤਾਂ ਯਾਰਾਂ ਦੀ ਨਿਗਾਹ

ਪਤਾ ਨਹੀਂ ਕਿਨ੍ਹਾਂ

ਬੋਲ਼ਿਆਂ ਖੂਹਾਂ ਚ ਡੁੱਬ ਗਈ ਸੀ

ਕਿ ਉਹਦੇ ਤਹਿ ਕੀਤੇ

ਸਾਰੇ ਬਨਵਾਸ ਨੂੰ

ਸਰਦ ਪੰਧ ਦੀ ਧੂੜ ਕਹਿ ਕੇ

ਦੁਰਕਾਰਨ ਲੱਗ ਪਏ ਸਨ

.................

ਸੰਘਣੀ ਆਬਾਦੀ ਦੇ

ਭੀੜ ਤੋਂ ਬਾਹਰ ਆ ਕੇ

ਮਾਂ ਤੋਂ ਅਸੀਸ ਲੈ ਕੇ

ਸਰਹੰਦ ਦੀ ਕੰਧ ਦੀਆਂ ਇੱਟਾਂ ਦਾ

ਖੁਰਦਾ ਰੰਗ

ਜਦ ਉਸਨੇ

ਆਪਣੇ ਮੱਥੇ ਨੂੰ ਲਾਇਆ ਸੀ

ਤਾਂ ਬਰਾਬਰ ਤੁਰਦੇ ਯਾਰ

ਸੜਕ ਤੋਂ ਪਤਾ ਨਹੀਂ

ਕਿੱਧਰ ਗ਼ਾਇਬ ਹੋ ਗਏ ਸਨ

ਕਿ ਜੰਗਲ਼ ਦੇ ਹਨੇਰੇ ਚ ਤੁਰਦੇ ਤੋਂ

ਉਸ ਤੋਂ ਹੀ ਆਪਣੀ ਆਮਦ

ਬਰਦਾਸ਼ਤ ਨਹੀਂ ਸੀ ਹੋਈ

ਅਤੇ ਉਹ

ਆਪਣੇ ਹੀ

ਗੁੰਮਨਾਮ ਇਤਿਹਾਸ ਦੀ

ਕ਼ਤਲਗਾਹ ਦੀ ਚੁੱਪ

ਹੌਲ਼ੇ ਜਿਹੇ ਸਰਕ ਗਿਆ ਸੀ

...........

ਹੁਣ ਬੁੱਢਾ ਦਰਿਆ

ਖ਼ਾਮੋਸ਼ ਵਗਦਾ ਜਾ ਰਿਹੈ

...............

ਬੀਤੇ ਬਨਵਾਸ ਦੇ

ਮਜ਼ਾਰਾਂ ਚ ਘੁੰਮਦਾ ਘੁੰਮਦਾ

ਆਪਣੇ ਹੀ ਹਾਰੇ ਚਿਹਰੇ ਦੇ

ਰੰਗ ਤੋਂ

ਤ੍ਰਹਿੰਦਾ ਤੇ

ਲਹਿਰਾਂ ਦੀ ਉਮਰ ਨੂੰ

ਖੰਜਰ ਚੁੱਕਣ ਨੂੰ ਤਾਂ ਕਹਿੰਦਾ ਹੈ

ਪਰ ਫਿਰ ਵੀ

ਅਗਲਾ ਅਧਿਆਏ ਦੱਸਣ ਤੋਂ ਪਹਿਲਾਂ

ਤੇਰੇ ਵਰਗਿਆਂ ਦੀ

ਛਾਂ ਤੇ ਦਸਤਖ਼ਤ ਕਰਕੇ

ਉੱਪਰ ਆਪ ਆ ਬਹਿੰਦਾ ਹੈ

.............

ਜੀਹਦੇ ਕੰਢਿਆਂ ਨੂੰ ਕਾਫ਼ਿਲਾ

ਅਲਵਿਦਾ ਕਹਿ ਕੇ ਤੁਰ ਗਿਆ ਸੀ...

3 comments:

सुभाष नीरव said...

वाह ! बहुत खूबसूरत कविता है दरवेश जी की ! बधाई !

Amrao said...

Tuhadian sarian nazma khoobsurat hundian han, jaldi feri paya kro..

Rajinderjeet said...

Khoobsurat hai babeo....