
ਮੇਰੇ ਪ੍ਰਦੇਸੀਆ
ਵਤਨ ਤੇਰੇ ਦੇ ਵਿਚ
ਅੱਗ ਦਾ ਸਾਉਣ ਵਰ੍ਹੇ ।
-----
ਅੱਗ ਦੇ ਸਾਉਣ ਦੀ
ਝੜੀ ਵੇ ਕਸੁੱਤੀ ਲੱਗੀ
ਫ਼ਿਕਰਾਂ ਦੇ ਪਾਣੀ ਨੇ ਚੜ੍ਹੇ ।
----
ਚੋਅ ਨਾ ਜਾਏ ਕਿਤੇ ਮੇਰਾ
ਹੌਸਲੇ ਦਾ ਕੋਠਾ ਚੰਨਾ
ਦਿਲ ਮੇਰਾ ਬਹੁਤ ਹੀ ਡਰੇ ।
-----
ਐਤਕੀਂ ਦੇ ਸਾਉਣ ਨੇ
ਮੇਰੀਆਂ ਹਥੇਲੀਆਂ ‘ਤੇ
ਗ਼ਮਾਂ ਦੇ, ਧਰ ‘ਤੇ ਗੜੇ ।
-----
ਗੱਡਿਆ ਮੁਸਾਫ਼ਿਰਾਂ ਨੂੰ
ਸੋਚ ਦੇ ਬਨੇਰੇ ਉੱਤੇ
ਓੜ੍ਹ-ਪੋੜ੍ਹ ਕਈ ਮੈਂ ਕਰੇ ।
-----
ਮੈਂ ਵੇ ਅਭਾਗੜੀ ਦੇ
ਹੰਝੂਆਂ ਦੀ ਢਾਬ ਵਿਚ
ਸ਼ੌਕ ਸਾਰੇ ਡੁੱਬ ਕੇ ਮਰੇ ।
-----
ਭਾਵੇਂ ਇੱਥੇ ਸਾਉਣ ਵੇ
ਅੱਗ ਦਾ ਹੀ ਵਰ੍ਹਦੇ
ਸਾਂਝਾਂ ਵਾਲਾ ਰੁੱਖ ਤਾਂ ਹਰੇ ।
No comments:
Post a Comment