ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, August 4, 2010

ਕ੍ਰਿਸ਼ਨ ਭਨੋਟ - ਗ਼ਜ਼ਲ

ਗ਼ਜ਼ਲ

ਜਿਊਣ ਦਾ ਚਾਅ ਮਘ ਰਿਹੈ, ਠਰਿਆ ਨਹੀਂ।

ਇੱਕ ਵੀ ਸੁਪਨਾ ਮਿਰਾ ਮਰਿਆ ਨਹੀਂ।

-----

ਹਾਰ ਮੈਨੂੰ ਕੀ ਹਰਾਏਗੀ ਭਲਾ,

ਹਾਰਿਆ ਜਿਸਨੇ ਨ ਦਿਲ, ਹਰਿਆ ਨਹੀਂ।

-----

ਉਹ ਕਰੂ ਮਹਿਸੂਸ ਇਸਦਾ ਬੋਝ ਕੀ,

ਕਾਲਜੇ ਪੱਥਰ, ਜਿਨ੍ਹੇ ਧਰਿਆ ਨਹੀਂ।

-----

ਸੱਪ ਜਿਹੜਾ ਕੱਢਣੈਂ ਤੂੰ ਕੱਢ ਲੈ,

ਦੁੱਖ ਕਿਹੜਾ ਜੋ ਅਸੀਂ ਜਰਿਆ ਨਹੀਂ।

-----

ਸਾਰਨਾ ਪੈਂਦਾ ਹੀ ਹੈ, ਪਰਵਾਸ ਵਿਚ,

ਜਿਸ ਬਿਨਾਂ ਪਲ ਵੀ ਕਦੇ ਸਰਿਆ ਨਹੀਂ।

-----

ਰੋਕ ਅਪਣੇ ਅੱਥਰੂ, ਦਿਲ ਡੁੱਬਦੈ,

ਕੌਣ ਕਹਿੰਦੈ ਅੱਥਰੂ ਦਰਿਆ ਨਹੀਂ?

-----

ਰਹਿ ਗਈ ਕਿੰਨੀ, ਗਈ ਕਿੰਨੀ ਵਿਹਾ,

ਦਿਲ ਚ ਸੰਸਾ ਏਸਦਾ ਕਰਿਆ ਨਹੀਂ।

-----

ਵਿਛੜਨਾ ਪੈਣਾ ਹੈ, ਜਾਣੈਂ ਜੌਬ ਤੇ,

ਦਿਲ ਤਾਂ ਮਰ ਜਾਣਾ ਕਦੇ ਭਰਿਆ ਨਹੀਂ।

-----

ਦੁੱਖ ਦੇ ਕੱਟੇ ਨੇ ਤੂੰ ਕਿੰਨੇ ਪਹਾੜ,

ਕਿਸ਼ਨ ਤੇਰਾ ਹੌਸਲਾ ਹਰਿਆ ਨਹੀਂ।


No comments: