ਹੈ ਤਾਂ ਰੱਸੀ, ਪਰ ਰੱਸੀ ਦਾ ਸੱਪ ਬਣਾਈ ਜਾਂਦੇ ਨੇ।
ਚਾਰ ਕੁ ਬੰਦੇ ਚਾਰੇ ਪਾਸੇ ਖ਼ੌਫ਼ ਫੈਲਾਈ ਜਾਂਦੇ ਨੇ।
-----
ਉਹ ਪੱਥਰ ਦੀ ਹਉਮੈ ਦਾ ਹੁਣ,ਏਦਾਂ ਭਾਰ ਉਠਾਉਂਦੇ ਹਨ,
ਸ਼ੀਸ਼ੇ ਨੂੰ ਤਿੜਕਣ ਦੇ ਹੀ ਡਰ ਨਾਲ ਡਰਾਈ ਜਾਂਦੇ ਨੇ।
-----
ਰੁੱਖ,ਆਲ੍ਹਣੇ ਅਤੇ ਪਰਿੰਦੇ, ਸੜਕੇ ਹੋ ਗਏ ਰਾਖ਼ ਮਗਰ,
ਵੇਖੋ ਬਾਗ਼ ਦੇ ਮਾਲੀ ਫਿਰ ਵੀ, ਜਸ਼ਨ ਮਨਾਈ ਜਾਂਦੇ ਨੇ।
-----
ਕੁਝ ਲੋਕਾਂ ਨੂੰ ਸੂਰਜ ਦਾ ਹੋਣਾ ਵੀ ਲਗਦੈ ਨਾ-ਮਾਤਰ,
ਪਰ ਕੁਝ, ਜੁਗਨੂੰ ਦੀ ਲੋਅ ਤੋਂ ਵੀ ਰਾਹ ਰੁਸ਼ਨਾਈ ਜਾਂਦੇ ਨੇ।
-----
ਇਕ-ਇਕ ਫੁੱਲ, ਕਲੀ, ਪੱਤੀ ਨੂੰ, ਨਹੀਂ ਮਨਾਹੀ ਤੋੜਨ ਦੀ,
ਬਾਗ਼ ਬਚਾਉਣ ਦਾ ਮਾਲੀ ਫਿਰ ਵੀ, ਢੌਂਗ ਰਚਾਈ ਜਾਂਦੇ ਨੇ।
-----
ਬੰਸਰੀਆਂ ਦੇ ਨਾਂ ‘ਤੇ ਨਿਤ ਭਰਮਾ ਕੇ ਬਾਂਸ ਦੇ ਰੁੱਖਾਂ ਨੂੰ,
ਸ਼ਾਤਰ ਲੋਕੀ ਦਸਤੇ, ਤੀਰ-ਕਮਾਨ ਬਣਾਈ ਜਾਂਦੇ ਨੇ।
-----
ਉਡ ਕੇ ਆਲ੍ਹਣਿਆਂ ਚੋਂ ਪੰਛੀ, ਕਿੱਧਰ ਜਾਣ ਹਨੇਰੇ ਵਿਚ,
ਰੁੱਖਾਂ ਕੋਲ ਖੇਡਦੇ ਬੱਚੇ, ਅੱਗ ਮਚਾਈ ਜਾਂਦੇ ਨੇ।
-----
ਕਿੰਨੀ ਆਜ਼ਾਦੀ ਹਾਸਿਲ ਹੈ, ਪਿੰਜਰੇ ਵਿਚ ਪਰਿੰਦੇ ਨੂੰ,
ਜਾਨ ਗਵਾਉਣ ਤੋਂ ਪਹਿਲਾਂ ਰੱਜਵਾਂ ਚੋਗਾ ਖਾਈ ਜਾਂਦੇ ਨੇ।
-----
ਅਜਕਲ੍ਹ ਕਿੰਨੀ ਆਲ੍ਹਣਿਆਂ ਦੀ ਚਿੰਤਾ ਕਰਦੇ ਨੇ ਮਾਲੀ,
ਟਾਹਣੀ-ਟਾਹਣੀ ਉੱਤੇ ਸ਼ਿਕਰੇ, ਬਾਜ਼ ਬਿਠਾਈ ਜਾਂਦੇ ਨੇ।
1 comment:
ਬਹੁਤ ਕਮਾਲ ਦੀ ਗ਼ਜ਼ਲ ਹੈ ਦਾਦਰ ਸਾਹਿਬ। ਬਹੁਤ ਹੀ ਵਧੀਆ।
ਤਨਦੀਪ, ਆਰਸੀ ਦਾ ਵੀ ਧੰਨਵਾਦ।
Post a Comment