
ਸਾਹਿਤਕ ਨਾਮ: ਸਤਿਨਾਮ ਸਿੰਘ ਕੋਮਲ
ਅਜੋਕਾ ਨਿਵਾਸ: ਲੁਧਿਆਣਾ, ਪੰਜਾਬ।
ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ ‘ਧੁੱਪ ਦੀ ਮੂਰਤ’ ਪ੍ਰਕਾਸ਼ਿਤ ਹੋ ਚੁੱਕਿਆ ਹੈ।
*****
-----
-----
ਗ਼ਜ਼ਲ
ਬਹੁਤੀ ਪਰਵਾਹ ਨਾ ਕਰਿਆ ਕਰ ਇਹ ਦਰਦ ਸਲਾਮਤ ਰਹਿਣਾ ਏਂ।
ਹਰ ਸ਼ਾਮੀਂ ਖੰਜਰ ਬਿਰਹੋਂ ਦਾ ਸੀਨੇ ਵਿਚ ਤੇਰੇ ਲਹਿਣਾ ਏਂ ।
-----
ਅਪਣੇ ਅਤੇ ਬਿਗਾਨੇ ਦਾ ਜੋ ਭਰਮ ਤੂੰ ਪਾਲ਼ੀ ਫਿਰਦਾ ਏਂ।
ਇਹ ਸੱਚ ਵੀ ਚਿੱਟੇ ਦਿਨ ਵਰਗਾ ਹੈ ਸਭ ਨੂੰ ਪੈਣਾ ਕਹਿਣਾ ਏਂ ।
-----
ਆਏ ਸਾਂ ਤਪਦੇ ਮਨ ਲੈ ਕੇ ਤੇ ਸਰਫੇ ਦਾ ਹੀ ਧਨ ਲੈ ਕੇ,
ਖ਼ਾਬਾਂ ਦਾ ਵੀ ਚੰਨ ਲੈ ਕੇ ਮੱਸਿਆ ਦੀ ਰਾਤੀਂ ਬਹਿਣਾ ਏਂ ।
-----
ਹੁਣ ਆਦੀ ਚੁੱਪ ਦੇ ਹੋ ਗਏ ਹਾਂ ਅਦਾਲਤ ਤਿਰੀ ਖਲੋ ਗਏ ਹਾਂ,
ਹੁਣ ਤੇਰਾ ਅਦਲ ਉਡੀਕਾਂਗੇ ਨਾ ਚਾਹੀਏ ਪੈਣਾ ਸਹਿਣਾ ਏਂ ।
-----
ਮੁਹਤਾਜੀ ਹੈ ਬੇਕਦਰਾਂ ਦੀ ਬੇਗਰਜਾਂ ਦੀ ਬੇਸਬਰਾਂ ਦੀ,
ਜਿੱਧਰ ਨੂੰ ਉਂਗਲਾਂ ਹੋਣਗੀਆਂ ਓਧਰ ਹੀ ਪੈਣਾ ਵਹਿਣਾ ਏਂ ।
-----
ਹੁਣ ਸਜ਼ਾ ਕੀ ਏਸ ਖ਼ਤਾ ਦੀ ਹੈ ਜਿੰਦ ਪਾਤਰ ਨਾ ਦਇਆ ਦੀ ਹੈ,
ਮਜਬੂਰੀ ਵਿਚ ਮਕਾਨਾਂ ਨੂੰ ਹੁਣ ਘਰ ਹੀ ਪੈਣਾ ਕਹਿਣਾ ਏਂ।
-----
ਇਹ ਬੰਨ੍ਹ ਪਾਣੀ ਦਰਿਆਵਾਂ ਦੇ ਹੁਣ ਨਹਿਰਾਂ ਦੇ ਵਿਚ ਪਾਵਾਂਗੇ,
ਇਹ ਧਰਤੀ ਸਾਨੂੰ ਜੀਰੇਗੀ ਕੀ ਪੱਥਰਾਂ ਸੰਗ ਸ਼ੀਸ਼ੇ ਖਹਿਣਾ ਏਂ ।
-----
ਦੁਆ ਵਸਲਾਂ ਦੀ ਨਾ ਕਰਿਆ ਕਰ ਐਂਵੇਂ ਨਾ ਝੁਰ ਝੁਰ ਮਰਿਆ ਕਰ,
ਜੀਣਾ ਹੀ ਪੈਣਾ ਇੰਞ ‘ਕੋਮਲ’ ਬਿਰਹਾ ਸ਼ਾਇਰੀ ਦਾ ਗਹਿਣਾ ਏਂ।
======
ਗ਼ਜ਼ਲ
ਕਦਰ ਦਾਨੋ ਕਦਰ ਕਰਨੀ ਸਿਖਾਵੋਗੇ ਕਦੋਂ ਤੀਕਰ?
ਇਹ ਸਾਥੋਂ ਦਰਦ ਕਾਗ਼ਜ਼ ਤੇ ਲਿਖਾਵੋਗੇ ਕਦੋਂ ਤੀਕਰ ?
-----
ਹੈ ਇਹਨਾਂ ਕਾਲੀਆਂ ਰਾਤਾਂ ਨੇ ਮੇਰਾ ਖਾ ਲਿਆ ਸੂਰਜ,
ਝਲਕ ਉਸ ਮੋਏ ਸੂਰਜ ਦੀ ਦਿਖਾਵੋਗੇ ਕਦੋਂ ਤੀਕਰ?
-----
ਇਕੱਲ ਦੀ ਕ਼ੈਦ ਵਿਚ ਤੜਪਾਂ ਮੁਹੱਬਤ ਦਾ ਜੁਰਮ ਕੀਤਾ,
ਜ਼ਮਾਨਤ ਕੌਣ ਦੇਵੇਗਾ ਛੁਡਾਵੋਗੇ ਕਦੋਂ ਤੀਕਰ?
-----
ਬਿਗਾਨੇ ਕਦ ਬਣਨ ਅਪਣੇ ਬਿਗਾਨੇ ਮੁਲਕ ਨਾ ਅਪਣੇ,
ਤੇ ਰਹਿ ਏਥੇ ਵਤਨ ਅਪਣਾ ਭੁਲਾਵੋਗੇ ਕਦੋਂ ਤੀਕਰ ?
-----
ਦਲੀਲਾਂ ਕੀ ਅਪੀਲਾਂ ਕੀ ਸੁਣੀ ਇਕ ਨਾ ਵਕੀਲਾਂ ਵੀ,
ਅਦਾਲਤ ਦਾ ਅਦਲ ਬਣਦਾ ਦਿਵਾਵੋਗੇ ਕਦੋਂ ਤੀਕਰ?
-----
ਸੰਭਾਲੀ ਦਿਲ ਹੈ ਇਕ ਹਸਰਤ ਨੇ ਦੀਦੇ ਦੀਦ ਦੇ ਭੁੱਖੇ,
ਘਰੋਂ ਆ ਮੁੜ ਗਏ ਸੱਜਣ ਮਿਲਾਵੋਗੇ ਕਦੋਂ ਤੀਕਰ ?
------
ਸਫ਼ਰ ਵਿਚ ਜ਼ਿੰਦਗੀ ਬੀਤੀ ਨਾ ਮੰਜ਼ਿਲ ਦਾ ਨਿਸ਼ਾਂ ਮਿਲਿਆ,
ਸਹੀ ਰਾਹਾਂ ਤੇ ਫੜ ਉਂਗਲ ਜੇ ਪਾਵੋਗੇ ਕਦੋਂ ਤੀਕਰ?
-----
ਸਿਵੇ ਦੀ ਲਾਟ ਹੈ ਕਹਿੰਦੀ ਬੜਾ ਹੈ ਬਖ਼ਸ਼ਿਆ ਤੈਨੂੰ,
ਜਸ਼ਨ ਬਸ ਆਖਰੀ ਹੋਣਾ ਮਨਾਵੋਗੇ ਕਦੋਂ ਤੀਕਰ ?
------
ਬੜਾ ਅਫ਼ਸੋਸ ‘ਕੋਮਲ’ ਨੂੰ ਨਾ ਮਿਲਦੇ ਜੇ ਨਾ ਗੱਲ ਕਰਦੇ,
ਦਵੋ ਤਾਰੀਖ਼ ਇੱਕ ਪੱਕੀ ਕਿ ਆਵੋਗੇ ਕਦੋਂ ਤੀਕਰ?
1 comment:
Komal Sahib,wah....
Post a Comment