
ਮੇਰੇ ਟੁੱਟ ਜਾਣ ਦੀ ਏਨੀ ਹੀ ਵਿਥਿਆ ਸੀ।
ਤੇਰੇ ਹੰਝੂ ‘ਤੇ ਮੇਰਾ ਨਾਮ ਲਿਖਿਆ ਸੀ।
-----
ਅਜੇ ਤੀਕਰ ਸਮਾਂ ਵੀ ਭਰ ਨਹੀਂ ਸਕਿਆ,
ਜੋ ਮੇਰੀ ਧਰਤ ਉੱਤੇ ਜ਼ਖ਼ਮ ਰਿਸਿਆ ਸੀ।
-----
-----
ਇਹ ਕੁਝ ਸਾਹ ਪਾਉਣ ਲਈ, ਤੇਰੇ ਬਾਜ਼ਾਰਾਂ ਵਿੱਚ,
ਮੇਰਾ ਹਾਸਾ ਤਾਂ ਕੀ, ਹਉਕਾ ਵੀ ਵਿਕਿਆ ਸੀ।
-----
ਨਹੀਂ ਡਿਗਿਆ ਵਿਚਾਰਾਂ ਤੋਂ, ਭੁਲੇਖਾ ਹੈ,
ਇਹ ਮੇਰਾ ਜਿਸਮ ਹੀ ਧਰਤੀ ‘ਤੇ ਡਿੱਗਿਆ ਸੀ।
-----
ਸਿਧਾਰਥ ਬਣਨ ਦੀ ਲੋਚਾ ਮੈਂ ਕਿਉਂ ਕਰਦਾ,
ਮੇਰੇ ਕਾਸੇ ‘ਚ ਜਦ ਸ਼ਬਦਾਂ ਦੀ ਭਿੱਖਿਆ ਸੀ।
====
ਗ਼ਜ਼ਲ
ਏਦਾਂ ਲਹੂ ਹਰ ਵਾਰ ਹੀ ਸਫ਼ਿਆਂ ’ਤੇ ਉਤਰੇਗਾ।
ਗਾਥਾ ਜਦੋਂ ਕ਼ੁਰਬਾਨੀਆਂ ਦੀ ਵਕ਼ਤ ਉਕਰੇਗਾ।
-----
ਮੇਰੇ ਲਹੂ ਵਿੱਚ ਚਮਕਦੀ ਹੈ ਅਣਖ਼ ਹਰ ਵੇਲੇ,
ਹਰ ਜ਼ੁਲਮ ਦੇ ਨ੍ਹੇਰੇ ’ਚ ਇਸ ਦਾ ਅਕਸ ਉਭਰੇਗਾ।
-----
ਬਾਗੀ ਇਬਾਰਤ ਫਿਰ ਲਿਖੀ ਜਾਏਗੀ ਅੰਬਰ ’ਤੇ,
ਮੇਰਾ ਫ਼ਿਜ਼ਾ ਅੰਦਰ ਜਦੋਂ ਹਰ ਬੋਲ ਬਿਖਰੇਗਾ।
-----
ਹਰ ਵਾਰ ਬਾਅਦ ਆਊ ਚਮਕ ਤਲਵਾਰ ਤੇਰੀ ‘ਤੇ,
ਹਰ ਵਾਰ ਰੱਤ ਚੋਅ-ਚੋਅ ਕੇ, ਮੇਰਾ ਜ਼ਖ਼ਮ ਨਿਖਰੇਗਾ।
-----
ਝੁਕਣਾ ਨਹੀਂ ਇਸਨੇ, ਸਗੋਂ ਸੰਵਾਦ ਛਿੜਣਾ ਹੈ,
ਮੇਰੀ ਕਲਮ ਨੂੰ ਜਦ ਕਦੇ ਹਥਿਆਰ ਟੱਕਰੇਗਾ।
1 comment:
bahut khoobsoorat ghazalaan;doosri ghazal vich behr mixed use hoyii hai,jo ki chal jaanda hai
Post a Comment